ਪਾਵਰ ਕਾਰਪੋਰੇਸ਼ਨ ਦਾ ਇਕ ਹੋਰ ਕਾਰਨਾਮਾ ਆਇਆ ਸਾਹਮਣੇ

08/24/2019 2:49:05 PM

ਤਰਨਤਾਰਨ (ਰਮਨ ਚਾਵਲਾ) : ਪੰਜਾਬ ਸਟੇਟ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ ਅਕਸਰ ਕਿਸੇ ਨਾ ਕਿਸੇ ਗੱਲ ਕਾਰਨ ਸੁਰਖੀਆਂ 'ਚ ਰਹਿੰਦਾ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਸਥਾਨਕ ਵੈਲਡਿੰਗ ਕਰਨ ਵਾਲੇ ਦੁਕਾਨ ਮਾਲਕ ਤੋਂ ਉਸ ਵੇਲੇ ਮਿਲੀ ਜਦੋਂ ਉਸ ਨੂੰ ਉਕਤ ਵਿਭਾਗ ਨੇ 9 ਲੱਖ 69 ਹਜ਼ਾਰ 825 ਰੁਪਏ ਦਾ ਫਰਜ਼ੀ ਬਿੱਲ ਭੇਜ ਦਿੱਤਾ ਗਿਆ।

ਜਾਣਕਾਰੀ ਦਿੰਦੇ ਹੋਏ ਹੀਰਾ ਸਿੰਘ ਕੰਡਾ ਪੁੱਤਰ ਸੁਰਜੀਤ ਸਿੰਘ ਜੋ ਮੁਰਾਦਪੁਰ ਰੋਡ ਨਜ਼ਦੀਕ ਨਗਰ ਕੌਂਸਲ ਦਫਤਰ ਵਿਖੇ ਇਕ ਵੈਲਡਿੰਗ ਦੀ ਦੁਕਾਨ ਚਲਾਉਂਦਾ ਹੈ, ਉਸ ਨੇ ਦੱਸਿਆ ਕਿ ਉਸ ਦੀ ਦੁਕਾਨ 'ਤੇ ਉਸ ਦੇ ਪਿਤਾ ਦੇ ਨਾਂ ਬਿਜਲੀ ਵਿਭਾਗ ਵੱਲੋਂ 7.5 ਹਾਰਸ ਪਾਵਰ ਦਾ ਬਿਜਲੀ ਕੁਨੈਕਸ਼ਨ ਲੱਗਾ ਹੋਇਆ ਹੈ ਜਿਸ ਸਬੰਧੀ ਉਸ ਦੀ ਵਰਤੋਂ ਦੇ ਹਿਸਾਬ ਨਾਲ ਉਸ ਦਾ ਹਰ ਮਹੀਨੇ ਕਰੀਬ 1 ਤੋਂ 2 ਹਜ਼ਾਰ ਰੁਪਏ ਬਿੱਲ ਆਉਂਦਾ ਹੈ ਜਿਸ ਨੂੰ ਉਹ ਆਨਲਾਈਨ ਅਦਾ ਕਰ ਦਿੰਦਾ ਹੈ ਅਤੇ ਵਿਭਾਗ ਦਾ ਕੋਈ ਵੀ ਬਕਾਇਆ ਨਹੀਂ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹੀਰਾ ਸਿੰਘ ਕੰਡਾ ਨੇ ਦੱਸਿਆ ਕਿ ਉਸ ਦੀ ਸਿਹਤ ਉਸ ਵੇਲੇ ਵਿਗੜ ਗਈ ਜਦੋਂ ਪੰਜਾਬ ਸਟੇਟ ਪਾਵਰ ਕਾਰੋਪੋਰੇਸ਼ਨ ਪ੍ਰਾਈਵੇਟ ਲਿਮਟਿਡ ਵੱਲੋਂ ਉਸ ਨੂੰ 9 ਲੱਖ 69 ਹਜ਼ਾਰ 825 ਰੁਪਏ ਦਾ ਬਿੱਲ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਲੱਖਾਂ ਰੁਪਏ ਦਾ ਬਿੱਲ ਉਨ੍ਹਾਂ ਨੂੰ ਬਿਨਾਂ ਵਜ੍ਹਾ ਭੇਜ ਦਿੱਤਾ ਗਿਆ ਹੈ ਜਦਕਿ ਉਨ੍ਹਾਂ ਦਾ ਕਾਰੋਬਾਰ ਲੱਖਾਂ ਵਾਲਾ ਨਹੀਂ ਹੈ। ਉਨ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਇਸ ਮਾਮਲੇ ਦੀ ਜਾਚ ਕਰਵਾਉਣ ਦੀ ਗੱਲ ਵੀ ਕਹੀ।

ਮਾਮਲੇ ਦੀ ਕਰਾਂਗਾ ਜਾਂਚ
ਨਰਿੰਦਰ ਸਿੰਘ ਸਬ ਡਵੀਜ਼ਨ ਉਪ ਮੰਡਲ ਦਫਤਰ ਸ਼ਹਿਰੀ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਇਸ ਵਿਚ ਕੋਈ ਕਲੈਰੀਕਲ ਗਲਤੀ ਹੋ ਗਈ ਹੋਵੇ ਜਿਸ ਨੂੰ ਜਾਂਚ ਤੋਂ ਬਾਅਦ ਠੀਕ ਕਰ ਦਿੱਤਾ ਜਾਵੇਗਾ।

Anuradha

This news is Content Editor Anuradha