ਜ਼ਿਲੇ ’ਚ ਮੁੱਢਲੇ ਸਿਹਤ ਕੇਂਦਰਾਂ ਦੀ ਸਫਾਈ ਪੱਖੋਂ ਹਾਲਤ ਮਾਡ਼ੀ

07/16/2018 1:44:04 AM

ਬਾਰਨ, (ਇੰਦਰ ਖਰੋਡ਼)- ਇਕ ਪਾਸੇ ਕੇਂਦਰ ਸਰਕਾਰ ਵਲੋਂ ਸਵੱਛ ਭਾਰਤ ਮੁਹਿੰਮ ਤਹਿਤ ਪੂਰੇ ਦੇਸ਼ ਨੂੰ ਸਾਫ ਰੱਖਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਤੇ ਇਸੇ ਮੁਹਿੰਮ ਤਹਿਤ ਪੰਜਾਬ ਸਰਕਾਰ ਵਲੋਂ ਵੀ ਪੰਜਾਬ ਨੂੰ ਤੰਦਰੁਸਤ ਰੱਖਣ ਲਈ ਤੰਦਰੁਸਤ ਪੰਜਾਬ ਮੁਹਿੰਮ ਚਲਾਈ ਜਾ ਰਹੀ ਹੈ ਪਰ ਜ਼ਿਲਾ ਪ੍ਰਸ਼ਾਸਨ ਸਰਕਾਰ ਵਲੋਂ ਚਲਾਈਆਂ ਅਜਿਹੀਆਂ ਮੁਹਿੰਮਾਂ ਨੂੰ ਟਿੱਚ ਜਾਣ ਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ, ਇਸ ਦੀ ਮਿਸਾਲ ਸਿਹਤ ਮੰਤਰੀ ਦੇ ਜ਼ਿਲੇ ਵਿਚ ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਵਾਲੇ ਮੁੱਢਲੇ ਸਿਹਤ ਕੇਂਦਰਾਂ ਤੋਂ ਦੇਖਣ ਨੂੰ ਮਿਲਦੀ ਹੈ। ਜ਼ਿਲੇ ਦੇ ਆਲੇ-ਦੁਆਲੇ ਫੈਲੀ ਗੰਦਗੀ ਤੋਂ ਇੰਝ ਲੱਗਦਾ ਹੈ ਜਿਵੇਂ ਇਹ ਮੁੱਢਲੇ ਸਿਹਤ ਕੇਂਦਰ ਖੁਦ ਹੀ ਬੀਮਾਰ ਹੋਣ। ਜ਼ਿਲੇ ਅੰਦਰ ਪਿੰਡਾਂ ਵਿਚ ਬਣੇ ਇਨ੍ਹਾਂ ਸਿਹਤ ਕੇਂਦਰਾਂ ’ਚੋਂ ਇੱਕਾ-ਦੁੱਕਾ ਨੂੰ ਛੱਡ ਕੇ ਬਾਕੀ ਸਾਰੇ ਸਿਹਤ ਕੇਂਦਰਾਂ ਦੀ ਸਾਫ ਸਫਾਈ ਪੱਖੋਂ ਬਹੁਤ ਹੀ ਮਾਡ਼ੀ ਹਾਲਤ ਹੈ। ਲੋਕ ਆਪਣੇ ਘਰਾਂ ਦੀ ਗੰਦਗੀ ਇਨ੍ਹਾਂ ਸਿਹਤ ਕੇਂਦਰਾਂ ਦੇ ਆਲੇ-ਦੁਆਲੇ ਸੁੱਟ ਦਿੰਦੇ ਹਨ, ਜਿਸ ਕਾਰਨ ਆਪਣਾ ਇਲਾਜ ਕਰਵਾਉਣ ਆਉਂਦੇ ਮਰੀਜ਼ਾਂ ਤੇ ਸਟਾਫ ਨੂੰ ਗੰਦਗੀ ਤੋਂ ਉਠੀ ਬਦਬੂ ਤੇ ਮੱਛਰ ਮੱਖੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਥੇ ਸਾਫ ਸਫਾਈ ਦਾ ਬਾਹਰਲੇ  ਪਾਸੇ ਮਾਡ਼ਾ ਹਾਲ ਹੈ, ਉਥੇ ਹੀ ਇਨ੍ਹਾਂ ਦੇ ਅੰਦਰ ਪਾਰਕਾਂ ਵਿਚ ਭੰਗ-ਬੂਟੀ ਤੇ ਹੋਰ ਘਾਹ ਉਗਿਆ ਦਿਖਾਈ ਦਿੰਦਾ ਹੈ। 
ਹਲਕਾ ਸਨੌਰ ਅਧੀਨ ਪੈਂਦੇ ਪਿੰਡ ਹਸਨਪੁਰ ਦੇ ਮੁੱਢਲੇ ਸਿਹਤ ਕੇਂਦਰ ਦਾ ਵੀ ਇਸੇ ਤਰ੍ਹਾਂ ਦਾ ਮਾਡ਼ਾ ਹਾਲ ਹੈ, ਜਿਥੇ ਸਿਹਤ ਕੇਂਦਰ ਦੇ ਆਲੇ-ਦੁਆਲੇ ਲੋਕਾਂ ਨੇ ਆਪਣੇ ਘਰਾਂ ਤੇ ਪਸ਼ੂਆਂ ਦਾ ਗੋਹਾ ਸੁੱਟ ਕੇ ਇਸ ਤਰ੍ਹਾਂ ਦੀ ਹਾਲਤ ਬਣਾ ਰੱਖੀ ਹੈ ਜਿਵੇਂ ਸਿਹਤ ਕੇਂਦਰ ਕੂਡ਼ੇ ਦੇ ਢੇਰ ’ਤੇ ਬੈਠਾ ਹੋਵੇ। ਗੋਬਰ ਤੇ ਹੋਰ ਗੰਦਗੀ ਤੋਂ ਉਠਦੀ ਬਦਬੂ ਕਾਰਨ ਆਪਣਾ ਇਲਾਜ ਕਰਵਾਉਣ ਆਉਂਦੇ ਮਰੀਜ਼ਾਂ, ਡਾਕਟਰ ਤੇ ਹੋਰ ਸਟਾਫ ਨੂੰ ਜਿਥੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਬਰਸਾਤ ਦੇ ਦਿਨਾਂ ਵਿਚ ਫੈਲੇ ਮੱਖੀ ਮੱਛਰਾਂ ਤੋਂ ਭਿਆਨਕ ਬੀਮਾਰੀਆਂ ਫੈਲਣ ਦਾ ਵੀ ਖਦਸਾ ਬਣਿਆ ਰਹਿੰਦਾ ਹੈ। ਅੱਖਾਂ ਬੰਦ ਕਰੀ ਬੈਠਾ ਸਿਹਤ ਵਿਭਾਗ ਤੇ ਜ਼ਿਲਾ ਪ੍ਰਸ਼ਾਸਨ ਇਨ੍ਹਾਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਅਜਿਹੇ ਮਸਲਿਆਂ ਤੋਂ ਇਕ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਬੇਸ਼ੱਕ ਸਰਕਾਰਾਂ ਸਵੱਛਤਾ ਤੇ ਤੰਦਰੁਸਤੀ ਦੇ ਨਾਂ ’ਤੇ ਮੁਹਿੰਮਾਂ ਵਿੱਢਣ ਵਿਚ ਲੱਗੀਆਂ ਹੋਈਆਂ ਹਨ ਪਰ ਪ੍ਰਸ਼ਾਸਨ ਤੇ ਆਮ ਲੋਕ ਆਪਣੇ ਕੰਮ ਪ੍ਰਤੀ ਅਵੇਸਲੇ ਹੋਏ ਬੈਠੇ ਹਨ। 
 ਸਿਹਤ ਵਿਭਾਗ ਨੂੰ ਪੱਤਰ ਲਿਖਣ ਤੋਂ ਬਾਅਦ ਵੀ ਨਹੀਂ ਹੋਈ ਸਫਾਈ :  ਪਿੰਡਾਂ ਵਿਚ ਬਣੇ ਇਨ੍ਹਾਂ ਮੁੱਢਲੇ ਸਿਹਤ ਕੇਂਦਰਾਂ ਦੀ ਸਫਾਈ ਪੱਖੋਂ ਬਹੁਤ ਹੀ ਮਾਡ਼ੀ ਹਾਲਤ ਹੈ, ਜਿਸ ਦਾ ਪ੍ਰਮੁੱਖ ਕਾਰਨ ਇਨ੍ਹਾਂ ਕੇਂਦਰਾਂ ਵਿਚ ਸਫਾਈ ਸੇਵਕਾਂ ਦਾ ਨਾ ਹੋਣਾ ਹੈ, ਜਿਸ ਕਾਰਨ ਇਨ੍ਹਾਂ ਸਿਹਤ ਕੇਂਦਰਾਂ ਦੀ ਹਾਲਤ ਦਿਨੋਂ ਦਿਨ ਸਫਾਈ ਪੱਖੋਂ ਬਦਤਰ ਹੁੰਦੀ ਜਾ ਰਹੀ ਹੈ। ਕੇਂਦਰਾਂ ਵਿਚ ਮੌਜੂਦ ਡਾਕਟਰਾਂ ਵਲੋਂ ਵਿਭਾਗ ਨੂੰ ਸਫਾਈ ਸਬੰਧੀ ਵਾਰ-ਵਾਰ ਪੱਤਰ ਲਿਖੇ ਜਾਂਦੇ ਹਨ ਪਰ ਕੋਈ ਹੱਲ ਨਹੀਂ ਨਿਕਲਦਾ।
 ਗੰਦਗੀ ਫੈਲਾਉਣ ਲਈ ਪਿੰਡਾਂ ਦੇ ਲੋਕ ਵੀ ਨਹੀਂ ਛੱਡਦੇ ਕੋਈ ਕਸਰ :  ਸਵੱਛ ਭਾਰਤ ਮੁਹਿੰਮ ਹੋਵੇ ਜਾਂ ਤੰਦਰੁਸਤ ਪੰਜਾਬ ਫਿਰ ਵੀ ਲੋਕ ਸਾਫ ਸਫਾਈ ਵੱਲ ਬਿਲਕੁੱਲ ਧਿਆਨ ਨਹੀਂ ਦਿੰਦੇ। ਜ਼ਿਲੇ ਦੇ ਕਿਸੇ ਵੀ ਪਿੰਡ ਵਿਚ ਚਲੇ ਜਾਓ ਲੋਕਾਂ ਨੇ ਆਪਣੇ ਘਰਾਂ ਦੀ ਤੇ ਪਸ਼ੂਆਂ ਦੀ ਗੰਦਗੀ ਸਡ਼ਕ, ਸਕੂਲ, ਧਾਰਮਕ ਅਸਥਾਨਾਂ, ਸਿਹਤ ਕੇਂਦਰਾਂ ਤੇ ਸਰਕਾਰੀ ਇਮਾਰਤਾਂ ਦੇ ਨੇਡ਼ੇ ਸੁੱਟੀ ਹੁੰਦੀ ਹੈ। ਇਨ੍ਹਾਂ ਲੋਕਾਂ ’ਤੇ ਸਰਕਾਰੀ ਹਦਾਇਤਾਂ ਤੇ ਅਪੀਲਾਂ ਦਾ ਕੋਈ ਅਸਰ ਨਹੀਂ ਹੁੰਦਾ।
ਸਫਾਈ ਨੂੰ ਲੈ ਕੇ ਪੰਚਾਇਤਾਂ ਵੀ ਬੇਵੱਸ :  ਪਿੰਡਾਂ ਵਿਚ ਫੈਲੀ ਗੰਦਗੀ ਦੀ ਸਾਫ ਸਫਾਈ ਤੇ ਗੰਦਗੀ ਸੁੱਟਣ ਵਾਲਿਆਂ ’ਤੇ ਕਾਰਵਾਈ ਕਰਨ ਨੂੰ ਲੈ ਕੇ ਪਿੰਡਾਂ ਦੀਆਂ ਪੰਚਾਇਤਾਂ ਵੀ ਬੇਵੱਸ ਦਿਖਾਈ ਦੇ ਰਹੀਆਂ ਹਨ। ਪਿੰਡਾਂ ਵਿਚ ਜੇਕਰ ਸਰਪੰਚ ਜਾਂ ਪੰਚਾਇਤ ਮੈਂਬਰ ਕਿਸੇ ਨੂੰ ਜਨਤਕ ਥਾਂ ’ਤੇ ਗੰਦਗੀ ਸੁੱਟਣ ਲਈ ਰੋਕਦੇ ਹਨ ਤਾਂ ਪਿੰਡਾਂ ਵਿਚ ਪੈਦਾ ਹੋਈ ਆਪਸੀ ਧਡ਼ੇਬੰਦੀ ਕਾਰਨ ਲਡ਼ਾਈ, ਝਗਡ਼ਾ ਹੋਣ ਦਾ ਖਤਰਾ ਰਹਿੰਦਾ ਹੈ, ਜਿਸ ਕਾਰਨ ਪੰਚਾਇਤਾਂ ਜ਼ਿਆਦਾਤਰ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਘੱਟ ਹੀ ਦਖਲ ਦਿੰਦੀਆਂ ਹਨ।
ਸਾਫ-ਸਫਾਈ ਨੂੰ ਲੈ ਕੇ ਨੌਜਵਾਨ ਅੱਗੇ ਆਉਣ : ਪਿੰਡਾਂ ਵਿਚ ਦਿਨੋਂ ਦਿਨ ਫੈਲ ਰਹੀ ਗੰਦਗੀ ਨੂੰ ਸਾਫ ਕਰਵਾਉਣ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਨੌਜਵਾਨ ਪੀਡ਼੍ਹੀ ਨੂੰ ਅੱਗੇ ਆਉਣਾ ਚਾਹੀਦਾ ਹੈ। ਇਹ ਤਾਂ ਹੀ ਸਰਕਾਰੀ ਮੁਹਿੰਮਾਂ ਸਿਰੇ ਚਡ਼੍ਹ ਸਕਦੀਆਂ ਹਨ, ਜੇਕਰ ਸਬੰਧਤ ਵਿਭਾਗ ਤੇ ਜ਼ਿਲਾ ਪ੍ਰਸ਼ਾਸਨ ਉਨ੍ਹਾਂ ਦਾ ਸਾਥ ਦੇਣ।