ਚਰਨਜੀਤ ਸਿੰਘ ਚੱਢਾ ਦਾ ਹੋਟਲ ਬਿਜ਼ਨੈੱਸ ਵੀ ਵਿਵਾਦਾਂ ਦੇ ਘੇਰੇ ''ਚ

01/13/2018 10:23:27 AM

ਅੰਮ੍ਰਿਤਸਰ (ਮਮਤਾ) - ਮਹਿਲਾ ਪ੍ਰਿੰਸੀਪਲ ਨਾਲ ਅਸ਼ਲੀਲ ਵੀਡੀਓ ਵਾਇਰਲ ਦੇ ਦੋਸ਼ ਵਿਚ ਫਸੇ ਚਰਨਜੀਤ ਸਿੰਘ ਚੱਢਾ ਦਾ ਹੋਟਲ ਬਿਜ਼ਨੈੱਸ ਵੀ ਹੁਣ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਹੈ। ਇਸ ਸਬੰਧ ਵਿਚ ਕਾਂਗਰਸੀ ਨੇਤਾ ਸੈਂਡੀ ਰੰਧਾਵਾ ਨੇ ਇਕ ਨਿੱਜੀ ਹੋਟਲ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਚੱਢਾ ਪਰਿਵਾਰ ਆਪਣੇ ਰਾਜਨੀਤਕ ਅਤੇ ਪੈਸੇ ਦੇ ਜ਼ੋਰ 'ਤੇ ਅੰਮ੍ਰਿਤਸਰ ਸ਼ਹਿਰ ਵਿਚ ਨਾਜਾਇਜ ਹੋਟਲਾਂ ਦੀ ਚੇਨ ਨੂੰ ਖੜ੍ਹਾ ਕਰ ਰਹੇ ਹਨ।
ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲ 2014 ਦੇ ਮਈ ਮਹੀਨੇ ਵਿਚ ਆਰ. ਟੀ. ਆਈ. ਰਾਹੀਂ ਸਿੱਧ ਹੋ ਗਿਆ ਸੀ ਕਿ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਹੋਟਲ, ਜਿਥੇ ਅਸ਼ਲੀਲ ਵੀਡੀਓ ਬਣੀ ਸੀ, ਪੂਰੀ ਤਰ੍ਹਾਂ ਨਾਲ ਨਾਜਾਇਜ਼ ਹੈ ਜਿਸ ਵਿਚ ਨਿਯਮਾਂ ਨੂੰ ਦਰਕਿਨਾਰ ਕਰ ਕੇ ਪਹਿਲਾਂ ਤਾਂ ਨਕਸ਼ਾ ਪਾਸ ਕਰਵਾਇਆ ਗਿਆ ਉਥੇ ਹੋਟਲ ਦੇ ਫਰੰਟ ਨੂੰ ਵੀ ਬਦਲ ਦਿੱਤਾ ਗਿਆ। ਇਸ ਦੇ ਇਲਾਵਾ ਟਰੱਸਟ ਦੀ ਜਗ੍ਹਾ ਨੂੰ ਵੀ ਚੱਢਾ ਪਰਿਵਾਰ ਨੇ ਆਪਣੇ ਰਾਜਨੀਤੀ ਰਸੂਖ ਕਾਰਨ ਮੇਨਟੀਨੈਂਸ ਦੇ ਨਾਂ 'ਤੇ ਕਬਜ਼ਾ ਕਰ ਕੇ ਉਥੇ ਪਾਰਕਿੰਗ ਬਣਾ ਲਈ।
ਰੰਧਾਵਾ ਨੇ ਕਿਹਾ ਕਿ ਇਸ ਪੂਰੇ ਮਾਮਲੇ ਵਿਚ ਟਰੱਸਟ ਦੇ ਇਕ ਪ੍ਰਮੁੱਖ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਸਹਿਯੋਗ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਚਰਨਜੀਤ ਸਿੰਘ ਚੱਢਾ ਵੱਲੋਂ ਟਰੱਸਟ ਦੀ ਸਕੀਮ 61 ਵਿਚ ਚਲਾਏ ਜਾ ਰਹੇ ਐੱਚ 52 ਰਿਜ਼ੋਰਟ ਵਿਚ ਵੀ ਟਰੱਸਟ ਨੂੰ ਆਉਣ ਵਾਲੇ ਲੱਖਾਂ ਕਰੋੜਾਂ ਦੇ ਰੈਵੀਨਿਊ ਨੂੰ ਵੀ ਚੂਨਾ ਲਾਇਆ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ, ਟਰੱਸਟ ਦੇ ਚੇਅਰਮੈਨ ਅਤੇ ਡੀ. ਸੀ. ਅਤੇ ਐੱਸ. ਈ. ਨੂੰ ਵੀ ਪੱਤਰ ਲਿਖਿਆ ਪਰ ਪੰਜ ਮਹੀਨੇ ਤੋਂ ਜ਼ਿਆਦਾ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਇਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਅਤੇ ਚਰਨਜੀਤ ਸਿੰਘ ਚੱਢਾ ਰਿਜ਼ੋਰਟ ਤੋਂ ਲੱਖਾਂ ਦੀ ਕਮਾਈ ਕਰ ਕੇ ਆਪਣੀ ਜੇਬ ਭਰਦੇ ਰਹੇ।
ਰੰਧਾਵਾ ਨੇ ਮੰਗ ਕੀਤੀ ਕਿ ਚਰਨਜੀਤ ਸਿੰਘ ਚੱਢਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਚਲਾਏ ਜਾ ਰਹੇ ਨਾਜਾਇਜ਼ ਹੋਟਲਾਂ ਦੀ ਨਿਰਪੱਖ ਜਾਂਚ ਹੋਵੇ ਅਤੇ ਇਸ ਲਈ ਐੱਸ. ਆਈ. ਟੀ. ਗਠਿਤ ਕੀਤੀ ਜਾਵੇ ਜਿਸ ਦੀ ਦੇਖਭਾਲ ਹਾਈ ਕੋਰਟ ਦੇ ਸਾਬਕਾ ਜੱਜ ਕਰਨ ਤਾਂ ਕਿ ਟਰੱਸਟ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋ ਰਹੇ ਨਾਜਾਇਜ਼ ਨਿਰਮਾਣ 'ਤੇ ਰੋਕ ਲੱਗ ਸਕੇ।