ਪਾਵਰਕਾਮ ਨੇ ਖਪਤਕਾਰ ਨੂੰ ਠੋਕਿਆ 2.96 ਲੱਖ ਰੁਪਏ ਦਾ ਜੁਰਮਾਨਾ

11/08/2019 6:20:24 PM

ਭਵਾਨੀਗੜ੍ਹ,(ਵਿਕਾਸ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐਸ. ਪੀ. ਸੀ. ਐਲ.) ਦੀ ਇਕ ਟੀਮ ਨੇ ਇਥੇ ਸਮਾਣਾ ਰੋਡ 'ਤੇ ਸਥਿਤ ਇਕ ਪੈਟਰੋਲ ਪੰਪ 'ਤੇ ਛਾਪੇਮਾਰੀ ਕੀਤੀ। ਜਿਸ ਦੌਰਾਨ ਉੱਥੇ ਹੋ ਰਹੀ ਬਿਜਲੀ ਦੀ ਚੋਰੀ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਗਿਆ, ਜਿਸ ਦੀ ਪੁਸ਼ਟੀ ਮੁਨੀਸ਼ ਜਿੰਦਲ ਐਕਸੀਅਨ ਦਿੜ੍ਹਬਾ ਵੱਲੋਂ ਕੀਤੀ ਗਈ ਹੈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਵਿਭਾਗ ਦੀ ਇਕ ਟੀਮ ਜਿਸ 'ਚ ਉਨ੍ਹਾਂ ਸਮੇਤ ਰਘਵੀਰ ਸਿੰਘ ਜੇ. ਈ, ਸੁਖਵਿੰਦਰ ਸਿੰਘ ਜੇ. ਈ. ਆਦਿ ਸਮੇਤ ਹੋਰ ਮੁਲਾਜ਼ਮ ਸ਼ਾਮਲ ਸਨ। ਉਨ੍ਹਾਂ ਨੇ ਭਵਾਨੀਗੜ-ਸਮਾਣਾ ਮੁੱਖ ਸੜਕ 'ਤੇ ਸਥਿਤ ਇੱਕ ਪੈਟਰੋਲ ਪੰਪ 'ਤੇ 3- ਫੇਜ਼ ਬਿਜਲੀ ਦੇ ਮੀਟਰ ਕੁਨੈਕਸ਼ਨ ਦੀ ਚੈਕਿੰਗ ਕੀਤੀ ਤਾਂ ਸਾਹਮਣੇ ਆਇਆ ਕਿ ਮੀਟਰ ਦੇ 3- ਫੇਜ਼ 'ਚੋਂ ਇਕ ਫੇਜ਼ ਨੂੰ ਡਾਇਰੈਕਟ ਕੀਤਾ ਹੋਇਆ ਸੀ ਤੇ ਦੋ ਫੇਜ਼ਾਂ 'ਤੇ ਲੋਡ ਨਹੀਂ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਖਪਤਕਾਰ ਦਾ ਪਿਛਲੇ ਮਹੀਨਿਆਂ ਦਾ ਡਾਟਾ ਦੇਖਿਆ ਗਿਆ ਸੀ, ਜੋ ਮੀਟਰ ਦੇ ਲੋਡ ਮੁਤਾਬਕ ਬਿਜਲੀ ਦੀ ਖਪਤ ਬਹੁੱਤ ਹੀ ਘੱਟ ਕਰ ਰਿਹਾ ਸੀ, ਜਿਸ ਦੇ ਚਲਦਿਆਂ ਸ਼ੱਕ ਦੇ ਆਧਾਰ 'ਤੇ ਵਿਭਾਗ ਵੱਲੋਂ ਇਹ ਛਾਪੇਮਾਰੀ ਕੀਤੀ ਗਈ। ਐਕਸੀਅਨ ਜਿੰਦਲ ਨੇ ਦੱਸਿਆ ਕਿ ਬਿਜਲੀ ਚੋਰੀ ਦੇ ਇਸ ਮਾਮਲੇ 'ਚ ਵਿਭਾਗ ਵੱਲੋਂ ਖਪਤਕਾਰ ਨੂੰ 2 ਲੱਖ 96 ਹਜ਼ਾਰ ਰੁਪਏ ਦਾ ਜੁਰਮਾਨਾ ਕਰ ਦਿੱਤਾ ਗਿਆ ਹੈ।