ਪਾਵਰਕਾਮ ਨੇ ਗਲੀਆਂ ''ਚ ਲਗਾਏ ਮੌਤ ਦੇ ਕੁਨੈਕਸ਼ਨ

07/20/2017 6:38:37 AM

ਜਲੰਧਰ(ਸ਼ਾਹ)—ਵਾਰਡ ਨੰਬਰ 6 ਵਿਚ ਪੈਂਦੇ ਮੁਹੱਲਾ ਸੰਤੋਖਪੁਰਾ ਵਿਚ ਪਾਵਰਕਾਮ ਨੇ ਗਲੀਆਂ ਵਿਚ ਮੌਤ ਦੇ ਕੁਨੈਕਸ਼ਨ ਲਗਾ ਰੱਖੇ ਹਨ, ਜਿਸ ਕਾਰਨ ਮੁਹੱਲੇ ਵਿਚ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਅਤੇ ਕਿਸੇ ਦੀ ਜਾਨ ਜਾ ਸਕਦੀ ਹੈ। ਪਾਵਰ ਨਿਗਮ ਦੇ ਅਧਿਕਾਰੀਆਂ ਨੂੰ ਮੁਹੱਲੇ ਦੇ ਲੋਕਾਂ ਨੇ ਕਈ ਵਾਰ ਇਸ ਸੰਬੰਧੀ ਸ਼ਿਕਾਇਤ ਵੀ ਕੀਤੀ ਪਰ ਉਨ੍ਹਾਂ 'ਤੇ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਸ਼ਾਇਦ ਉਨ੍ਹਾਂ ਨੂੰ ਕਿਸੇ ਦੀ ਜਾਨ ਜਾਣ ਦਾ ਇੰਤਜ਼ਾਰ ਹੈ। ਉਸ ਤੋਂ ਬਾਅਦ ਹੀ ਵਿਭਾਗ ਹਰਕਤ ਵਿਚ ਆਵੇਗਾ।  ਪਾਵਰਕਾਮ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਾਂ ਪਰ ਕੋਈ ਸੁਣਦਾ ਹੀ ਨਹੀਂ : ਕੌਂਸਲਰਪਤੀ : ਜਦੋਂ ਇਸ ਸੰਬੰਧ ਵਿਚ ਵਾਰਡ ਦੀ ਕੌਂਸਲਰ ਰੀਨਾ ਕੌਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਪਤੀ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਉਹ ਇਸ ਸੰਬੰਧੀ ਪਾਵਰਕਾਮ ਦੇ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ ਪਰ ਪਾਵਰਕਾਮ ਦੇ ਅਧਿਕਾਰੀ ਹਨ ਕਿ ਸੁਣਦੇ ਹੀ ਨਹੀਂ। ਉਨ੍ਹਾਂ ਦੱਸਿਆ ਕਿ ਉਹ ਦੁਬਾਰਾ ਅਧਿਕਾਰੀਆਂ ਨਾਲ ਗੱਲ ਕਰਕੇ ਜਲਦੀ ਹੀ ਇਸ ਸਮੱਸਿਆ ਦਾ ਹੱਲ  ਕਰਵਾ ਦੇਣਗੇ ਤਾਂ ਕਿ ਕੋਈ ਅਣਹੋਣੀ ਘਟਨਾ ਵਾਪਰਨ ਤੋਂ ਰੋਕੀ ਜਾ ਸਕੇ। ਲੋਕ ਪੋਲ ਹੀ ਨਹੀਂ ਲਗਾਉਣ ਦਿੰਦੇ ਤਾਂ ਅਸੀਂ ਕੀ ਕਰੀਏ : ਐੱਸ. ਡੀ. ਓ. : ਜਦੋਂ ਇਸ ਸੰਬੰਧ ਵਿਚ ਪਾਵਰਕਾਮ ਦੇ ਐੱਸ. ਡੀ. ਓ. ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਗਲੀ ਵਿਚ ਪੋਲ ਲਗਾ ਕੇ ਹੀ ਕੀਤਾ ਜਾ ਸਕਦਾ ਹੈ ਪਰ ਮੁਹੱਲੇ ਦੇ ਲੋਕ ਹਨ ਕਿ ਉਹ ਆਪਣੇ ਘਰ ਦੇ ਅੱਗੇ ਪੋਲ ਲਗਾਉਣ ਹੀ ਨਹੀਂ ਦਿੰਦੇ ਤਾਂ ਇਸ ਹਾਲਤ ਵਿਚ ਕੀ ਕਰ ਸਕਦੇ ਹਾਂ। ਜੇਕਰ ਪੋਲ ਲਗਾਉਣ ਦੀ ਥਾਂ ਮਿਲ ਜਾਵੇ ਤਾਂ ਉਹ ਤੁਰੰਤ ਇਸ ਸਮੱਸਿਆ ਦਾ ਹੱਲ ਕਰਵਾ ਦੇਣਗੇ।