ਪਿੱਛਲੇ ਤਿੰਨ ਦਿਨਾਂ ਤੋਂ ਬਿਜਲੀ ਸਪਲਾਈ ਠੱਪ

06/26/2017 1:20:28 AM

ਜ਼ੀਰਾ, (ਕੰਡਿਆਲ)—  ਸ਼ਹਿਰ ਦੇ ਝਤਰਾ ਰੋਡ ਦੇ ਘੋੜ-ਘਰ ਲੋਕਾਂ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਸਪਲਾਈ ਠੱਪ ਹੋਣ ਕਾਰਨ ਜ਼ੀਰਾ-ਮੋਗਾ ਰੋਡ 'ਤੇ ਬਿਜਲੀ ਬੋਰਡ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਰੋਸ ਧਰਨਾ ਲਾਇਆ ਗਿਆ ਅਤੇ ਪਾਵਰਕਾਮ ਅਧਿਕਾਰੀਆਂ ਤੇ ਕਰਚਾਰੀਆਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਧਰਨਾਕਾਰੀ ਲੋਕਾਂ ਨੇ ਇੱਥੋਂ ਲੰਘ ਰਹੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਦੱਸਿਆ ਕਿ ਬੀਤੇ 3 ਦਿਨਾਂ ਤੋਂ ਉਨ੍ਹਾਂ ਦੇ ਮੁਹੱਲੇ ਦੀ ਬਿਜਲੀ ਸਪਲਾਈ ਠੱਪ ਹੋਣ ਕਾਰਨ ਲੋਕਾਂ ਵਿਚ ਰੋਸ ਹੈ ਅਤੇ ਅੱਤ ਦੀ ਪੈ ਰਹੀ ਗਰਮੀ ਵਿਚ ਲੋਕ ਪੀਣ ਯੋਗ ਪਾਣੀ ਨੂੰ ਵੀ ਤਰਸ ਗਏ ਹਨ। ਇਸ ਦੌਰਾਨ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਬਿਜਲੀ ਸਪਲਾਈ ਦਾ ਜਲਦ ਹੱਲ ਕਰਵਾ ਦਿੱਤਾ ਜਾਵੇਗਾ। ਇਸ ਸਬੰਧੀ ਜਦ ਐਕਸੀਅਨ ਪਾਵਰਕਾਮ ਅਮਰਜੀਤ ਸਿੰਘ ਨਾਲ  ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮੁਹੱਲੇ ਵਿਚ ਕੋਈ ਤਕਨੀਕੀ ਖ਼ਰਾਬੀ ਹੈ ਅਤੇ ਕਰਮਚਾਰੀ ਇਲਾਕੇ ਦੀ ਬਿਜਲੀ ਸਪਲਾਈ ਠੀਕ ਕਰਨ ਵਿਚ ਲੱਗੇ ਹੋਏ ਹਨ।  ਇਸ ਮੌਕੇ ਗੁਰਦਾਸ ਸ਼ਰਮਾ, ਰਜਿੰਦਰ ਸ਼ਰਮਾ, ਕੁਲਬੀਰ ਸ਼ਰਮਾ, ਗੋਲਡੀ ਸ਼ਰਮਾ, ਡਾ. ਰਾਜ ਕੁਮਾਰ, ਜਗਦੀਸ਼ ਲਾਲ ਕੁੱਕੀ, ਬੱਬਲ ਭੁੱਲਰ, ਬਲਵੰਤ ਰਾਏ ਸ਼ਰਮਾ, ਸ਼ੀਰਾ ਬਾਵਾ, ਮਹਿਲ ਸਿੰਘ, ਪਿੱਪਲ ਸਿੰਘ , ਗੱਗਾ ਸ਼ਰਮਾ, ਹੈਪੀ ਵਿਰਦੀ, ਵਿਸ਼ੂ ਸ਼ਰਮਾ, ਅਸ਼ੋਕ , ਕਮਲ ਸ਼ਰਮਾ, ਗੁਲਸ਼ਨ ਸ਼ਰਮਾ, ਹੈਪੀ ਸ਼ਰਮਾ, ਅਮਨ ਕੁਮਾਰ ਆਦਿ ਹਾਜ਼ਰ ਸਨ।