ਪੰਜਾਬ ''ਚ ਅਪਗ੍ਰੇਡ ਹੋਵੇਗਾ ਬਿਜਲੀ ਸਪਲਾਈ ਨੈੱਟਵਰਕ, ਮਾਨ ਸਰਕਾਰ ਦੀ ਵੱਡੀ ਪਲਾਨਿੰਗ

04/14/2023 6:46:11 PM

ਚੰਡੀਗੜ੍ਹ (ਰਮਨਜੀਤ ਸਿੰਘ) : ਸੂਬੇ ਵਿਚ ਸ਼ਾਇਦ ਹੀ ਕੋਈ ਘਰ ਜਾਂ ਖੇਤਾਂ ਵਿਚ ਬਣਿਆ ਡੇਰਾ ਹੋਵੇਗਾ, ਜਿੱਥੇ ਬਿਜਲੀ ਸਪਲਾਈ ਨਹੀਂ ਪਹੁੰਚਦੀ ਪਰ ਪੰਜਾਬ ਸਰਕਾਰ ਵਲੋਂ ਹੁਣ ਇਸਨੂੰ ਇੱਕ ਹੋਰ ਉਪਰ ਵਾਲੇ ਪਾਏਦਾਨ ਤੱਕ ਲਿਜਾਣ ਦੀ ਯੋਜਨਾ ਬਣਾਈ ਗਈ ਹੈ। ਇਸ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀ. ਐੱਸ. ਪੀ. ਸੀ.ਐੱਲ.) ਅਤੇ ਪੰਜਾਬ ਸਟੇਟ ਪਾਵਰ ਟਰਾਂਸਮਿਸ਼ਨ ਕਾਰਪੋਰੇਸ਼ਨ (ਪੀ. ਐੱਸ. ਪੀ. ਟੀ. ਐੱਲ.) ਵਲੋਂ ਪੂਰਾ ਪਲਾਨ ਤਿਆਰ ਕੀਤਾ ਗਿਆ ਹੈ। ਇਸ ਪਲਾਨ ਵਿਚ ਨਾ ਸਿਰਫ਼ ਭਵਿੱਖ ਦੀ ਖਪਤ ਨੂੰ ਧਿਆਨ ਵਿਚ ਰੱਖਦੇ ਹੋਏ ਨਵੇਂ ਗਰਿੱਡ ਤਿਆਰ ਕਰਨ ਲਈ ਸ਼ਾਮਲ ਕੀਤਾ ਗਿਆ ਹੈ, ਸਗੋਂ ਵਧਦੇ ਲੋਡ ਦੀ ਪੂਰਤੀ ਲਈ ਵੱਡੇ ਟਰਾਂਸਫਾਰਮਰ, ਨਵੀਂਆਂ ਟਰਾਂਸਮਿਸ਼ਨ ਲਾਈਨਾਂ ਵਿਛਾਉਣ ’ਤੇ ਵੀ ਧਿਆਨ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਆਗੂ ਪੱਬਾਂ ਭਾਰ, CM ਮਾਨ ਨੇ ਮੰਤਰੀਆਂ ਨੂੰ ਵੰਡੀਆਂ ਜ਼ਿੰਮੇਵਾਰੀਆਂ

ਸੂਬੇ ਵਿਚ ਪਾਵਰ ਡਿ ਸਟ੍ਰੀਬਿਊਸ਼ਨ ਸਿਸਟਮ ਨੂੰ ਹੋਰ ਜ਼ਿਆਦਾ ਵਿਵਹਾਰਕ ਅਤੇ ਸੁਵਿਧਾਜਨਕ ਬਣਾਉਣ ਲਈ ਯੋਜਨਾ ਬਣਾਈ ਗਈ ਹੈ। ਰਿਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਤਹਿਤ ਪੰਜਾਬ ਦੀਆਂ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਇਸ ਯੋਜਨਾ ’ਤੇ 9642 ਕਰੋੜ ਰੁਪਏ ਖ਼ਰਚ ਆਉਣ ਦਾ ਅਨੁਮਾਨ ਬਣਾਇਆ ਗਿਆ ਹੈ। ਇਸ ਤਹਿਤ 2027 ਤੱਕ ਓਵਰਲੋਡ ਅਤੇ ਲੰਬੀ ਦੂਰੀ ਤੱਕ ਫੀਡ ਕਰਨ ਵਾਲੇ ਸਟੇਸ਼ਨਾਂ ਦੇ ਲੋਡ ਨੂੰ ਵੰਡਿਆ ਜਾਵੇਗਾ, ਜ਼ਰੂਰਤ ਮੁਤਾਬਕ ਨਵੇਂ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਲਗਾਏ ਜਾਣੇ ਹਨ, 66 ਕੇ. ਵੀ. ਸਬ ਸਟੇਸ਼ਨ, ਪਾਵਰ ਟਰਾਂਸਫਾਰਮਰ ਲਗਾਉਣ ਦੇ ਨਾਲ-ਨਾਲ ਆਈ. ਟੀ. ’ਤੇ ਆਧਾਰਤ ਡਿਸਟ੍ਰੀਬਿਊਸ਼ਨ ਸਿਸਟਮ, ਮੀਟਰਿੰਗ ਦੇ ਕੰਮ ਵੀ ਕੀਤੇ ਜਾਣਗੇ।

ਇਹ ਵੀ ਪੜ੍ਹੋ : ਨਵਾਂ ਖ਼ੁਲਾਸਾ: ਅੰਮ੍ਰਿਤਪਾਲ ਕਰਨਾ ਚਾਹੁੰਦਾ ਸੀ ਸਰੰਡਰ ਪਰ ਇਸ ਵਿਅਕਤੀ ਦੀ ਸਲਾਹ ’ਤੇ ਹੋਇਆ ਫ਼ਰਾਰ

ਸਿਸਟਮ ਅਪਗ੍ਰੇਡੇਸ਼ਨ ਯੋਜਨਾ ਤਹਿਤ ਹੁਣ ਤੱਕ 21,300 ਨਵੇਂ ਟਰਾਂਸਫਾਰਮਰ ਲਗਾਏ ਜਾ ਚੁੱਕੇ ਹਨ। 260 ਨਵੇਂ 11 ਕੇ. ਵੀ. ਫੀਡਰਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਸਬ ਸਟੇਸ਼ਨਾਂ ਦੀ ਪਾਵਰ ਟਰਾਂਸਫਾਰਮੇਸ਼ਨ ਕੈਪੇਸਿਟੀ ਵਿਚ 1424 ਮੈਗਾ ਵੋਲਟ ਐਂਪੀਅਰ (ਐੱਮ. ਵੀ. ਏ.) ਵਾਧਾ ਕੀਤਾ ਗਿਆ ਹੈ। 66 ਕੇ. ਵੀ. ਤੋਂ ਲੈ ਕੇ 400 ਕੇ. ਵੀ. ਕੈਪੇਸਿਟੀ ਵਾਲੀਆਂ ਸਰਕਿਟ ਲਾਈਨਾਂ ਦੇ ਨੈੱਟਵਰਕ ਵਿਚ 186 ਕਿਲੋਮੀਟਰ ਦੇ ਵਾਧੇ ਦੇ ਨਾਲ-ਨਾਲ 7 ਨਵੇਂ 66 ਕੇ. ਵੀ. ਸਬ ਸਟੇਸ਼ਨ ਵੀ ਤਿਆਰ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ :  ਇੰਸਟਾਗ੍ਰਾਮ 'ਤੇ ਅਸ਼ਲੀਲ ਤਸਵੀਰਾਂ ਪਾ ਕੇ ਸ਼ੁਰੂ ਹੁੰਦੀ ਸੀ ਗੰਦੀ ਖੇਡ, ਇੰਝ ਖੁੱਲ੍ਹਿਆ ਜਸਨੀਤ ਕੌਰ ਦਾ ਭੇਤ

ਸੋਲਰ ਅਤੇ ਨਵੀਨੀਕਰਨ ਯੋਜਨਾਵਾਂ ਨਾਲ ਮਿਲੇਗੀ ਮਦਦ

ਭਵਿੱਖ ਵਿਚ ਵਧਣ ਵਾਲੀ ਬਿਜਲੀ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਪੀ. ਐੱਸ. ਪੀ. ਸੀ. ਐੱਲ. ਵਲੋਂ ਰਾਜ ਵਿਚ ਨਿਊ ਐਂਡ ਰਿਨਿਊਏਬਲ ਬਿਜਲੀ ਪ੍ਰਾਜੈਕਟਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਪ੍ਰਾਜੈਕਟਾਂ ਵਿਚ ਸੋਲਰ, ਬਾਇਓਮਾਸ, ਬਾਇਓਗੈਸ, ਵੇਸਟ ਟੂ ਐਨਰਜੀ, ਮਿੰਨੀ ਹਾਇਡਲ ਐਂਡ ਕਮ-ਜੈਨਰੇਸ਼ਨ ਪਲਾਂਟਾਂ ਦੇ ਨਾਲ ਵੀ ਸਮਝੌਤੇ ਕੀਤੇ ਹਨ। ਇਨ੍ਹਾਂ ਤੋਂ ਮੌਜੂਦਾ ਸਮਝੌਤਿਆਂ ਮੁਤਾਬਕ 442 ਮੈਗਾਵਾਟ ਬਿਜਲੀ ਹਾਸਲ ਹੋਵੇਗੀ।

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਨਾਲ ਵਧ ਜਾਂਦੈ ਦਿਲ ਦੇ ਦੌਰੇ ਦਾ ਖ਼ਤਰਾ? ਜਾਣੋ ਕੀ ਕਹਿੰਦੇ ਨੇ ਸਿਹਤ ਮਾਹਿਰ

ਬਾਹਰ ਤੋਂ ਮਿਲਣ ਵਾਲੀ ਬਿਜਲੀ ਦੀ ਟ੍ਰਾਂਸਮਿਸ਼ਨ ਕੈਪੇਸਿਟੀ ਵੀ ਵਧਾਈ

ਸੂਬੇ ਵਿਚ ਗਰਮੀ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਅਤੇ ਸਪਲਾਈ ਦੋਵੇਂ ਹੀ ਪੀਕ ’ਤੇ ਹੁੰਦੇ ਹਨ। ਝੋਨੇ ਦੇ ਖੇਤਾਂ ਵਿਚ ਪਾਣੀ ਦੀ ਸਪਲਾਈ ਲਈ ਚੱਲਣ ਵਾਲੇ ਟਿਊਬਵੈੱਲਾਂ ਨੂੰ ਵੀ ਇਸ ਸੀਜਨ ਦੌਰਾਨ ਬਿਜਲੀ ਦੀ ਸਪਲਾਈ ਯਕੀਨੀ ਬਣਾਉਣ ਦੀ ਜ਼ਰੂਰਤ ਹੁੰਦੀ ਹੈ।

ਇਹੀ ਕਾਰਨ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵਲੋਂ ਹਰ ਸਾਲ ਇਸ ਪੀਕ ਸੀਜਨ ਦੌਰਾਨ ਨੈਸ਼ਨਲ ਗਰਿਡ ਅਤੇ ਸੂਬੇ ਤੋਂ ਬਾਹਰ ਦੇ ਹੋਰ ਬਿਜਲੀ ਉਤਪਾਦਕਾਂ ਤੋਂ ਬਿਜਲੀ ਖ਼ਰੀਦੀ ਜਾਂਦੀ ਹੈ। ਇਸ ਲਈ ਵਿਸ਼ੇਸ਼ ਟਰਾਂਸਮਿਸ਼ਨ ਨੈੱਟਵਰਕ ਸਥਾਪਿਤ ਕੀਤਾ ਹੋਇਆ ਹੈ, ਜਿਸਦੀ ਕੈਪੇਸਿਟੀ ਪਿਛਲੇ ਸਾਲ ਤੱਕ 7400 ਮੈਗਾਵਾਟ ਸੀ। ਭਵਿੱਖ ਦੀ ਡਿਮਾਂਡ ਨੂੰ ਵੇਖਦੇ ਹੋਏ ਇਸਨੂੰ ਵੀ ਪੀ. ਐੱਸ. ਪੀ. ਸੀ. ਐੈੱਲ. ਵਲੋਂ 1100 ਮੈਗਾਵਾਟ ਵਧਾ ਕੇ 8500 ਮੈਗਾਵਾਟ ਕਰ ਦਿੱਤਾ ਗਿਆ ਹੈ, ਤਾਂ ਕਿ ਜ਼ਿਆਦਾ ਜ਼ਰੂਰਤ ਪੈਣ ’ਤੇ ਬਿਜਲੀ ਦੀ ਟਰਾਂਸਮਿਸ਼ਨ ਵਿਚ ਕੋਈ ਪ੍ਰੇਸ਼ਾਨੀ ਨਾ ਹੋਵੇ।

ਇਹ ਵੀ ਪੜ੍ਹੋ : ਆਸ਼ੀਰਵਾਦ ਸਕੀਮ ਦੇ ਲਾਭਪਾਤਰੀਆਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਇਹ ਸਹੂਲਤ

ਮੌਜੂਦਾ ਸਮੇਂ ਵਿਚ ਇੰਨੀ ਹੈ ਪੰਜਾਬ ਦੀ ‘ਪਾਵਰ’

ਪੀ.ਐੱਸ. ਪੀ. ਸੀ. ਐੱਲ. ਸੂਬੇ ਦੇ 73.5 ਲੱਖ ਰਿਹਾਇਸ਼ੀ ਕੁਨੈਕਸ਼ਨਾਂ ਨੂੰ ਸਪਲਾਈ ਦਿੰਦਾ ਹੈ। ਇਸ ਤੋਂ ਇਲਾਵਾ ਉਦਯੋਗ ਅਤੇ ਖੇਤੀ ਟਿਊਬਵੈੱਲਾਂ ਦੇ ਕੁਨੈਕਸ਼ਨ ਵੱਖ ਤੋਂ ਹਨ। ਇਨ੍ਹਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਰਾਜ ਦੇ ਆਪਣੇ ਥਰਮਲ ਪਲਾਂਟ, ਨਿੱਜੀ ਥਰਮਲ ਪਲਾਂਟ, ਹਾਈਡਰੋ ਪ੍ਰਾਜੈਕਟ ਅਤੇ ਸੋਲਰ ਪਾਵਰ ਪ੍ਰਾਜੈਕਟ ਮੌਜੂਦ ਹਨ। ਇਸਦੇ ਨਾਲ ਹੀ ਵੱਡੇ ਉਦਯੋਗਾਂ ਨੂੰ ਬਾਹਰ ਤੋਂ ਬਿਜਲੀ ਖ਼ਰੀਦ ਦੀ ਵੀ ਛੋਟ ਹੈ। ਇਸ ਸਭ ਲਈ 15 ਲੱਖ ਮੈਗਾਵਾਟ ਸਪਲਾਈ ਲਾਈਨਾਂ ਵਿਛੀਆਂ ਹੋਈਆਂ ਹਨ।

ਸੂਬੇ ਦੀ ਖ਼ੁਦ ਦੀ ਸਮਰੱਥਾ

ਜੀ. ਜੀ. ਐੱਸ. ਟੀ. ਪੀ. ਰੋਪੜ 840 ਮੈਗਾਵਾਟ
ਜ ਟੀ. ਪੀ. ਲਹਿਰਾ ਮੁਹੱਬਤ 920 ਮੈਗਾਵਾਟ

ਹਾਈਡਲ ਪਾਵਰ

ਸ਼ਾਨਨ ਪ੍ਰਾਜੈਕਟ 110 ਮੈਗਾਵਾਟ
ਯੂ. ਬੀ. ਡੀ. ਸੀ. 1 ਅਤੇ 2 91.35 ਮੈਗਾਵਾਟ
ਰਣਜੀਤ ਸਾਗਰ ਡੈਮ ਪ੍ਰਾਜੈਕਟ 452.40 ਮੈਗਾਵਾਟ
ਹੋਰ 225 ਮੈਗਾਵਾਟ
ਪੇਡਾ ( ਨਵੀਨੀਕਰਨ ਊਰਜਾ ਸਰੋਤ) 1211.84 ਮੈਗਾਵਾਟ
ਰੂਫਟਾਪ ਸੋਲਰ ਨੈੱਟ ਮੀਟਰਿੰਗ 239.09 ਮੈਗਾਵਾਟ

ਪੰਜਾਬ ਵਿਚ ਲੱਗੇ ਪ੍ਰਾਈਵੇਟ ਸੈਕਟਰ ਦੇ ਪ੍ਰਾਜੈਕਟ

ਰਾਜਪੁਰਾ ਥਰਮਲ 1400 ਮੈਗਾਵਾਟ
ਤਲਵੰਡੀ ਸਾਬੋ 1980 ਮੈਗਾਵਾਟ
ਜੀ. ਵੀ. ਕੇ. 540 ਮੈਗਾਵਾਟ
ਕੇਂਦਰੀ ਸੈਕਟਰ ਤੋਂ 4128.04 ਮੈਗਾਵਾਟ
ਬੀ. ਬੀ. ਐੱਮ. ਬੀ. ਵਲੋਂ ਸ਼ੇਅਰ 1133.20 ਮੈਗਾਵਾਟ
ਸੂਬੇ ਵਿਚ ਸਥਾਪਿਤ ਕੁਲ ਕੈਪੇਸਿਟੀ 8145 ਮੈਗਾਵਾਟ
ਸਾਰੇ ਸ਼ੇਅਰ ਮਿਲਾ ਕੇ ਕੁੱਲ ਕੈਪੇਸਿਟੀ 14589.81 ਮੈਗਾਵਾਟ

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal