ਬਿਜਲੀ ਨਾਲ ਸੰਬੰਧਤ ਸਿਸਟਮ ''ਚ ਸੁਧਾਰ ਲਈ 8.35 ਕਰੋੜ ਰੁਪਏ ਹੋਏ ਅਲਾਟ: ਪ੍ਰੋ. ਚੰਦੂਮਾਜਰਾ

Thursday, Dec 07, 2017 - 03:44 PM (IST)

ਰੂਪਨਗਰ (ਵਿਜੇ)— ਕੇਂਦਰੀ ਪ੍ਰਾਯੋਜਿਤ ਸਕੀਮਾਂ ਨੂੰ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਲਾਗੂ ਕਰਦੇ ਹੋਏ ਹੇਠਲੇ ਪੱਧਰ 'ਤੇ ਰਹਿ ਰਹੇ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਉਹ ਇਸ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ। ਇਹ ਪ੍ਰਗਟਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਲੋਕ ਸਭਾ ਸ੍ਰੀ ਆਨੰਦਪੁਰ ਸਾਹਿਬ ਤੇ ਚੇਅਰਮੈਨ ਜ਼ਿਲਾ ਤਾਲਮੇਲ ਅਤੇ ਮਾਨੀਟਰਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਵੱਖ-ਵੱਖ ਹਦਾਇਤਾਂ ਕੀਤੀਆਂ।
ਉਨ੍ਹਾਂ ਨੇ ਦੱਸਿਆ ਕਿ ਦੀਨ ਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ ਤਹਿਤ ਜ਼ਿਲੇ ਦੇ 504 ਪਿੰਡਾਂ ਨੂੰ ਚੁਣਿਆ ਗਿਆ ਹੈ। ਇਨ੍ਹਾਂ ਪਿੰਡਾਂ ਵਿਚ ਬਿਜਲੀ ਨਾਲ ਸੰਬੰਧਤ ਸਿਸਟਮ 'ਚ ਸੁਧਾਰ ਲਈ 8 ਕਰੋੜ 35 ਲੱਖ ਰੁਪਏ ਦੀ ਰਾਸ਼ੀ ਅਲਾਟ ਕੀਤੀ ਜਾ ਚੁੱਕੀ ਹੈ। ਇਨ੍ਹਾਂ ਪਿੰਡਾਂ 'ਚ ਇਸ ਤਹਿਤ ਬਿਜਲੀ ਨਾਲ ਸੰਬੰਧਤ ਸੁਧਾਰ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਗੁਰਨੀਤ ਤੇਜ ਨੇ ਵਿਸ਼ਵਾਸ ਦਿੱਤਾ ਕਿ ਕੇਂਦਰੀ ਫੰਡਾਂ ਦੀ ਸਮੇਂ ਸਿਰ ਤੇ ਪਾਰਦਰਸ਼ੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇਗਾ। ਮੀਟਿੰਗ 'ਚ ਡਾ. ਹਰਿੰਦਰ ਕੌਰ ਸਿਵਲ ਸਰਜਨ ਰੂਪਨਗਰ ਨੇ ਦੱਸਿਆ ਕਿ ਜਨਨੀ ਸੁਰੱਖਿਆ ਯੋਜਨਾ ਤਹਿਤ 2017-18 ਦੌਰਾਨ ਸਤੰਬਰ 2017 ਤੱਕ 1442 ਔਰਤਾਂ ਨੂੰ ਇਸ ਸਕੀਮ ਦਾ ਲਾਭ ਦਿੰਦੇ ਹੋਏ 9.63 ਲੱਖ ਰੁਪਏ ਵੰਡੇ ਜਾ ਚੁੱਕੇ ਹਨ।
ਇਸ ਪ੍ਰੋਗਰਾਮ ਅਧੀਨ ਸਤੰਬਰ 2017 ਤੱਕ 20.25 ਲੱਖ ਰੁਪਏ ਖਰਚ ਕੀਤੇ ਗਏ ਹਨ। ਦਿਨੇਸ਼ ਕੁਮਾਰ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਦੱਸਿਆ ਕਿ ਅਪ੍ਰੈਲ 2017 ਤੋਂ ਨਵੰਬਰ 2017 ਤੱਕ ਸਰਵ ਸਿੱਖਿਆ ਅਭਿਆਨ ਤਹਿਤ ਵੱਖ-ਵੱਖ ਮੱਦਾਂ ਅਧੀਨ 85,00,795 ਰੁਪਏ ਦੀ ਗ੍ਰਾਂਟ ਖਰਚ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ (ਸਾਰੇ ਐੱਸ. ਸੀ. ਤੇ ਨਾਨ-ਐੱਸ. ਸੀ.) ਬੱਚਿਆਂ ਅਤੇ ਨੌਵੀਂ ਤੋਂ 10ਵੀਂ ਤੱਕ ਦੇ ਐੱਸ. ਸੀ. ਬੱਚਿਆਂ ਨੂੰ ਕਿਤਾਬਾਂ ਵੰਡੀਆਂ ਗਈਆਂ ਹਨ। ਜ਼ਿਲੇ 'ਚ ਸਤੰਬਰ 2017 ਦੌਰਾਨ 39095 ਬੱਚਿਆਂ ਨੂੰ ਮਿਡ-ਡੇ ਮੀਲ ਮੁਹੱਈਆ ਕਰਵਾਇਆ ਗਿਆ। ਸੰਤੋਸ਼ ਵਿਰਦੀ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਨੇ ਦੱਸਿਆ ਕਿ 3325 ਲਾਭਪਾਤਰੀਆਂ ਨੂੰ ਪੈਨਸ਼ਨ ਮੁਹੱਈਆ ਕਰਵਾਈ ਜਾ ਰਹੀ ਹੈ।


Related News