ਪਾਸਪੋਰਟ ਗੁੰਮ : ਪੋਸਟ ਆਫਿਸ ਵਿਭਾਗ ਵਲੋਂ ਚੋਰੀ ਦਾ ਮਾਮਲਾ ਦਰਜ

02/04/2018 1:51:47 PM

ਬਠਿੰਡਾ (ਸੁਖਵਿੰਦਰ)-ਲੋਕਾਂ ਨੂੰ ਪਾਸਪੋਰਟ ਨਾ ਮਿਲਣ 'ਤੇ ਥਾਣਾ ਸਿਵਲ ਲਾਈਨਜ਼ ਵਲੋਂ ਅਣਪਛਾਤੇ ਚੋਰਾਂ ਖਿਲਾਫ਼ ਪਾਸਪੋਰਟ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੋਸਟ ਆਫਿਸ ਦੇ ਅਧਿਕਾਰੀਆਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 15 ਜਨਵਰੀ ਨੂੰ ਚੰਡੀਗੜ੍ਹ ਤੋਂ ਪਾਸਪੋਰਟ ਬਠਿੰਡਾ ਲਈ ਸਪੀਡ ਪੋਸਟ ਰਾਹੀ ਭੇਜੇ ਸਨ ਪਰ ਉਹ ਬਠਿੰਡਾ ਨਹੀਂ ਪਹੁੰਚੇ। ਉਨ੍ਹਾਂ ਕਿਹਾ ਕਿ ਉਕਤ ਪਾਸਪੋਰਟ ਕਿਸੇ ਵਿਅਕਤੀ ਨੇ ਚੋਰੀ ਕਰ ਲਏ ਹਨ।
ਜਾਣਕਾਰੀ ਅਨੁਸਾਰ ਪਾਸਪੋਰਟ ਦਫ਼ਤਰ ਚੰਡੀਗੜ੍ਹ ਵਲੋਂ ਬਠਿੰਡਾ ਜ਼ਿਲੇ ਦੇ 254 ਪਾਸਪੋਰਟਾਂ ਦਾ ਬੰਡਲ 15 ਜਨਵਰੀ ਨੂੰ ਸਪੀਡ ਪੋਸਟ ਰਾਹੀ ਬਠਿੰਡਾ ਭੇਜਿਆ ਸੀ ਜੋ ਰਸਤੇ ਵਿਚ ਹੀ ਗਾਇਬ ਹੋ ਗਿਆ ਸੀ। ਇਨ੍ਹਾਂ 'ਚ ਜਿਨ੍ਹਾਂ ਲੋਕਾਂ ਦੇ ਪਾਸਪੋਰਟ ਸਨ, ਉਨ੍ਹਾਂ ਵਲੋਂ ਲਗਾਤਾਰ ਦਫ਼ਤਰ ਦੇ ਚੱਕਰ ਕੱਟੇ ਜਾ ਰਹੇ ਸਨ। ਇਸ ਤੋਂ ਬਾਅਦ ਪੁਲਸ ਵਲੋਂ ਡਾਕ ਵਿਭਾਗ ਦੇ ਕਈ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ ਪਰ ਪਾਸਪੋਰਟਾਂ ਦਾ ਭੇਤ ਅਜੇ ਵੀ ਬਰਕਰਾਰ ਹੈ। ਪੁਲਸ ਵਲੋਂ ਹੁਣ ਡਾਕਘਰ ਦੇ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਲੋਕਾਂ ਖਿਲਾਫ਼ ਚੋਰੀ ਦਾ ਮਾਮਲਾ ਦਰਜ ਕੀਤਾ ਹੈ।