ਫਗਵਾੜਾ ''ਚ ਸ਼ਾਂਤੀ ਦੇ ਬਾਵਜੂਦ 450 ਪੁਲਸ ਮੁਲਾਜ਼ਮ ਤਾਇਨਾਤ

02/10/2019 7:43:05 PM

ਫਗਵਾੜਾ (ਹਰਜੋਤ)— ਸ਼ੁੱਕਰਵਾਰ ਦੀ ਰਾਤ ਨੂੰ ਇਥੋਂ ਦੇ ਮੁਹੱਲਾ ਖਲਵਾੜਾ ਗੇਟ ਵਿਖੇ ਦੋ ਧਿਰਾਂ ਦਰਮਿਆਨ ਹੋਏ ਤਣਾਅ ਨੂੰ ਸ਼ਾਂਤ ਕਰਨ ਲਈ ਭਾਵੇਂ ਜ਼ਿਲਾ ਪ੍ਰਸ਼ਾਸਨ ਨੇ 'ਸਾਂਝਾ ਪਰਿਵਾਰ ਫਗਵਾੜਾ ਕਮੇਟੀ' ਦਾ ਗਠਨ ਕੀਤਾ ਹੈ ਪਰ ਇਸ ਮਾਮਲੇ 'ਤੇ ਤਿੱਖੀ ਨਜ਼ਰ ਰੱਖਣ ਲਈ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਂਕਸ ਹੈ। ਉਨ੍ਹਾਂ ਆਪਣੀ ਚੌਂਕਸੀ ਨੂੰ ਮੁੱਖ ਰੱਖਦਿਆਂ ਸ਼ਹਿਰ 'ਚ 450 ਪੁਲਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ, ਜੋ ਹੁਸ਼ਿਆਰਪੁਰ, ਜਲੰਧਰ ਅਤੇ ਬਹਾਦਰਗੜ੍ਹ, ਪਟਿਆਲਾ ਤੋਂ ਇਥੇ ਰਿਜਰਵ ਫ਼ੋਰਸ ਬੁਲਾਈ ਗਈ ਹੈ, ਇਸ ਦੇ ਨਾਲ ਨਾਲ ਐੱਸ. ਪੀ. (ਡੀ.) ਸਤਨਾਮ ਸਿੰਘ, ਡੀ. ਐੱਸ. ਪੀ. (ਡੀ) ਮਨਪ੍ਰੀਤ ਸਿੰਘ ਢਿੱਲੋਂ, ਡੀ. ਐੱਸ. ਪੀ. ਮੁਕੇਰੀਆਂ ਰਵਿੰਦਰ ਸਿੰਘ ਨੂੰ ਵੀ ਇਥੇ ਨਿਗਰਾਨ ਦੇ ਤੌਰ 'ਤੇ ਲਗਾਇਆ ਗਿਆ ਹੈ। ਜਿਹੜੀ ਫ਼ੋਰਸ ਬੁਲਾਈ ਗਈ ਹੈ, ਉਸ 'ਚ 300 ਕਮਾਂਡੋ ਤੇ 150 ਦੇ ਕਰੀਬ ਏ. ਆਰ. ਪੀ. ਦੇ ਜੁਆਨ ਸ਼ਾਮਲ ਹਨ।
ਅੱਜ ਸਿਟੀ ਪੁਲਸ ਇਸ ਆਈ ਫ਼ੋਰਸ ਦੀ ਰਿਹਾਇਸ਼ ਦੇ ਪ੍ਰਬੰਧ 'ਚ ਜੁਟੀ ਰਹੀ। ਗੁਰਦੁਆਰਾ ਸੂਖਚੈਨਆਣਾ, ਗੁਰਦੁਆਰਾ ਅਕਾਲੀਆਂ, ਹਨੂੰਮਾਨਗੜ੍ਹੀ ਸਮੇਤ ਕਈ ਧਾਰਮਿਕ ਅਦਾਰਿਆਂ 'ਚ ਇਨ੍ਹਾਂ ਦਾ ਠਹਿਰਾਉ ਕਰਨਾ ਪਿਆ ਤਾਂ ਜੋ ਸ਼ਹਿਰ 'ਚ ਸ਼ਾਂਤੀ ਭੰਗ ਕਰਨ ਵਾਲੇ ਲੋਕਾਂ ਤੇ ਤਿੱਖੀ ਨਜ਼ਰ ਰੱਖੀ ਜਾ ਸਕੇ। .
ਦੱਸਣਯੋਗ ਹੈ ਕਿ ਝਗ਼ੜੇ ਦੌਰਾਨ ਜ਼ਖਮੀ ਹੋਏ ਦੋ ਨੌਜਵਾਨਾਂ ਦੀ ਕੁੱਟਮਾਰ ਦੇ ਦੋਸ਼ ਹੇਠ ਸ਼ਿਵ ਸੈਨਾ ਤੇ ਹਿੰਦੂ ਜਥੇਬੰਦੀਆਂ ਨਾਲ ਸਬੰਧਿਤ 5 ਲੋਕਾਂ ਖਿਲਾਫ਼ ਮਾਮਲਾ ਦਰਜ ਹੈ। ਦੂਜੇ ਪਾਸੇ ਦੂਸਰੀ ਧਿਰ ਨਾਲ ਸਬੰਧਿਤ 60-70 ਅਣਪਛਾਤੇ ਲੋਕਾਂ ਖਿਲਾਫ਼ ਪੁਲਸ ਨੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਕੇਸ ਦਰਜ ਕੀਤਾ ਹੋਇਆ ਹੈ।
ਹੁਣ ਗਠਿਤ ਕੀਤੀ ਗਈ ਕਮੇਟੀ ਨੇ ਆਪਣਾ ਸ਼ਾਂਤੀ ਬਹਾਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਇਸ ਸਬੰਧੀ ਵਾਲਮੀਕੀ ਭਾਈਚਾਰੇ ਦੀ ਮੀਟਿੰਗ ਮੁਹੱਲਾ ਪ੍ਰੇਮਪੁਰਾ ਵਿਖੇ ਆਗੂ ਰਾਜਪਾਲ ਘਈ ਤੇ ਧਰਮਵੀਰ ਸੇਠੀ ਦੀ ਅਗਵਾਈ ਹੇਠ ਹੋਈ। ਜਿਸ 'ਚ ਉਨ੍ਹਾਂ ਵਾਲਮੀਕਿ ਭਾਈਚਾਰੇ ਨਾਲ ਸਬੰਧਿਤ ਨੌਜਵਾਨਾਂ ਨੂੰ ਆਪਣੀ ਸੋਚ ਨੂੰ ਸਹੀ ਦਿਸ਼ਾ ਵੱਲ ਰੱਖਣ ਦੀ ਲੋੜ 'ਤੇ ਜੋਰ ਦਿੰਦੇ ਹੋਏ ਕਿਹਾ ਕਿ ਉਹ ਗਲਤ ਰਸਤੇ ਜਾ ਕੇ ਆਪਣੇ ਭਵਿੱਖ ਨੂੰ ਧੁੰਦਲਾ ਬਣਾਉਣ ਦੇ ਉਪਰਾਲੇ ਨਾ ਕਰਨ ਉਨ੍ਹਾਂ ਕਿਹਾ ਕਿ ਪੜ੍ਹਾਈ ਵਾਲੇ ਬੱਚੇ ਪੜ੍ਹਾਈ ਵੱਲ ਧਿਆਨ ਦੇਣ ਤੇ ਕੰਮ ਵਾਲੇ ਆਪਣੇ ਕੰਮਾ 'ਤੇ ਜਾਣ। ਜਿਹੜੇ ਨੌਜਵਾਨ ਗਲਤ ਰਸਤੇ 'ਤੇ ਜਾਣਗੇ, ਉਨ੍ਹਾਂ ਖਿਲਾਫ਼ ਕਿਸੇ ਵੀ ਕਾਰਵਾਈ 'ਚ ਉਨਨ੍ਹਾਂ ਦੀ ਪ੍ਰਸਾਸ਼ਨ ਵੱਲੋਂ ਬਣਾਈ ਕਮੇਟੀ ਉਨ੍ਹਾਂ ਦਾ ਸਾਥ ਨਹੀਂ ਦੇਵੇਗੀ। ਕਈ ਨੌਜਵਾਨਾ ਨੇ ਭਰੋਸਾ ਦਿੱਤਾ ਕਿ ਉਹ ਚੰਗੇ ਮਾਰਗ ਵੱਲ ਹੀ ਆਪਣਾ ਧਿਆਨ ਲਿਜਾਣਗੇ।