ਸਾਹਨੇਵਾਲ, ਖੰਨਾ ਅਤੇ ਗੋਬਿੰਦਗੜ੍ਹ ’ਚ ਬਿਜਲੀ ਚੋਰੀ ਦੇ ਮਾਮਲਿਆਂ ’ਚ 9 ਲੱਖ 60 ਹਜ਼ਾਰ ਰੁਪਏ ਦਾ ਜੁਰਮਾਨਾ

05/28/2022 5:22:10 PM

ਲੁਧਿਆਣਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ) ਦੇ ਇਨਫੋਰਸਮੈਂਟ ਵਿੰਗ ਨੇ ਸਬ ਡਵੀਜ਼ਨ ਸਾਹਨੇਵਾਲ ’ਚ 27 ਮਈ ਨੂੰ ਵੱਡੇ ਪੱਧਰ ’ਤੇ ਕੀਤੀ ਗਈ ਛਾਪਾਮਾਰੀ ਦੌਰਾਨ ਬਿਜਲੀ ਚੋਰੀ ਅਤੇ ਬਿਜਲੀ ਦੀ ਦੁਰਵਰਤੋਂ (UUE) ਦੇ 20 ਮਾਮਲਿਆਂ ਵਿਚ 9 ਲੱਖ 60 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲਿਆ ਹੈ। ਪੀ. ਐੱਸ. ਪੀ. ਸੀ. ਐੱਲ. ਦੇ ਬੁਲਾਰੇ ਮੁਤਾਬਕ ਕੁਨੈਕਸ਼ਨਾਂ ਦੀ ਜਾਂਚ ਲਈ ਛੇ ਟੀਮਾਂ ਦਾ ਗਠਨ ਕੀਤਾ ਗਿਆ ਸੀ। ਛਾਪਾਮਾਰੀ ਦੌਰਾਨ ਟੀਮਾਂ ਵੱਲੋਂ 150 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਵਿਚੋਂ ਸਾਹਨੇਵਾਲ, ਖੰਨਾ ਅਤੇ ਗੋਬਿੰਦਗੜ੍ਹ ਇਲਾਕਿਆਂ ਵਿਚ ਕੁੱਲ 20 ਮਾਮਲੇ ਸਿੱਧੀ ਚੋਰੀ ਅਤੇ UUE ਦੇ ਪਾਏ ਗਏ। ਟੀਮਾਂ ਵੱਲੋਂ ਬਿਜਲੀ ਚੋਰੀ ਲਈ 9 ਲੱਖ ਰੁਪਏ ਅਤੇ UUE ਲਈ 60 ਹਜ਼ਾਰ ਦਾ ਜੁਰਮਾਨਾ ਵਸੂਲਿਆ ਗਿਆ ਹੈ।

ਪੰਜਾਬ ਦੇ ਬਿਜਲੀ ਮੰਤਰੀ ਹਰਪਾਲ ਸਿੰਘ ਈ. ਟੀ. ਓ. ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸਰਕਾਰ ਸੂਬੇ ਅੰਦਰ ਬਿਜਲੀ ਚੋਰੀ ਨੂੰ ਰੋਕਣ ਲਈ ਵਚਨਬੱਧ ਹੈ ਅਤੇ ਮੁੱਖ ਮੰਤਰੀ ਵੱਲੋਂ ਪੀ. ਐੱਸ. ਪੀ. ਸੀ. ਐੱਲ. ਅਥਾਰਿਟੀਜ਼ ਨੂੰ ਸੂਬੇ ਅੰਦਰ ਬਿਜਲੀ ਚੋਰੀ ਨੂੰ ਰੋਕਣ ਲਈ ਨਾਜਾਇਜ਼ ਕੁਨੈਕਸ਼ਨ ਚਲਾਉਣ ਵਾਲੇ ਖਪਤਕਾਰਾਂ ਖ਼ਿਲਾਫ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ। ਬਿਜਲੀ ਮੰਤਰੀ ਨੇ ਕਿਹਾ ਕਿ ਇਨਫੋਰਸਮੈਂਟ ਵਿੰਗ ਦੀਆਂ ਟੀਮਾਂ ਪੀ. ਐੱਸ. ਪੀ. ਸੀ. ਐੱਲ. ਦੇ ਸਾਰੇ ਜ਼ੋਨਾਂ ਵਿਚ ਰੈਗੂਲਰ ਜਾਂਚ ਕਰ ਰਹੀਆਂ ਹਨ ਅਤੇ ਕੁੰਡੀ ਕੁਨੈਕਸ਼ਨਾਂ ਜਾਂ ਨਾਜਾਇਜ਼ ਤਰੀਕੇ ਨਾਲ ਬਿਜਲੀ ਵਰਤਦੇ ਹੋਏ ਬਿਜਲੀ ਚੋਰੀ ਕਰਨ ਵਾਲੇ ਖ਼ਪਤਕਾਰਾਂ ਤੇ ਜੁਰਮਾਨੇ ਲਗਾ ਰਹੀਆਂ ਹਨ।

ਪੀ. ਐੱਸ. ਪੀ. ਸੀ. ਐੱਲ. ਦੇ ਬੁਲਾਰੇ ਨੇ ਸਾਰੇ ਮਾਨਯੋਗ ਖਪਤਕਾਰਾਂ ਨੂੰ ਬਿਜਲੀ ਚੋਰੀ ਦੇ ਗ਼ਲਤ ਕੰਮ ਨੂੰ ਰੋਕਣ ਲਈ ਅਥਾਰਿਟੀਜ਼ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਬਿਜਲੀ ਚੋਰੀ ਖ਼ਿਲਾਫ਼ ਮੁਹਿੰਮ ਵਿਚ ਯੋਗਦਾਨ ਪਾਉਂਦੇ ਹੋਏ ਖਪਤਕਾਰ ਵਟਸਐਪ ਨੰਬਰ 96461-75770 ਤੇ ਬਿਜਲੀ ਚੋਰੀ ਸਬੰਧੀ ਜਾਣਕਾਰੀ ਦੇ ਸਕਦੇ ਹਨ। ਪੀ. ਐੱਸ. ਪੀ. ਸੀ. ਐੱਲ. ਨੇ ਆਪਣੇ ਖਪਤਕਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਪਛਾਣ ਉਜਾਗਰ ਨਹੀਂ ਕੀਤੀ ਜਾਏਗੀ।

Gurminder Singh

This news is Content Editor Gurminder Singh