ਪੰਜਾਬ ''ਚ ਲੋਕਾਂ ਲਈ ਸਾਹ ਲੈਣਾ ਹੋਇਆ ਔਖਾ, ਆਬੋ ਹਵਾ ''ਚ ਘੁਲਿਆ ਗੱਡੀਆਂ ਤੇ ਪਰਾਲੀ ਦਾ ਧੂੰਆਂ (ਤਸਵੀਰਾਂ)

11/13/2021 11:56:42 AM

ਪਟਿਆਲਾ/ਰੱਖੜਾ (ਰਾਣਾ) : ਪਿਛਲੇ ਕਈ ਦਿਨਾਂ ਤੋਂ ਸੂਬੇ ਅੰਦਰ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦਰਮਿਆਨ ਆਬੋ ਹਵਾ ’ਚ ਇਸ ਧੂੰਏਂ ਦੇ ਨਾਲ ਵਾਹਨਾਂ ਦਾ ਧੂੰਆਂ ਵੀ ਘੁਲ ਗਿਆ ਹੈ। ਇਸ ਕਾਰਨ ਪੰਜਾਬ ਦੇ ਲੋਕਾਂ ਲਈ ਸਾਹ ਲੈਣ ’ਚ ਮੁਸ਼ਕਲ ਪੈਦਾ ਕਰ ਰਿਹਾ ਹੈ। ਇੰਨਾ ਹੀ ਨਹੀਂ ਕੋਰੋਨਾ ਮਹਾਮਾਰੀ ਵਾਂਗ ਆਕਸੀਜ਼ਨ ਦੀ ਕਮੀ ਵਾਲੇ ਹਾਲਾਤ ਬਣਦੇ ਜਾ ਰਹੇ ਹਨ। ਭਾਵੇਂ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਮੇਂ ਦੀਆਂ ਸਰਕਾਰਾਂ ਵਾਤਾਵਰਣ ਦੀ ਸ਼ੁੱਧਤਾ ਲਈ ਵੱਡੇ-ਵੱਡੇ ਦਮਗੱਜੇ ਮਾਰ ਰਹੀਆਂ ਹਨ ਪਰ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਹੁਕਮ ਜਾਰੀ ਕੀਤੇ ਸਨ ਅਤੇ ਦੂਜੇ ਪਾਸੇ ਕਿਸਾਨਾਂ ਨੇ ਵੀ ਸਾਫ਼ ਤੌਰ ’ਤੇ ਪਰਾਲੀ ਨੂੰ ਅੱਗ ਲਗਾਉਣ ਲਈ ਐਲਾਨ ਕਰ ਦਿੱਤੇ ਸਨ, ਜਿਸ ਦਾ ਖਮਿਆਜ਼ਾ ਪੰਜਾਬੀਆਂ ਨੂੰ ਸਿੱਧੇ ਤੇ ਅਸਿੱਧੇ ਤੌਰ ’ਤੇ ਭੁਗਤਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਪਾਖੰਡੀ ਬਾਬੇ ਦੇ ਦਰਬਾਰ ਚੌਂਕੀ ਭਰਨ ਗਈ ਜਨਾਨੀ ਨਾਲ ਜੋ ਵਾਪਰਿਆ, ਸੁਣ ਕੰਬ ਗਿਆ ਹਰ ਕਿਸੇ ਦਾ ਦਿਲ

ਇਸ ਸਮੱਸਿਆ ਦੇ ਫ਼ੌਰੀ ਹੱਲ ਲਈ ਸਮੁੱਚੀ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਬੇਵੱਸ ਨਜ਼ਰ ਆ ਰਹੇ ਹਨ। ਪ੍ਰਸ਼ਾਸਨ ਕੋਲ ਪ੍ਰਦੂਸ਼ਣ ਮਾਪਣ ਦੇ ਯੰਤਰ ਤਾਂ ਮੌਜੂਦ ਹਨ ਪਰ ਪ੍ਰਦੂਸ਼ਣ ਘਟਾਉਣ ਵਾਲੇ ਯੰਤਰ ਨਹੀਂ। ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੀ ਆਬੋ-ਹਵਾ ਨੂੰ ਸ਼ੁੱਧ ਕਰਨ ਲਈ ਨਵੀਂ ਤਕਨੀਕ ਵਾਲਾ ਟਾਵਰ ਲਗਾਇਆ ਹੈ, ਜਿਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ਟਾਵਰ ਪੰਜਾਬ ਦੇ ਸਮੁੱਚੇ ਸ਼ਹਿਰਾਂ ਅੰਦਰ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਪੰਜਾਬ ਦੇ ਵਸਨੀਕ ਵੀ ਸ਼ੁੱਧ ਹਵਾ ’ਚ ਸਾਹ ਲੈ ਸਕਣ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਦਿੱਲੀ ਟਰੈਕਟਰ ਰੈਲੀ ਦੌਰਾਨ ਗ੍ਰਿਫ਼ਤਾਰ ਲੋਕਾਂ ਨੂੰ ਦੇਵੇਗੀ 2-2 ਲੱਖ ਦਾ ਮੁਆਵਜ਼ਾ


52 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਸਾੜੇ ਖੇਤ, ਸੰਗਰੂਰ ਰਿਹਾ ਮੋਹਰੀ
ਪਿਛਲੇ ਇਕ ਹਫ਼ਤੇ ਅੰਦਰ ਸੂਬੇ ਦੇ 52 ਹਜ਼ਾਰ ਤੋਂ ਵੱਧ ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਆਬੋ-ਹਵਾ ਨੂੰ ਖ਼ਰਾਬ ਕਰ ਚੁੱਕੇ ਹਨ, ਜਿਸ ’ਚ ਜ਼ਿਲ੍ਹਾ ਸੰਗਰੂਰ ਦੇ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਵਿਚ ਮੋਹਰੀ ਰਹੇ। ਉਥੇ ਹੀ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਵੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਭਾਵੇਂ ਕਿ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਸਨ ਪਰ ਵੋਟ ਰਾਜ ਨੇ ਸਮੁੱਚੀ ਸਥਿਤੀ ਨੂੰ ਖ਼ਤਮ ਕੀਤਾ ਹੋਇਆ ਹੈ। ਇਸ ਕਾਰਨ ਕਿਸਾਨਾਂ ਵੱਲੋਂ ਜਿੱਥੇ ਪਰਾਲੀ ਨੂੰ ਸ਼ਰੇਆਮ ਅੱਗ ਲਗਾਈ ਗਈ। ਭਾਵੇਂ ਕਿ ਪਿਛਲੇ ਸਾਲਾਂ ਨਾਲੋਂ ਅੱਗ ਲਗਾਉਣ ਦੀ ਦਰ ਘਟੀ ਹੈ ਪਰ ਹਾਲੇ ਵੀ ਲੋਕਾਂ ’ਚ ਜਾਗਰੂਕਤਾ ਦੀ ਘਾਟ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੇ ਧਮਾਕੇ ਦੇ ਆਸਾਰ! CM ਚੰਨੀ ਤੇ ਸੋਨੂੰ ਸੂਦ ਵਿਚਾਲੇ ਮੁਲਾਕਾਤ ਦੀ ਚਰਚਾ


ਜ਼ਿਲ੍ਹਿਆਂ 'ਚ ਪਰਾਲੀ ਸਾੜਨ ਦੇ ਮਾਮਲੇ
ਬਠਿੰਡਾ 'ਚ 252, ਪਟਿਆਲਾ 'ਚ 378, ਸੰਗਰੂਰ 'ਚ 625, ਪਠਾਨਕੋਟ 'ਚ 1, ਬਰਨਾਲਾ 'ਚ 237, ਫਿਰੋਜ਼ਪੁਰ 'ਚ 302, ਕਪੂਰਥਲਾ 'ਚ 39, ਅੰਮ੍ਰਿਤਸਰ 'ਚ 59, ਸਾਹਿਬਜ਼ਾਦਾ ਅਜੀਤ ਸਿੰਘ ਨਗਰ 'ਚ 12, ਲੁਧਿਆਣਾ 'ਚ 379, ਹੁਸ਼ਿਆਰਪੁਰ 'ਚ 9, ਮੋਗਾ 'ਚ 479, ਜਲੰਧਰ 'ਚ 143, ਗੁਰਦਾਸਪੁਰ 'ਚ 43, ਮਾਨਸਾ 'ਚ 200, ਸ੍ਰੀ ਮੁਕਤਸਰ ਸਾਹਿਬ 'ਚ 244, ਫਰੀਦਕੋਟ 'ਚ 119, ਤਰਨਤਾਰਨ 'ਚ 87, ਸ਼ਹੀਦ ਭਗਤ ਸਿੰਘ ਨਗਰ 'ਚ 28, ਫਾਜ਼ਿਲਕਾ 'ਚ 111 ਅਤੇ ਮਾਲੇਰਕੋਟਲਾ 'ਚ 91 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ।


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 

Babita

This news is Content Editor Babita