ਕਈ ਖ਼ਪਤਕਾਰਾਂ ਵੱਲ ਬਿਜਲੀ ਮਹਿਕਮੇ ਦੇ ਕਰੋੜਾਂ ਦਾ ਬਕਾਇਆ ਪੈਂਡਿੰਗ, ਸਰਕਾਰੀ ਦਫ਼ਤਰ ਵੀ ਨੇ ਸ਼ਾਮਲ

05/19/2022 2:39:26 PM

ਜਲੰਧਰ (ਰਾਹੁਲ ਕਾਲਾ)- ਲਗਾਤਾਰ ਘਾਟੇ ਵਿੱਚ ਚੱਲ ਰਹੇ ਬਿਜਲੀ ਮਹਿਕਮਾ ਪੀ. ਐੱਸ. ਪੀ. ਸੀ. ਐੱਲ. ਦੇ ਜਲੰਧਰ ਵਿਚ ਵੀ ਕਰੋੜਾਂ ਰੁਪਏ ਬਕਾਇਆ ਆਪਣੇ ਖ਼ਪਤਕਾਰਾਂ ਵੱਲ ਫਸੇ ਹੋਏ ਹਨ। ਜਲੰਧਰ ਸਰਕਲ ਵਿੱਚ ਪੀ. ਐੱਸ. ਪੀ. ਸੀ. ਐੱਲ. ਨੇ 160 ਕਰੋੜ ਰੁਪਏ ਆਪਣੇ ਖ਼ਪਤਕਾਰਾਂ ਤੋਂ ਲੈਣੇ ਹਨ। ਜਲੰਧਰ ਸਰਕਲ ਵਿੱਚ ਸ਼ਹਿਰੀ ਏਰੀਆ ਫਗਵਾੜਾ ਆਦਮਪੁਰ ਕਰਤਾਰਪੁਰ ਅਤੇ ਅਲਾਵਲਪੁਰ ਪੈਂਦਾ ਹੈ। ਇਸ ਸਰਕਲ ਵਿੱਚ ਸਰਕਾਰੀ ਦਫ਼ਤਰ, ਫੈਕਟਰੀਆਂ, ਛੋਟੇ ਵੱਡੇ ਦੁਕਾਨਦਾਰ ਅਤੇ ਘਰੇਲੂ ਕੁਨੈਕਸ਼ਨ ਵੀ ਸ਼ਾਮਲ ਹਨ, ਜਿਨ੍ਹਾਂ ਨੇ ਬਿਜਲੀ ਮਹਿਕਮੇ ਨੂੰ ਬਿੱਲ ਅਦਾ ਨਹੀਂ ਕੀਤੇ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀ. ਐੱਸ. ਪੀ. ਸੀ. ਐੱਲ. ਦੇ ਡਿਪਟੀ ਚੀਫ਼ ਇੰਜਨੀਅਰ ਇੰਦਰਪਾਲ ਸਿੰਘ ਨੇ ਦੱਸਿਆ ਕਿ ਜਲੰਧਰ ਵਿੱਚ ਸਰਕਾਰ ਦੇ 60 ਦਫ਼ਤਰਾਂ ਵੱਲ 40 ਕਰੋੜ ਰੁਪਿਆ ਬਿਜਲੀ ਮਹਿਕਮੇ ਦਾ ਬਕਾਇਆ ਖੜ੍ਹਾ ਹੈ। ਇਨ੍ਹਾਂ ਸਰਕਾਰੀ ਦਫ਼ਤਰਾਂ ਵਿੱਚ ਸਿਵਲ ਹਸਪਤਾਲ ਜਲੰਧਰ ਤੋਂ 6 ਕਰੋੜ ਰੁਪਏ ਬਿਜਲੀ ਮਹਿਕਮੇ ਨੇ ਲੈਣੇ ਹਨ। ਵਾਟਰ ਸਪਲਾਈ ਮਹਿਕਮੇ ਤੋਂ 20 ਕਰੋੜ ਰੁਪਏ ਲੋਕਲ ਬੌਡੀਜ਼ ਤੋਂ 6 ਕਰੋੜ ਰੁਪਏ ਸਮੇਤ ਕੁੱਲ ਸੱਠ ਸਰਕਾਰੀ ਦਫ਼ਤਰਾਂ ਵੱਲ ਪੀ. ਐੱਸ. ਪੀ. ਸੀ. ਐੱਲ. ਦੇ 40 ਕਰੋੜ ਰੁਪਏ ਪੈਂਡਿੰਗ ਹਨ। ਇਸ ਤੋਂ ਇਲਾਵਾ ਘਰੇਲੂ ਅਤੇ ਇੰਡਸਟਰੀ ਤੋਂ ਪੀ. ਐੱਸ. ਪੀ. ਸੀ. ਐੱਲ. ਨੇ 120 ਕਰੋੜ ਰੁਪਏ ਲੈਣੇ ਹਨ। 

ਇਹ ਵੀ ਪੜ੍ਹੋ: ਨਵੀਂ ਕਮਿਸ਼ਨਰ ਦੇ ਲਾਲ ਸਿਆਹੀ ਵਾਲੇ ਪੈੱਨ ਤੋਂ ਡਰਨ ਲੱਗੇ ਜਲੰਧਰ ਨਿਗਮ ਤੇ ਸਮਾਰਟ ਸਿਟੀ ਦੇ ਅਧਿਕਾਰੀ

ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਸੈਕਟਰ ਵਿੱਚ ਇੰਡਸਟਰੀ ਦੀ ਗਿਣਤੀ ਘੱਟ ਹੈ ਪਰ ਇਨ੍ਹਾਂ ਵੱਲ ਪੈਸਾ ਮਹਿਕਮੇ ਦਾ ਬਹੁਤ ਥੋੜ੍ਹਾ ਹੈ। ਘਰੇਲੂ ਖ਼ਪਤਕਾਰਾਂ ਦੀ ਬਕਾਇਆ ਰਾਸ਼ੀ ਬਿਜਲੀ ਮਹਿਕਮੇ ਵੱਲ ਇੰਡਸਟਰੀ ਤੋਂ ਘੱਟ ਹੈ ਜਦਕਿ ਛੋਟੇ ਅਤੇ ਮੱਧਮ ਦੁਕਾਨਦਾਰ ਸਭ ਤੋਂ ਘੱਟ ਹਨ, ਜਿਨ੍ਹਾਂ ਨੇ ਪੀ. ਐੱਸ. ਪੀ. ਸੀ. ਐੱਲ. ਦੇ ਬਿੱਲ ਅਦਾ ਨਹੀਂ ਕੀਤੇ। ਡਿਪਟੀ ਚੀਫ਼ ਇੰਜੀਨੀਅਰ ਨੇ ਦੱਸਿਆ ਕਿ ਅਰਬਨ ਏਰੀਆ ਵਿਚ ਸਭ ਤੋਂ ਵੱਧ ਬਿਜਲੀ ਦੀ ਖ਼ਪਤ ਹੁੰਦੀ ਹੈ ਅਤੇ ਇਥੇ ਹੀ ਬਕਾਇਆ ਰਾਸ਼ੀ ਸਭ ਤੋਂ ਵੱਧ ਹੁੰਦੀ ਹੈ। ਪਿੰਡਾਂ ਵਿੱਚ ਬਿਜਲੀ ਦੀ ਖ਼ਪਤ ਵੀ ਘੱਟ ਹੈ ਅਤੇ ਬਕਾਇਆ ਵੀ ਘੱਟ ਹੈ। ਇੰਡਸਟਰੀ ਦੀ ਗੱਲ ਕਰੀਏ ਤਾਂ ਜਲੰਧਰ ਵਿੱਚ ਸੌ ਅਜਿਹੀਆਂ ਇੰਡਸਟਰੀਆਂ ਹਨ, ਜਿਨ੍ਹਾਂ ਵੱਲ ਪੰਜ ਲੱਖ ਤੋਂ ਵੱਧ ਦਾ ਪੈਸਾ ਪੀ. ਐੱਸ. ਪੀ. ਸੀ. ਐੱਲ. ਨੇ ਲੈਣਾ ਹੈ।

ਇਹ ਵੀ ਪੜ੍ਹੋ: ਰਾਮਾ ਮੰਡੀ ਦੀ ਪੁਲਸ ਵੱਲੋਂ ਦੇਹ ਵਪਾਰ ਦੇ ਅੱਡੇ ’ਤੇ ਰੇਡ, ਇਤਰਾਜ਼ਯੋਗ ਹਾਲਾਤ 'ਚ ਔਰਤ ਸਣੇ 8 ਵਿਅਕਤੀ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

shivani attri

This news is Content Editor shivani attri