ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਦੇ ਬਕਾਇਆ ਫੰਡਾਂ ਦਾ ਮਾਮਲਾ ਪੀ. ਐਮ. ਮੋਦੀ ਕੋਲ ਚੁੱਕਣਗੇ ਕੈਪਟਨ

01/24/2020 1:12:11 AM

ਚੰਡੀਗੜ੍ਹ,(ਅਸ਼ਵਨੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਵਜ਼ੀਫਿਆਂ ਦੀ ਬਕਾਇਆ ਅਦਾਇਗੀ ਜਾਰੀ ਕਰਨ 'ਚ ਹੋਈ ਦੇਰੀ ਦਾ ਗੰਭੀਰ ਨੋਟਿਸ ਲੈਂਦਿਆਂ ਆਖਿਆ ਕਿ ਉਹ ਇਸ ਮਸਲੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਚੁੱਕਣਗੇ। ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਅਪੀਲ ਕਰਕੇ ਸਾਲ 2017-18 ਲਈ ਕੇਂਦਰੀ ਸਪਾਂਸਰ ਸਕੀਮ ਤਹਿਤ 780 ਕਰੋੜ ਦੀ ਰਾਸ਼ੀ ਬਿਨਾਂ ਕਿਸੇ ਦੇਰੀ ਤੋਂ ਜਾਰੀ ਕਰਨ ਲਈ ਉਨ੍ਹਾਂ ਦੇ ਦਖ਼ਲ ਦੀ ਮੰਗ ਕਰਨਗੇ। ਮੁੱਖ ਮੰਤਰੀ ਨੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇਸ ਸਬੰਧ ਵਿੱਚ ਭਾਰਤ ਸਰਕਾਰ ਨੂੰ ਸੌਂਪਿਆ ਜਾਣਾ ਵਾਲਾ ਕੇਸ ਛੇਤੀ ਤੋਂ ਛੇਤੀ ਤਿਆਰ ਕਰਨ ਅਤੇ ਇਸ ਸਕੀਮ ਤਹਿਤ ਲੋੜੀਂਦੇ ਫੰਡ ਤੁਰੰਤ ਜਾਰੀ ਕਰਨ ਲਈ ਢੰਗ-ਤਰੀਕੇ ਤਲਾਸ਼ੇ ਜਾਣ ਲਈ ਆਖਿਆ।
ਸਾਲ 2016-17 ਲਈ ਇਸ ਸਕੀਮ ਤਹਿਤ 309 ਕਰੋੜ ਰੁਪਏ ਦੇ ਬਕਾਇਆ ਫੰਡਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਸਾਲ 2016-17 ਲਈ ਇਸ ਸਬੰਧ 'ਚ ਸੂਬੇ ਦੇ ਹਿੱਸੇ ਦੀ 57 ਕਰੋੜ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਲਈ ਆਖਿਆ ਤਾਂ ਕਿ ਲੋੜੀਂਦੇ ਵਰਤੋਂ ਸਰਟੀਫਿਕੇਟ ਕੇਂਦਰ ਸਰਕਾਰ ਨੂੰ ਸੌਂਪੇ ਜਾ ਸਕਣ, ਜਿਸ ਨਾਲ ਇਸ ਸਮੇਂ ਦਾ 309 ਕਰੋੜ ਰੁਪਏ ਦਾ ਬਣਦਾ ਕੇਂਦਰੀ ਹਿੱਸਾ ਛੇਤੀ ਜਾਰੀ ਹੋਣ ਲਈ ਰਾਹ ਪੱਧਰਾ ਹੋਵੇਗਾ। ਉਨ੍ਹਾਂ ਨੇ ਵਿਭਾਗ ਨੂੰ 31 ਜਨਵਰੀ, 2020 ਤੱਕ ਹਰ ਹਾਲ 'ਚ ਵਰਤੋਂ ਸਰਟੀਫਿਕੇਟ ਸੌਂਪਣ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ।

ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਨੂੰ ਆਖਿਆ ਕਿ 57 ਕਰੋੜ ਦੀ ਰਾਸ਼ੀ ਇਕ ਹਫ਼ਤੇ ਵਿੱਚ ਯੋਗ ਵਿਦਿਆਰਥੀਆਂ ਨੂੰ ਵੰਡਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਇਹ ਵੀ ਹਦਾਇਤ ਕੀਤੀ ਕਿ ਇਕ ਵਾਰ ਸਰਟੀਫਿਕੇਟ ਸੌਂਪੇ ਜਾਣ 'ਤੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਵੱਲੋਂ 309 ਕਰੋੜ ਰੁਪਏ ਦੀ ਰਾਸ਼ੀ ਛੇਤੀ ਜਾਰੀ ਕਰਵਾਉਣ ਲਈ ਕੇਂਦਰ ਸਰਕਾਰ ਕੋਲ ਪੈਰਵੀ ਕੀਤੀ ਜਾਵੇ। ਮੀਟਿੰਗ 'ਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਸਾਧੂ ਸਿੰਘ ਧਰਮਸੋਤ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਪ੍ਰਮੁੱਖ ਸਕੱਤਰ ਵਿੱਤ ਅਨੁਰਿਧ ਤਿਵਾੜੀ ਤੇ ਹੋਰ ਉਚ ਅਧਿਕਾਰੀ ਹਾਜ਼ਰ ਸਨ।