ਸ਼ਹੀਦ ਬੇਅੰਤ ਸਿੰਘ ਦੀ ਯਾਦਗਾਰ ਦੀ ਮਾੜੀ ਹਾਲਤ ਵੇਖ ਕੇ ਕਾਂਗਰਸੀ ਭੜਕੇ

09/01/2017 6:41:37 AM

ਜਲੰਧਰ, (ਚੋਪੜਾ)- ਅੱਜ ਕਾਂਗਰਸੀ ਆਗੂਆਂ ਦਾ ਮੇਅਰ ਸੁਨੀਲ ਜੋਤੀ ਖਿਲਾਫ ਗੁੱਸਾ ਉਸ ਵੇਲੇ ਭੜਕ ਗਿਆ ਜਦੋਂ ਸਥਾਨਕ ਬੀ. ਐੱਮ. ਸੀ. ਚੌਕ ਵਿਚ ਸਥਾਪਿਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਹੀਦ ਬੇਅੰਤ ਸਿੰਘ ਦੀ ਯਾਦਗਾਰ ਦੀ ਮਾੜੀ ਹਾਲਤ ਵੇਖੀ, ਜਿਸ ਨਾਲ ਰੋਸ ਵਿਚ ਆਏ ਵਰਕਰਾਂ ਨੇ ਮੇਅਰ ਸੁਨੀਲ ਜੋਤੀ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। 
ਨਗਰ ਨਿਗਮ ਨੇ ਸ਼ਹੀਦ ਬੇਅੰਤ ਸਿੰਘ ਦੀ ਯਾਦਗਾਰ 'ਤੇ ਨਾ ਤਾਂ ਸਫਾਈ ਦਾ ਹੀ ਕੋਈ ਢੁੱਕਵਾਂ ਪ੍ਰਬੰਧ ਕਰਵਾਇਆ ਤੇ ਨਾ ਹੀ ਉਨ੍ਹਾਂ ਦੇ ਬੁੱਤ ਤਕ ਪਹੁੰਚਣ ਲਈ ਲੋਹੇ ਦਾ ਰੈਂਪ ਫਿਟ ਕਰਵਾਇਆ, ਜਿਸ ਕਾਰਨ ਕਾਂਗਰਸੀ ਵਰਕਰ ਆਪਣੇ ਸਵਰਗੀ ਆਗੂ ਦੀ ਮੂਰਤੀ ਦੇ ਗਲ ਵਿਚ ਫੁੱਲਾਂ ਦੇ ਹਾਰ ਪਾ ਕੇ ਆਪਣੀ ਸ਼ਰਧਾ ਦੇ ਫੁੱਲ ਨਹੀਂ ਭੇਟ ਕਰ ਸਕੇ। ਵਰਕਰਾਂ ਨੇ ਮੂਰਤੀ ਦੇ ਪੈਰਾਂ ਵਿਚ ਫੁੱਲ ਰੱਖ ਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ। 
ਕਾਂਗਰਸ ਦੇ ਵਿਰੋਧ ਦੀ ਸੂਚਨਾ ਮਿਲਦਿਆਂ ਹੀ ਨਿਗਮ ਅਧਿਕਾਰੀਆਂ ਨੇ ਟਰਾਲੀ ਵਿਚ ਰੱਖ ਕੇ ਰੈਂਪ ਭਿਜਵਾਇਆ ਪਰ ਭੜਕੇ ਵਰਕਰਾਂ ਨੇ ਰੈਂਪ ਵਾਪਸ ਭਿਜਵਾ ਦਿੱਤਾ। ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਮੇਅਰ ਸ਼ਹੀਦਾਂ ਦੇ ਸਨਮਾਨ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੇ ਹਨ, ਜੋ ਭਾਜਪਾ ਲਈ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਖਾਤਮੇ ਤੋਂ ਬਾਅਦ ਪੰਜਾਬ ਵਿਚ ਜੋ ਅਮਨ-ਸ਼ਾਂਤੀ ਆਈ ਹੈ, ਉਹ ਸਵ. ਬੇਅੰਤ ਸਿੰਘ ਦੀ ਹੀ ਦੇਣ ਹੈ। 
ਇਸ ਮੌਕੇ ਸੂਬਾ ਕਾਂਗਰਸ ਕਮੇਟੀ ਜਨਰਲ ਦੇ ਸਕੱਤਰ ਸਤਨਾਮ ਬਿੱਟਾ ਤੇ ਅੰਮ੍ਰਿਤ ਖੋਸਲਾ, ਸੂਬਾ ਕਾਂਗਰਸ ਦੇ ਸਕੱਤਰ ਯਸ਼ਪਾਲ ਧੀਮਾਨ, ਅਸ਼ੋਕ ਗੁਪਤਾ, ਸਰਦਾਰੀ ਲਾਲ ਭਗਤ, ਰਜਨੀਸ਼ ਚਾਚਾ, ਰਾਜੇਸ਼ ਪਦਮ, ਰਾਜੇਸ਼ ਭੱਟੀ, ਗੀਤ ਰਤਨ ਖਹਿਰਾ, ਡਾ. ਮਨਜੀਤ ਸਰੋਆ, ਮਹਿਲਾ ਕਾਂਗਰਸ ਦੀ ਪ੍ਰਧਾਨ ਡਾ. ਜਸਲੀਨ ਸੇਠੀ, ਕੰਠ ਜੱਜ, ਕੇ. ਕੇ. ਬਾਂਸਲ, ਸੀਨੀਅਰ ਯੂਥ ਕਾਂਗਰਸੀ ਆਗੂ ਕਾਕੂ ਆਹਲੂਵਾਲੀਆ, ਹਰਕ੍ਰਿਸ਼ਨ ਸਿੰਘ ਬਾਵਾ, ਬਲਬੀਰ ਮਹੇ, ਜਗਦੀਸ਼ ਦਕੋਹਾ, ਬਲਾਕ ਕਾਂਗਰਸ ਪ੍ਰਧਾਨ ਹਰਜਿੰਦਰ ਸਿੰਘ ਲਾਡਾ, ਰਾਤੁਲ ਸ਼ਰਮਾ, ਰਾਜ ਕੁਮਾਰ ਰਾਜੂ, ਪਵਨ ਸ਼ਰਮਾ, ਯਸ਼ਵੰਤ ਖੋਸਲਾ, ਐਡਵੋਕੇਟ ਸੂਰਜ ਲਾਡੀ ਤੇ ਹੋਰ ਵੀ ਮੌਜੂਦ ਸਨ। 
ਕਾਂਗਰਸ ਦਾ ਮੇਅਰ ਬਣਨ ਤੱਕ ਸ਼ਹਿਰ ਵਿਚ ਸਥਾਪਿਤ ਸ਼ਹੀਦਾਂ ਦੀਆਂ ਯਾਦਗਾਰਾਂ ਦੀ ਸਾਫ-ਸਫਾਈ ਕਰਨਗੇ ਕਾਂਗਰਸੀ 
ਇਸ ਦੌਰਾਨ ਕਾਂਗਰਸੀ ਆਗੂਆਂ ਨੇ ਕਿਹਾ ਕਿ ਨਿਗਮ ਦੀ ਨਾਲਾਇਕੀ ਕਾਰਨ ਸ਼ਹਿਰ ਵਿਚ ਸ਼ਹੀਦਾਂ ਦੀਆਂ ਯਾਦਗਾਰਾਂ ਮਾੜੀ ਹਾਲਤ ਵਿਚ ਹਨ, ਜਿਸ ਕਾਰਨ ਯਾਦਗਾਰਾਂ ਦਾ ਅਪਮਾਨ ਹੋ ਰਿਹਾ ਹੈ, ਜਿਸ ਨੂੰ ਕਾਂਗਰਸ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਕੱਲ ਕਾਂਗਰਸ ਦੇ ਬਲਾਕ ਪ੍ਰਧਾਨ ਰਾਜ ਕੁਮਾਰ ਰਾਜੂ ਨੇ ਸਵ. ਬੇਅੰਤ ਸਿੰਘ ਦੇ ਬੁੱਤ ਨੂੰ ਦੁੱਧ ਨਾਲ ਸਾਫ ਕੀਤਾ ਸੀ, ਜਿਸ ਨੂੰ ਕਰਨ ਦੀ ਜ਼ਿੰਮੇਵਾਰੀ ਨਿਗਮ ਦੀ ਸੀ। ਇਸ ਦੌਰਾਨ ਭੜਕੇ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਜਦੋਂ ਤੱਕ ਕਾਂਗਰਸ ਦਾ ਮੇਅਰ ਨਹੀਂ ਬਣ ਜਾਂਦਾ ਤਦ ਤੱਕ ਜਲੰਧਰ ਸ਼ਹਿਰ ਵਿਚ ਜਿੰਨੀਆਂ ਵੀ ਸ਼ਹੀਦਾਂ ਤੇ ਪ੍ਰਮੁੱਖ ਆਗੂਆਂ ਦੀਆਂ ਯਾਦਗਾਰਾਂ ਹਨ, ਉਨ੍ਹਾਂ ਦੀ ਸਾਫ-ਸਫਾਈ ਕਾਂਗਰਸੀ ਵਰਕਰ ਕਰਨਗੇ ਤੇ ਸ਼ਹੀਦਾਂ ਨਾਲ ਸੰਬੰਧਤ ਪਾਰਕਾਂ ਵਿਚ ਬੂਟੇ ਲਾਉਣਗੇ। ਇਸ ਦੌਰਾਨ ਉਨ੍ਹਾਂ ਬੇਅੰਤ ਸਿੰਘ ਦੀ ਯਾਦਗਾਰ 'ਤੇ ਵੀ ਬੂਟੇ ਲਾਏ।