ਬਿਜਲੀ ਮੁਲਾਜ਼ਮ ਨੂੰ ਘਰ ਵਾਪਸ ਜਾਂਦੇ ਸਮੇਂ ਟਰੱਕ ਨੇ ਮਾਰੀ ਫੇਟ, ਮੌਕੇ ''ਤੇ ਹੋਈ ਮੌਤ

03/27/2018 6:30:32 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਇਥੋਂ ਦੇ ਸਥਾਨਕ ਪਤਾਲਪੁਰੀ ਸਾਹਿਬ ਚੌਕ ਵਿਖੇ ਮੰਗਲਵਾਰ ਸ਼ਾਮ ਨੂੰ ਇਕ ਟਰੱਕ ਵੱਲੋਂ ਮੋਟਰਸਾਈਕਲ ਨੂੰ ਫੇਟ ਮਾਰਨ ਕਾਰਨ ਉਸ ਦੇ ਚਾਲਕ ਦੀ ਸੜਕ 'ਤੇ ਡਿੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ. ਐੱਸ. ਆਈ. ਜੀਤ ਰਾਮ ਨੇ ਦੱਸਿਆ ਕਿ ਹਰਨੇਕ ਸਿੰਘ (50) ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਝੱਲੀਆਂ ਥਾਣਾ ਸਿੰਘ ਭਗਵੰਤਪੁਰ ਜ਼ਿਲਾ ਰੂਪਨਗਰ, ਜੋ ਬਿਜਲੀ ਮਹਿਕਮੇ 'ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਮਚਾਰੀ ਸੀ, ਉਹ ਆਪਣੀ ਡਿਊਟੀ ਪੁਰੀ ਕਰਕੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਆਪਣੇ ਘਰ ਝੱਲੀਆਂ ਨੂੰ ਜਾ ਰਿਹਾ ਸੀ। ਜਦੋਂ ਉਹ ਸ੍ਰੀ ਕੀਰਤਪੁਰ ਸਾਹਿਬ ਪਤਾਲਪੁਰੀ ਸਾਹਿਬ ਚੌਂਕ ਨਜ਼ਦੀਕ ਪੁੱਜਾ ਤਾਂ ਇਕ ਟਰੱਕ ਨੰਬਰ ਐੱਚ. ਪੀ. 24 ਡੀ 5419 ਜੋ ਬਰਮਾਣਾ(ਹਿ.ਪ੍ਰ) ਤੋਂ ਸੀਮੈਂਟ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਵੱਲ ਆ ਰਿਹਾ ਸੀ, ਉਸ ਨੇ ਚੌਕ ਵੱਲ ਮੁੜਨ ਲੱਗੇ ਨੇ ਮੋਟਰਸਾਈਕਲ ਸਵਾਰ ਨੂੰ ਫੇਟ ਮਾਰ ਦਿੱਤੀ। ਜਿਸ ਕਾਰਨ ਹਰਨੇਕ ਸਿੰਘ ਮੋਟਰਸਾਈਕਲ ਤੋਂ ਸੜਕ 'ਤੇ ਡਿੱਗ ਪਿਆ। ਉਸ ਦੇ ਸਿਰ 'ਚ ਗੰਭੀਰ ਸੱਟ ਲੱਗੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਟਰੱਕ ਡਰਾਈਵਰ ਮੌਕੇ 'ਤੇ ਟਰੱਕ ਨੂੰ ਛੱਡ ਕੇ ਭੱਜ ਗਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਰਖਵਾ ਦਿਤਾ ਹੈ ਅਤੇ ਟਰੱਕ ਨੂੰ ਆਪਣੇ ਕਬਜ਼ੇ 'ਚ ਲੈ ਕੇ ਉਸ ਦੇ ਨਾ-ਮਾਲੂਮ ਚਾਲਕ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।