ਕਿਸਾਨਾਂ ਨੂੰ ਨਹੀਂ ਮਿਲ ਰਹੇ ਸਡ਼ੇ ਹੋਏ ਟਰਾਂਸਫਾਰਮਰ

07/18/2018 6:40:08 AM

ਭਿੱਖੀਵਿੰਡ, ਖਾਲਡ਼ਾ,   (ਅਮਨ, ਸੁਖਚੈਨ)-  ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਨਾਲ-ਨਾਲ ਖੇਤੀ ਸੈਕਟਰ ਦੇ ਸਡ਼ਨ ਵਾਲੇ ਟਰਾਂਸਫਾਰਮਰ 24 ਘੰਟਿਅਾਂ ਦੇ ਅੰਦਰ-ਅੰਦਰ ਬਦਲਣ ਦੇ ਦਿੱਤੇ ਨਿਰਦੇਸ਼ਾਂ ਦੇ ਉਲਟ ਕਿਸਾਨਾਂ ਨੂੰ 63 ਕੇ. ਵੀ. ਦੇ ਟਰਾਂਸਫਾਰਮਰ ਨੰਬਰ ਲੱਗ ਕੇ ਕਈ-ਕਈ ਦਿਨਾਂ ਬਾਅਦ ਮਿਲ ਰਹੇ ਹਨ। ਇਸ ਨਾਲ ਜਿੱਥੇ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਤਾਂ ਨੁਕਸਾਨ ਹੁੰਦਾ ਹੀ ਹੈ, ਉਥੇ ਮਹਿਕਮਾ ਪਾਵਰਕਾਮ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਅਤੇ ਕਿਸਾਨ ਆਪਣੀ ਕਿਸਮਤ ਨੂੰ ਕੋਸ ਰਿਹਾ ਹੈ। 
ਅੱਜ ‘ਜਗ ਬਾਣੀ’ ਟੀਮ ਵੱਲੋਂ ਜਦ ਵੱਖ-ਵੱਖ ਕਿਸਾਨਾਂ ਨਾਲ ਗੱਲਬਾਤ ਕੀਤੀ  ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਕਈ ਕਿਸਾਨ,  ਜਿਨ੍ਹਾਂ ਦੇ ਟਰਾਂਸਫਾਰਮਰ ਸਡ਼ੇ ਹਨ। ਉਨ੍ਹਾਂ ਨੂੰ ਪਹਿਲਾਂ ਤਾਂ ਟਰਾਂਸਫਾਰਮਰ ਜਮ੍ਹਾ ਕਰਵਾਉਣ ਲਈ ਗੱਡੀ ਦਾ ਕਿਰਾਇਆ ਭਰਨਾ ਪੈਂਦਾ ਹੈ। ਫਿਰ ਲੈਣ ਵੀ ਜਾਣਾ ਪੈਂਦਾ ਹੈ। ਇਸ ਕਰ ਕੇ ਕਿਸਾਨ ਨੂੰ ਦੋਹਰੀ ਮਾਰ ਪੈ ਰਹੀ ਹੈ ਅਤੇ ਫਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਵੀ ਹੋ ਰਿਹਾ ਹੈ ਅਤੇ ਮਹਿਕਮੇ ਦਾ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਗੱਲ ਸੁਣਨ ਲਈ ਤਿਆਰ ਨਹੀਂ ਹੈ।
ਇਸ ਸਬੰਧੀ ਜਦ ਸਟੋਰ ਦੇ ਐੱਸ. ਡੀ. ਓ. ਪਵਨ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜਿਹਡ਼ੇ ਸਡ਼ੇ ਟਰਾਂਸਫਾਰਮਰ ਸਾਡੇ ਕੋਲ ਸ਼ਨੀਵਾਰ ਤੱਕ ਜਮ੍ਹਾ ਹੋਏ ਸਨ, ਉਹ ਕੱਲ ਤੱਕ ਅਸੀਂ ਦੇ ਦਿੱਤੇ ਹਨ ਅਤੇ ਬਾਕੀ ਨੰਬਰਵਾਰ ਅੱਜ ਆਉਣ ’ਤੇ ਦਿੱਤੇ ਜਾਣਗੇ।