ਬਿਜਲੀ ਸਪਲਾਈ ਨੂੰ ਪ੍ਰਭਾਵਿਤ ਕਰ ਰਹੇ ਹਨ ਜੰਗਲਾਤ ਵਿਭਾਗ ਦੇ ਦਰੱਖਤ

04/22/2018 4:03:13 PM

ਟਾਂਡਾ ਉੜਮੁੜ (ਕੁਲਦੀਸ਼)— ਪਾਵਰਕਾਮ ਵੱਲੋਂ ਖਪਤਕਾਰਾਂ ਨੂੰ ਦਿੱਤੀ ਜਾ ਰਹੀ ਨਿਰੰਤਰ ਬਿਜਲੀ ਸਪਲਾਈ ਨੂੰ ਜੰਗਲਾਤ ਵਿਭਾਗ ਵੱਲੋਂ ਸੜਕਾਂ ਕੰਢੇ ਲਾਏ ਦਰੱਖਤ ਪ੍ਰਭਾਵਿਤ ਕਰ ਰਹੇ ਹਨ। ਖਪਤਕਾਰਾਂ ਨੇ ਦੱਸਿਆ ਕਿ ਦਸੂਹਾ-ਮਿਆਣੀ-ਬੇਗੋਵਾਲ ਮਾਰਗ 'ਤੇ ਲੱਗੇ ਦਰੱਖਤਾਂ ਕਾਰਨ ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਬਹੁਤ ਸਾਰੀਆਂ ਥਾਵਾਂ 'ਤੇ ਬਿਜਲੀ ਸਪਲਾਈ ਲਈ ਵਿਛਾਈਆਂ ਗਈਆਂ ਤਾਰਾਂ ਇਨ੍ਹਾਂ ਦਰੱਖਤਾਂ ਨਾਲ ਟਕਰਾਅ ਕੇ ਲੰਘਦੀਆਂ ਹਨ। ਬਿਜਲੀ ਦੀ ਨਿਰਵਿਘਨ ਸਪਲਾਈ ਲਈ ਜਦੋਂ ਪਾਵਰਕਾਮ ਅਧਿਕਾਰੀ ਜਾਂ ਮੁਲਾਜ਼ਮ ਇਨ੍ਹਾਂ ਦਰੱਖਤਾਂ ਦੀਆਂ ਬਿਜਲੀ ਸਪਲਾਈ 'ਚ ਰੁਕਾਵਟ ਬਣ ਰਹੀਆਂ ਟਾਹਣੀਆਂ ਆਦਿ ਨੂੰ ਹਟਾਉਣ ਦਾ ਯਤਨ ਕਰਦੇ ਹਨ ਤਾਂ ਜੰਗਲਾਤ ਵਿਭਾਗ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਹੈ। 
ਖਪਤਕਾਰਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਤੇਜ਼ ਹਨੇਰੀ ਅਤੇ ਮੀਂਹ ਕਾਰਨ ਜਿੱਥੇ ਪਾਵਰਕਾਮ ਦੇ ਕੁਝ ਟਰਾਂਸਫਾਰਮਰਾਂ 'ਚ ਖਰਾਬੀ ਆ ਗਈ ਸੀ, ਉਥੇ ਹੀ ਵੱਖ-ਵੱਖ ਲਾਈਨਾਂ 'ਚ ਵੀ ਖਰਾਬੀ ਆ ਜਾਣ ਕਾਰਨ ਜਦੋਂ ਪਾਵਰਕਾਮ ਮੁਲਾਜ਼ਮਾਂ ਨੇ ਦਰੱਖਤਾਂ ਦੀਆਂ ਟਾਹਣੀਆਂ ਨੂੰ ਦਾਤਰ ਅਤੇ ਹੋਰ ਸਾਮਾਨ ਲੈ ਕੇ ਸਾਫ ਕਰਨਾ ਚਾਹਿਆ ਤਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਪਹੁੰਚ ਕੇ ਉਨ੍ਹਾਂ ਕੋਲੋਂ ਦਾਤਰ ਆਦਿ ਖੋਹ ਲਏ ਅਤੇ ਚਲਾਨ ਕੱੱਟਣ ਦੀਆਂ ਧਮਕੀਆਂ ਦਿੱਤੀਆਂ। 
ਕੀ ਕਹਿੰਦੇ ਨੇ ਪਾਵਰਕਾਮ ਅਧਿਕਾਰੀ
ਪਾਵਰਕਾਮ ਦੇ ਐੱਸ. ਡੀ. ਓ. ਅਸ਼ੀਸ਼ ਸ਼ਰਮਾ ਅਤੇ ਜੇ. ਈ. ਬਲਵੰਤ ਸਿੰਘ ਨੇ ਦੱਸਿਆ ਕਿ ਪਾਵਰਕਾਮ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਯਤਨਸ਼ੀਲ ਹੈ। ਪਾਵਰਕਾਮ ਨੇ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ 20 ਲੱਖ ਰੁਪਏ ਖਰਚ ਕਰ ਕੇ ਕੋਟਲਾ ਫੀਡਰ 11 ਕੇ. ਵੀ. ਤੋਂ ਨਵੀਂ ਲਾਈਨ ਸ਼ੁਰੂ ਕਰਵਾਈ ਹੈ ਪਰ ਇਸ ਲਾਈਨ ਨਾਲ ਲੱਗਦੇ ਜੰਗਲਾਤ ਵਿਭਾਗ ਦੇ ਕੁਝ ਦਰੱਖ਼ਤ ਕੰਮ ਨੂੰ ਪ੍ਰਭਾਵਿਤ ਕਰ ਰਹੇ ਹਨ। 
ਕੀ ਕਹਿੰਦੇ ਨੇ ਜੰਗਲਾਤ ਵਿਭਾਗ ਅਧਿਕਾਰੀ
ਜਦੋਂ ਇਸ ਸਬੰਧੀ ਜੰਗਲਾਤ ਵਿਭਾਗ ਦੇ ਅਧਿਕਾਰੀ ਅਤੁਲ ਮਹਾਜਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪਾਵਰਕਾਮ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਜੋ ਖਪਤਕਾਰਾਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ। ਜਨਹਿੱਤ 'ਚ ਜੇਕਰ ਪਾਵਰਕਾਮ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਕਿਸੇ ਦਰੱਖਤ ਦੀਆਂ ਟਾਹਣੀਆਂ ਜਾਂ ਹੋਰ ਹਿੱਸੇ ਨੂੰ ਕੱਟਦਾ ਹੈ ਤਾਂ ਜੰਗਲਾਤ ਵਿਭਾਗ ਨੂੰ ਇਸ ਦਾ ਕੋਈ ਇਤਰਾਜ਼ ਨਹੀਂ।