ਸ਼ਹਿਰ ਵਾਸੀਆਂ ਨੇ ਬਿਜਲੀ ਮੰਤਰੀ ਨੂੰ ਕਿਹਾ, ਜਿਨ੍ਹਾਂ ਤੋਂ ਵੋਟਾਂ ਲਈਆਂ ਉਨ੍ਹਾਂ ਨਾਲ ਬੇਰੁਖ਼ੀ ਕਿਉਂ?

07/13/2018 3:16:08 AM

ਰਾਮਪੁਰਾ ਫੂਲ(ਰਜਨੀਸ਼)-ਜਦੋਂ ਤੋਂ ਕਾਂਗਰਸ ਸਰਕਾਰ ਸੱਤਾ ਵਿਚ ਆਈ  ਹੈ, ਉਦੋਂ ਤੋਂ ਸਥਾਨਕ ਸ਼ਹਿਰ ਦੇ ਵਿਕਾਸ ਕੰਮਾਂ ’ਤੇ ਇਕ ਵੀ ਪੈਸਾ ਨਹੀਂ ਲੱਗਿਆ।  ਖਸਤਾਹਾਲ  ਸੜਕਾਂ ਕਾਰਨ ਸ਼ਹਿਰ ’ਚ ਆਏ ਦਿਨ ਹਾਦਸੇ ਹੋ ਰਹੇ ਹਨ। ਇਹੀ ਹਾਲ ਸੀਵਰੇਜ ਸਿਸਟਮ ਤੇ ਸਫਾਈ ਦਾ ਹੈ। ਸੀਵਰੇਜ  ਬੰਦ ਹੋਣ ਨਾਲ ਨਾਲੀਆਂ ’ਚੋਂ ਓਵਰਫਲੋਅ ਹੋ ਰਿਹਾ ਗੰਦਾ ਤੇ ਬਦਬੂਦਾਰ ਪਾਣੀ ਸ਼ਹਿਰ ਵਾਸੀਆਂ ਦਾ ਜਿਊਣਾ ਮੁਹਾਲ ਕਰ ਰਿਹਾ ਹੈ। ਦੂਜੇ ਪਾਸੇ ਸਫਾਈ ਕਰਮਚਾਰੀਆਂ ਦਾ ਵਾਰ-ਵਾਰ ਹਡ਼ਤਾਲ ’ਤੇ ਚਲੇ ਜਾਣ ਕਾਰਨ ਸ਼ਹਿਰ ਵਿਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਜੋ ਸਵੱਛਤਾ ਅਭਿਆਨ ਦੀ ਕਮਰ ਤੋਡ਼ ਰਿਹਾ ਹੈ। ਸਥਾਨਕ ਹਲਕੇ ਤੋਂ ਤੀਜੀ ਵਾਰ ਚੋਣ ਜਿੱਤ ਕੇ ਬਿਜਲੀ ਮੰਤਰੀ ਬਣੇ ਗੁਰਪ੍ਰੀਤ ਸਿੰਘ ਕਾਂਗਡ਼ ਵੱਲੋਂ ਆਏ ਦਿਨ ਬਿਜਲੀ ਵਿਭਾਗ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਦਿੱਤੇ ਜਾ ਰਹੇ ਵੱਡੇ-ਵੱਡੇ ਬਿਆਨਾਂ ’ਤੇ ਸ਼ਹਿਰ ਵਾਸੀਆਂ ਨੇ ਵਿਅੰਗ ਕੱਸਦਿਆਂ ਕਿਹਾ ਕਿ ਕਾਂਗਡ਼ ਆਪਣੇ ਵਿਭਾਗ ਵਿਚ ਬਦਲਾਅ ਕਰ ਕੇ ਵਿਭਾਗ ਦੀ ਕਾਰਜਸ਼ੈਲੀ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ, ਇਹ ਚੰਗੀ ਗੱਲ ਹੈ ਪਰ ਹਲਕੇ ਤੇ ਸ਼ਹਿਰ ਦੀ ਬਦੌਲਤ ਉਨ੍ਹਾਂ ਦੇ ਸਿਰ ’ਤੇ ਮੰਤਰੀ ਦਾ ਤਾਜ ਸਜਿਆ ਹੈ, ਉਨ੍ਹਾਂ ਦੀਆਂ ਮੁਸ਼ਕਲਾਂ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ ਅਤੇ ਆਪਣੇ ਹਲਕੇ ’ਚ ਵਿਕਾਸ ਕੰਮ ਕਰਾਉਂਦਿਆਂ ਹਲਕੇ ਨੂੰ ਇਕ ਨਮੂਨੇ ਦਾ ਹਲਕਾ ਬਣਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਨਗਰ ਕੌਂਸਲ, 5 ਨਗਰ ਪੰਚਾਇਤਾਂ ਤੇ 52 ਪੰਚਾਇਤਾਂ ਵਾਲੇ ਹਲਕਾ ਫੂਲ ’ਚ ਸਭ ਤੋਂ ਵੱਡਾ ਸ਼ਹਿਰ ਰਾਮਪੁਰਾ ਫੂਲ ਹੀ ਆਉਂਦਾ ਹੈ। ੳਕਤ ਹਲਕੇ ਦੀ ਕੁਲ ਵੋਟ 158000 ਹੈ, ਜਿਸ ’ਚੋਂ 38 ਹਜ਼ਾਰ ਤੋਂ ਜ਼ਿਆਦਾ ਵੋਟ ਇਕੱਲੀ ਰਾਮਪੁਰਾ ਫੂਲ ਦੀ ਹੈ ਅਤੇ ਰਾਮਪੁਰਾ ਫੂਲ ਦਾ ਵੋਟ  ਫੀਸਦੀ ਵੱਡਾ ਹੋਣ ਕਾਰਨ ਉਮੀਦਵਾਰ ਦੀ ਹਾਰ ਜਿੱਤ ਦਾ ਫੈਸਲਾ ਵੀ ਰਾਮਪੁਰਾ ਫੂਲ ’ਤੇ ਹੀ ਨਿਰਭਰ ਕਰਦਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰ ਬਣੇ ਹੋਏ ਸਵਾ ਸਾਲ ਲੰਘ ਜਾਣ ਅਤੇ ਕਾਂਗਡ਼ ਦੇ ਮੰਤਰੀ ਬਣ ਜਾਣ ਤੋਂ ਬਾਅਦ  ਉਹ ਅੱਜ ਤੱਕ ਸ਼ਹਿਰ ਦੇ ਵਿਕਾਸ ਕੰਮਾਂ ਲਈ ਇਕ ਪੈਸੇ ਦੀ ਵੀ ਗ੍ਰਾਂਟ ਸਰਕਾਰ ਤੋਂ ਰਿਲੀਜ਼ ਕਰਵਾਉਣ ਵਿਚ ਅਸਫਲ ਰਹੇ ਹਨ। ਸ਼ਹਿਰ ਵਾਸੀਆਂ ਦਾ ਕਾਂਗਡ਼ ਨੂੰ ਕਹਿਣਾ  ਹੈ ਕਿ ਜਿਨ੍ਹਾਂ ਦੀ ਵਜ੍ਹਾ ਤੋਂ ਤੁਹਾਡੇ ਸਿਰ ’ਤੇ ਮੰਤਰੀ ਦਾ ਤਾਜ ਸਜਿਆ ਹੈ, ਉਨ੍ਹਾਂ ਨਾਲ ਇੰਨੀ ਬੇਰੁਖੀ ਚੰਗੀ ਨਹੀਂ ਹੁੰਦੀ। ਨਰਕ ਜ਼ਿੰਦਗੀ ਜਿਊਣ ਲਈ ਮਜਬੂਰ ਸ਼ਹਿਰ ਵਾਸੀਆਂ   ਨੇ ਕਾਂਗਡ਼ ਤੋਂ ਮੰਗ ਕੀਤੀ ਹੈ ਕਿ ਉਹ ਭਾਵੇਂ ਸਹਿਰ ਵਿਚ ਕੋਈ ਨਵਾਂ ਵਿਕਾਸ  ਦਾ ਕੰਮ ਆਰੰਭ ਨਾ ਕਰਵਾਉਣ ਪਰ ਸ਼ਹਿਰ ਦੀ ਪੁਰਾਣੀ ਸੀਵਰੇਜ ਤੇ ਸਫਾਈ ਵਿਵਸਥਾ ਨੂੰ ਸੁਚਾਰੂ ਅਤੇ ਟੁੱਟੀਆਂ ਸਡ਼ਕਾਂ ਦੀ ਮੁਰੰਮਤ ਹੀ ਕਰਵਾ ਦੇਣ ਤਾਂ ਜੋ ਸ਼ਹਿਰ ਵਾਸੀ ਅਾਂ ਨੂੰ   ਨਰਕ ਦੀ ਜ਼ਿੰਦਗੀ ਤੋਂ ਰਾਹਤ ਮਿਲ ਸਕੇ।