16 ਸੇਵਾ ਕੇਂਦਰਾਂ ਦੇ ਕੱਟੇ ਬਿਜਲੀ ਕੁਨੈਕਸ਼ਨ

Thursday, Mar 22, 2018 - 08:27 AM (IST)

ਫਰੀਦਕੋਟ  (ਹਾਲੀ)  - ਪਹਿਲਾਂ ਤੋਂ ਹੀ ਤਨਖਾਹ ਨਾ ਮਿਲਣ ਕਰ ਕੇ ਪ੍ਰੇਸ਼ਾਨੀ 'ਚ ਚੱਲ ਰਹੇ ਸੇਵਾ ਕੇਂਦਰਾਂ ਨੂੰ ਹੁਣ ਬਿਜਲੀ ਬੋਰਡ ਨੇ ਝਟਕਾ ਦਿੱਤਾ ਹੈ ਕਿਉਂਕਿ ਫਰੀਦਕੋਟ ਜ਼ਿਲੇ 'ਚ ਚੱਲ ਰਹੇ ਕਈ ਸੇਵਾ ਕੇਂਦਰਾਂ ਵਿਚ ਪਿਛਲੇ ਕਈ ਮਹੀਨਿਆਂ ਤੋਂ ਬਿਜਲੀ ਦੇ ਕੁਨੈਕਸ਼ਨ ਕੱਟਣ ਕਰ ਕੇ ਜਨਰੇਟਰਾਂ ਨਾਲ ਕੰਮ ਚਲਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬਿਜਲੀ ਬਿੱਲਾਂ ਤੋਂ ਕਿਤੇ ਜ਼ਿਆਦਾ ਜਨਰੇਟਰਾਂ 'ਚ ਡੀਜ਼ਲ ਪਵਾਇਆ ਜਾ ਰਿਹਾ ਹੈ। 'ਗੁੱਡ ਗਵਰਨੈਂਸ' ਦਾ ਹੋਕਾ ਦੇਣ ਵਾਲੀ ਪੰਜਾਬ ਦੀ ਕੈਪਟਨ ਸਰਕਾਰ ਦੀ ਗੁੱਡ ਗਵਰਨੈਂਸ ਦਾ ਪਤਾ ਇਸੇ ਗੱਲ ਤੋਂ ਲੱਗ ਜਾਂਦਾ ਹੈ ਕਿ ਜਿੱਥੇ ਸੇਵਾ ਕੇਂਦਰ ਦਾ 20 ਤੋਂ 30 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਬਕਾਇਆ ਹੈ, ਉਹ ਤਾਂ ਭਰਿਆ ਨਹੀਂ, ਉਲਟਾ ਕੰਮ ਚਲਾਉਣ ਲਈ 50 ਹਜ਼ਾਰ ਦੇ ਕਰੀਬ ਇਕ ਜਨਰੇਟਰ ਵਿਚ ਡੀਜ਼ਲ ਫੂਕਿਆ ਜਾ ਚੁੱਕਾ ਹੈ।
ਜਾਣਕਾਰੀ ਅਨੁਸਾਰ ਜ਼ਿਲੇ 'ਚ ਕੁਲ 46 ਸੇਵਾ ਕੇਂਦਰ ਹਨ, ਜਿਨ੍ਹਾਂ 'ਚੋਂ 16 ਕੇਂਦਰਾਂ ਦੇ ਬਿੱਲ ਨਾ ਭਰੇ ਜਾਣ ਕਰ ਕੇ ਬਿਜਲੀ ਕੁਨੈਕਸ਼ਨ ਕੱਟੇ ਗਏ ਹਨ, ਜਿਨ੍ਹਾਂ ਵਿਚ ਪਿੰਡ ਕਿਲਾ ਨੌ, ਬਰਗਾੜੀ, ਗੋਲੇਵਾਲਾ ਅਤੇ ਸਾਧਾਂਵਾਲਾ ਦੇ ਸੇਵਾ ਕੇਂਦਰ ਪ੍ਰਮੁੱਖ ਤੌਰ 'ਤੇ ਸ਼ਾਮਲ ਹਨ। ਇਨ੍ਹਾਂ ਸੇਵਾ ਕੇਂਦਰਾਂ 'ਚੋਂ ਹਰ ਕੇਂਦਰ ਵਿਚ 500 ਤੋਂ 1000 ਤੱਕ ਦੀਆਂ ਅਰਜ਼ੀਆਂ ਦਾ ਭੁਗਤਾਨ ਕੀਤਾ ਜਾਂਦਾ ਹੈ। ਕੁਨੈਕਸ਼ਨ ਕੱਟੇ ਹੋਣ ਕਰ ਕੇ ਜਨਰੇਟਰਾਂ ਰਾਹੀਂ ਕੰਮ ਚਲਾਇਆ ਜਾ ਰਿਹਾ ਹੈ। ਕਈ ਸੇਵਾ ਕੇਂਦਰਾਂ 'ਚ ਲਗਭਗ 6 ਤੋਂ 7 ਮਹੀਨੇ ਬੀਤ ਗਏ ਹਨ ਪਰ ਬਿੱਲ ਨਹੀਂ ਅਦਾ ਕੀਤਾ ਗਿਆ ਅਤੇ ਜਨਰੇਟਰਾਂ ਨਾਲ ਬਿਜਲੀ ਚਾਲੂ ਰੱਖੀ ਜਾ ਰਹੀ ਹੈ।
ਇਹ ਵੀ ਸੂਚਨਾ ਮਿਲੀ ਹੈ ਕਿ 16 ਸੇਵਾ ਕੇਂਦਰਾਂ ਦਾ 7 ਲੱਖ ਰੁਪਏ ਬਿਜਲੀ ਦਾ ਬਿੱਲ ਬਕਾਇਆ ਸੀ। ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਨੂੰ ਬਿੱਲ ਦੇ 7 ਲੱਖ ਰੁਪਏ ਅਦਾ ਨਹੀਂ ਕੀਤੇ, ਜਦਕਿ 6-7 ਮਹੀਨਿਆਂ ਦੌਰਾਨ 7 ਲੱਖ ਰੁਪਏ ਤੋਂ ਕਿਤੇ ਜ਼ਿਆਦਾ ਰਾਸ਼ੀ ਦਾ ਜਨਰੇਟਰਾਂ ਨਾਲ ਡੀਜ਼ਲ ਫੂਕ ਦਿੱਤਾ ਹੈ। ਹੁਣ ਘਾਟੇ ਦਾ ਸੌਦਾ ਦੱਸ ਕੇ ਸੇਵਾ ਕੇਂਦਰਾਂ ਨੂੰ ਬੰਦ ਕਰਨ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਸੱਤਾ 'ਚ ਆਉਂਦੇ ਹੀ ਸੇਵਾ ਕੇਂਦਰ ਚਲਾ ਰਹੀ ਨਿੱਜੀ ਕੰਪਨੀ ਬੀ. ਐੱਲ. ਐੱਸ. ਨੂੰ ਅਦਾਇਗੀ ਵੀ ਰੋਕ ਦਿੱਤੇ ਜਾਣ ਦੀ ਸੂਚਨਾ ਹੈ।
ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ ਸੇਵਾ ਕੇਂਦਰ ਚਲਾ ਰਹੀ ਇਸ ਕੰਪਨੀ ਨੂੰ ਪਿਛਲੇ ਇਕ ਸਾਲ ਤੋਂ 200 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਨਹੀਂ ਕੀਤੀ ਅਤੇ ਭਵਿੱਖ 'ਚ ਵੀ ਇਹ ਰਾਸ਼ੀ ਜਾਰੀ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ, ਜਿਸ ਕਰ ਕੇ ਸਿਰਫ ਫਰੀਦਕੋਟ ਜ਼ਿਲੇ ਵਿਚ ਹੀ ਸੇਵਾ ਨਿਭਾਅ ਰਹੇ ਕਰੀਬ 80 ਮੁਲਾਜ਼ਮਾਂ ਨੂੰ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਮਿਲੀਆਂ। ਮੁਲਾਜ਼ਮਾਂ ਅਨੁਸਾਰ 5 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਅਤੇ ਸੇਵਾ ਕੇਂਦਰਾਂ ਦੇ ਬੰਦ ਹੋਣ ਦੀਆਂ ਖਬਰਾਂ ਕਰ ਕੇ ਉਨ੍ਹਾਂ ਦੀ ਜਾਨ ਕੁੜਿੱਕੀ ਵਿਚ ਫਸ ਗਈ ਹੈ। ਪਿੰਡ ਕਿਲਾ ਨੌ ਨਿਵਾਸੀਆਂ ਨੇ ਦੱਸਿਆ ਕਿ ਸੇਵਾ ਕੇਂਦਰਾਂ ਨੇ ਪੰਜਾਬ ਸਰਕਾਰ ਦੇ ਲਗਭਗ ਸਾਰੇ ਦਫਤਰਾਂ ਦਾ ਕੰਮ ਸਾਂਭ ਲਿਆ ਹੈ ਤੇ 180 ਦੇ ਕਰੀਬ ਸਰਕਾਰੀ ਸੇਵਾਵਾਂ ਇਕੋ ਛੱਤ ਹੇਠ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਆਮ ਲੋਕਾਂ ਦੇ ਘਰ ਨਜ਼ਦੀਕ ਹੀ ਉਨ੍ਹਾਂ ਦੇ ਸਰਕਾਰੀ ਕੰਮ-ਕਾਰ ਹੋ ਰਹੇ ਹਨ ਤੇ ਲੋਕਾਂ ਨੂੰ ਕਾਫੀ ਸਹੂਲਤ ਮਿਲ ਰਹੀ ਹੈ। ਲੋਕਾਂ ਨੂੰ ਛੋਟੇ-ਛੋਟੇ ਕੰਮਾਂ ਲਈ ਹੁਣ ਸ਼ਹਿਰ ਜਾ ਕੇ ਸਰਕਾਰੀ ਦਫਤਰਾਂ ਵਿਚ ਗੇੜੇ ਨਹੀਂ ਮਾਰਨੇ ਪੈਂਦੇ।
ਕੀ ਕਹਿੰਦੇ ਨੇ ਅਧਿਕਾਰੀ
ਇਸ ਬਾਰੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਫਰੀਦਕੋਟ ਜ਼ਿਲੇ ਦੇ ਸੇਵਾ ਕੇਂਦਰ ਨਿਯਮਾਂ ਅਨੁਸਾਰ ਕੰਮ ਰਹੇ ਹਨ ਤੇ ਇਹ ਕੇਂਦਰ ਚਲਾ ਰਹੀ ਕੰਪਨੀ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਸੇਵਾ ਕੇਂਦਰ ਦੇ ਬਿੱਲ ਨਿਯਮਾਂ ਮੁਤਾਬਕ ਅਦਾ ਕਰੇ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਦੇ ਕੁਨੈਕਸ਼ਨ ਜਲਦ ਬਹਾਲ ਹੋ ਜਾਣਗੇ।


Related News