ਆਲੀਸ਼ਾਨ ਕੋਠੀਆਂ ਵਾਲੇ ਮੰਤਰੀਆਂ ਦੀ ਥਾਂ ਵੇਖੋ ਨਵੇਂ ਬਿਜਲੀ ਮੰਤਰੀ ਦਾ ਘਰ, ਹੋ ਜਾਓਗੇ ਹੈਰਾਨ (ਵੀਡੀਓ)

03/24/2022 5:40:18 PM

ਅੰਮ੍ਰਿਤਸਰ (ਸੁਮਿਤ)-ਅਕਸਰ ਹੀ ਮੰਤਰੀਆਂ ਦੀਆਂ ਆਲੀਸ਼ਾਨ ਕੋਠੀਆਂ ਹੁੰਦੀਆਂ ਹਨ ਪਰ ਇਸ ਦੇ ਉਲਟ ਦੇਖਣ ਨੂੰ ਮਿਲਿਆ ਜੰਡਿਆਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਘਰ ਜਾ ਕੇ। ਉਨ੍ਹਾਂ ਦਾ ਜਨਮ ਇਕ ਤੰਗ ਜਿਹੀ ਗਲੀ ’ਚ ਸਥਿਤ ਘਰ ਹੋਇਆ ਤੇ ਇਥੇ ਰਹਿ ਕੇ ਹੀ ਉਨ੍ਹਾਂ ਨੇ ਆਪਣੀ ਪੂਰੀ ਪੜ੍ਹਾਈ ਕੀਤੀ। ਮੰਤਰੀ ਬਣਨ ਪਿੱਛੋਂ ਆਪਣੇ ਜੱਦੀ ਘਰ ਪੁੱਜੇ ਹਰਭਜਨ ਸਿੰਘ ਈ. ਟੀ. ਓ. ਦੀਆਂ ਅੱਖਾਂ ’ਚ ਹੰਝੂ ਸਨ। ਇਸ ਦੌਰਾਨ ਉਨ੍ਹਾਂ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਪਹਿਲੀ ਤੋਂ ਪੰਜਵੀਂ ਤਕ ਦੀ ਪੜ੍ਹਾਈ ਗੌਰਮਿੰਟ ਐਲੀਮੈਂਟਰੀ ਸਕੂਲ ਤੋਂ ਪੂਰੀ ਕੀਤੀ ਅਤੇ ਡੀ. ਏ. ਵੀ. ਕਾਲਜ ਤੋਂ ਗ੍ਰੈਜੂਏਸ਼ਨ ਕਰਨ ਮਗਰੋਂ ਐੱਮ. ਜੀ. ਐੱਨ. ਸਕੂਲ ਤੋਂ ਬੀ. ਐੱਡ. ਕੀਤੀ।

ਇਹ ਵੀ ਪੜ੍ਹੋ : ਅਮਰੀਕਾ ਦੇ ਥਮਿੰਦਰ ਸਿੰਘ ਅਨੰਦ ਵੱਲੋਂ ਬਿਨਾਂ ਆਗਿਆ ਪਾਵਨ ਸਰੂਪ ਛਾਪਣਾ ਸੋਚੀ-ਸਮਝੀ ਸਾਜ਼ਿਸ਼ : ਗਿਆਨੀ ਹਰਪ੍ਰੀਤ ਸਿੰਘ

ਉਨ੍ਹਾਂ ਦੱਸਿਆ ਕਿ ਮੈਂ ਪੋਸਟ ਗ੍ਰੈਜੂਏਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ ਤੇ ਹੁਣੇ ਜਿਹੇ ਖਾਲਸਾ ਕਾਲਜ ਤੋਂ ਐੱਲ. ਐੱਲ. ਬੀ. ਕੀਤੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੰਤਰੀ ਤੇ ਵਿਧਾਇਕ ਬਣਨ ਤੋਂ ਪਹਿਲਾਂ ਇਨਸਾਨ ਬਣਨਾ ਬਹੁਤ ਜ਼ਰੂਰੀ ਹੈ। ਉਸ ਨੂੰ ਇਹ ਜੋ ਜ਼ਿੰਮੇਵਾਰੀ ਮਿਲੀ ਹੈ, ਉਹ ਚੰਗੀ ਤਰ੍ਹਾਂ ਨਿਭਾਵਾਂਗਾ। ਸਿਆਸਤ ਵਿਚ ਆਉਣ ਨੂੰ ਲੈ ਕੇ ਬੋਲਦਿਆਂ ਹਰਭਜਨ ਸਿੰਘ ਨੇ ਕਿਹਾ ਕਿ ਈ. ਟੀ. ਓ. ਬਣਨ ਤੋਂ ਪਹਿਲਾਂ ਮੈਂ ਜੰਡਿਆਲਾ ਗੁਰੂ ਦੇ ਸੀਨੀਅਰ ਸੈਕੰਡਰੀ ਸਕੂਲ ’ਚ ਲੈਕਚਰਾਰ ਸੀ। ਮੈਨੂੰ ਮਾਣ ਪ੍ਰਾਪਤ ਹੈ ਕਿ ਜਿਸ ਸਕੂਲ ’ਚ ਮੈਂ ਪੜ੍ਹਿਆ, ਉਸੇ ਸਕੂਲ ’ਚ ਬਤੌਰ ਲੈਕਚਰਾਰ ਸੇਵਾਵਾਂ ਨਿਭਾਈਆਂ। ਉਨ੍ਹਾਂ ਕਿਹਾ ਕਿ ਉਹ ਸਮਾਜ ’ਚ ਚੰਗੀ ਤਰ੍ਹਾਂ ਵਿਚਰੇ ਹਨ ਤੇ ਉਨ੍ਹਾਂ ਨੂੰ ਪਤਾ ਹੈ ਕਿ ਲੋਕਾਂ ਦੀਆਂ ਕੀ-ਕੀ ਸਮੱਸਿਆਵਾਂ ਹਨ। ਮੈਂ ਫਿਰ ਅੱਗੇ ਵਧਣ ਦੀ ਸੋਚੀ ਤੇ ਫਿਰ ਪੀ. ਸੀ. ਐੱਸ. ਦੀ ਪ੍ਰੀਖਿਆ ਕਲੀਅਰ ਕੀਤੀ ਤੇ ਬਤੌਰ ਈ. ਟੀ. ਓ. ਅੰਮ੍ਰਿਤਸਰ ’ਚ ਨਿਯੁਕਤ ਹੋ ਗਿਆ।

ਉਨ੍ਹਾਂ ਦੱਸਿਆ ਕਿ ਬਤੌਰ ਈ. ਟੀ. ਓ. ਚਾਰ ਸਾਲ ਨੌਕਰੀ ਕਰਕੇ ਉਨ੍ਹਾਂ ਦਾ ਮਨ ਨੌਕਰੀ ਵਿਚ ਨਹੀਂ ਲੱਗ ਰਿਹਾ ਸੀ ਕਿਉਂਕਿ ਮੈਂ ਖੁਦ ਹੀ ਅੱਗੇ ਨਹੀਂ ਵਧਣਾ ਚਾਹੁੰਦਾ ਸੀ ਸਗੋਂ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਣਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਇਲਾਵਾ ਸਮਾਜਿਕ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ। ਲੋਕਾਂ ਦੇ ਹਾਲਾਤ ਬਹੁਤ ਮਾੜੇ ਹਨ ਤੇ ਮੈਂ ਚਾਹੁੰਦਾ ਸੀ ਕਿ ਮੈਂ ਉਨ੍ਹਾਂ ਲਈ ਕੁਝ ਕਰਾਂ ਤੇ ਇਹ ਸਿਰਫ ਸਿਆਸਤ ’ਚ ਆ ਕੇ ਹੀ ਕੀਤਾ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਸਿਆਸਤ ’ਚ ਜਾ ਕੇ ਇਹੋ ਜਿਹੀਆਂ ਪਾਿਲਸੀਆਂ ਲਿਆਂਦੀਆਂ ਜਾ ਸਕਦੀਆਂ ਤਾਂ ਕਿ ਲੋਕਾਂ ਨੂੰ ਕੋਈ ਪਲੇਟਫਾਰਮ ਮਿਲ ਸਕੇ ਤੇ ਆਮ ਲੋਕ ਵੀ ਤਰੱਕੀਆਂ ਕਰ ਸਕਣ। ਪਹਿਲੀ ਵਾਰ ਹਾਰਨ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜ਼ਿੰਦਗੀ ’ਚ ਹਾਰਾਂ ਤੇ ਜਿੱਤਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਹਨ। ਪਹਿਲੀ ਵਾਰ ਹੀ ਲੋਕਾਂ ਨੇ ਮੈਨੂੰ 34000 ਵੋਟਾਂ ਪਾਈਆਂ ਸਨ ਤੇ ਇਲਾਕੇ ਦੇ ਲੋਕਾਂ ਨੇ ਬਹੁਤ ਮਾਣ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਇਥੇ ਲੋਕ ਬਹੁਤ ਮਿਹਨਤ ਕਰਦੇ ਹਨ ਪਰ ਉਨ੍ਹਾਂ ਨੂੰ ਵੀ ਰੋਜ਼ਗਾਰ ਨਹੀਂ ਮਿਲ ਰਿਹਾ। ਜੇ ਇਹ ਮਿਹਨਤ ਕਰਦੇ ਹਨ ਤਾਂ ਇਨ੍ਹਾਂ ਨੂੰ ਮਿਹਨਤ ਦਾ ਮੁੱਲ ਹੀ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਆਮ ਲੋਕਾਂ ਲਈ ਹੀ ਹੈ ਤੇ ਮੇਰਾ ਪਾਰਟੀ ਨਾਲ ਜੁੜਨ ਦਾ ਸਭ ਤੋਂ ਵੱਡਾ ਕਾਰਨ ਵੀ ਇਹੀ ਸੀ ਕਿ ਇਸ ਨੇ ਦਿੱਲੀ ਵਿਚ ਆਮ ਘਰਾਂ ਦੇ ਬੱਚਿਆਂ ਬਾਰੇ ਸੋਚਿਆ। ਆਮ ਆਦਮੀ ਪਾਰਟੀ ਸਿਹਤ ਤੇ ਸਿੱਿਖਆ ’ਤੇ ਮੁੱਖ ਤੌਰ ’ਤੇ ਧਿਆਨ ਦੇ ਰਹੀ ਹੈ ਤੇ ਜੇ ਆਮ ਲੋਕਾਂ ਦੇ ਘਰਾਂ ’ਚ ਵਧੀਆ ਸਿੱਖਿਆ ਆ ਜਾਵੇਗੀ ਤਾਂ ਆਉਣ ਵਾਲੇ ਸਮੇਂ ’ਚ ਇਹ ਆਮ ਪਰਿਵਾਰ ਹੀ ਬਹੁਤ ਤਰੱਕੀ ਕਰ ਲੈਣਗੇ। ਜਿਸ ਘਰ ਤੇ ਦੇਸ਼ ਦਾ ਬੱਚਾ ਪੜ੍ਹ ਗਿਆ, ਉਸ ਘਰ ਤੇ ਦੇਸ਼ ਨੇ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੀ ਪਾਰਟੀ ਜ਼ਰੀਏ ਘਰ-ਘਰ ’ਚ ਸਿੱਖਿਆ ਪਹੁੰਚਾਉਣੀ ਚਾਹੁੰਦਾ ਹਾਂ। ਹਰ ਥਾਂ ਪੈਸਾ ਹੀ ਕੰਮ ਨਹੀਂ ਕਰਦਾ ਕਿਉਂਿਕ ਮਿਹਨਤ ਦਾ ਕੋਈ ਤੋੜ ਨਹੀਂ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਆਪ ’ਤੇ ਯਕੀਨ ਨਹੀਂ ਹੋ ਰਿਹਾ ਕਿ ਮੈਂ ਕੈਬਨਿਟ ਮੰਤਰੀ ਬਣ ਗਿਆ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਹਰਭਜਨ ਸਿੰਘ ਈ. ਟੀ. ਓ. ਨੇ ਕਾਂਗਰਸ ਦੇ ਸਾਬਕਾ ਵਿਧਾਇਕ ਸੁਖਵਿੰਦਰ ਡੈਨੀ ਨੂੰ 25000 ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।  
 


Manoj

Content Editor

Related News