ਪ੍ਰਦੂਸ਼ਣ ਕੰਟਰੋਲ ਵਿਭਾਗ ਨੇ 35 ਹਸਪਤਾਲਾਂ ''ਚ ਕੀਤੀ ਛਾਪੇਮਾਰੀ

04/24/2018 11:27:22 AM

ਲੁਧਿਆਣਾ (ਬਹਿਲ) : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਲੁਧਿਆਣਾ ਵਿਭਾਗ ਦੇ ਕੁੱਲ 4 ਰੇਂਜ ਦਫਤਰਾਂ ਦੀਆਂ ਟੀਮਾਂ ਨੇ ਮਹਾਨਗਰ ਦੇ 35 ਹਸਪਤਾਲਾਂ 'ਤੇ ਅਚਾਨਕ ਛਾਪੇਮਾਰੀ ਕਰ ਕੇ ਬਾਇਓਮੈਡੀਕਲ ਵੇਸਟ ਪ੍ਰਬੰਧ ਮਾਣਕਾਂ ਦੀ ਜਾਂਚ ਕੀਤੀ। ਐਕਸੀਅਨ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਵਿਚ ਵੱਖ-ਵੱਖ ਟੀਮਾਂ ਨੇ ਪ੍ਰਮੁੱਖ ਹਸਪਤਾਲਾਂ 'ਚ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਰੂਲਜ਼ 2016 ਦਾ ਉਲੰਘਣਾ ਕਰਨ ਦੇ 7 ਕੇਸ ਫੜ੍ਹੇ। ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਆਰ. ਓ.-1 ਦੇ ਐਕਸੀਅਨ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਦੀ ਰੇਂਜ ਵਿਚ ਆਉਂਦੇ 10 ਹਸਪਤਾਲਾਂ ਵਿਚ ਜਾਂਚ ਦੌਰਾਨ 8 ਹਸਪਤਾਲਾਂ ਨੂੰ ਨਿਯਮਾਂ ਦਾ ਪਾਲਣ ਕਰਦੇ ਪਾਇਆ, ਜਦੋਂਕਿ 2 ਹਸਪਤਾਲ ਨਿਯਮਾਂ ਦੀ ਉਲੰਘਣਾ ਕਰਦੇ ਫੜੇ। ਆਰ. ਓ.-2 ਦੇ ਐਕਸੀਅਨ ਮਨੋਹਰ ਲਾਲ ਚੌਹਾਨ ਮੁਤਾਬਕ ਉਨ੍ਹਾਂ ਦੀ ਟੀਮ ਨੇ 10 ਹਸਪਤਾਲਾਂ ਦੀ ਬਾਇਓ ਮੈਡੀਕਲ ਵੇਸਟ ਮੈਨੈਜਮੈਂਟ ਦੀ ਜਾਂਚ ਵਿਚ 7 ਹਸਪਤਾਲਾਂ ਨੂੰ ਨਿਯਮਾਂ ਦਾ ਪਾਲਣ ਕਰਦੇ ਫੜਿਆ, ਜਦੋਂਕਿ 3 ਹਸਪਤਾਲ ਨਿਯਮਾਂ ਦੀ ਉਲੰਘਣਾ ਦੇ ਦੋਸ਼ੀ ਪਾਏ ਗਏ। ਆਰ. ਓ. 3 ਦੇ ਐਕਸੀਅਨ ਪ੍ਰਦੀਪ ਬੱਲੂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ 10 ਹਸਪਤਾਲਾਂ ਦੀ ਅਚਾਨਕ ਜਾਂਚ ਵਿਚ 8 ਹਸਤਪਾਲਾਂ ਨੂੰ ਸਹੀ ਪਾਇਆ, ਜਦੋਂਕਿ 2 ਹਸਪਤਾਲ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ੀ ਪਾਏ ਗਏ। ਇਨ੍ਹਾਂ ਵਿਚੋਂ ਈ. ਐੱਸ. ਆਈ. ਹਸਪਤਾਲ ਨੂੰ ਸਾਲਿਡ ਵੇਸਟ ਅਤੇ ਮਿਊਂਸੀਪਲ ਵੇਸਟ ਨੂੰ ਵੱਖ ਨਾ ਰੱਖਣ ਦੀ ਉਲੰਘਣਾ ਕਰਦੇ ਪਾਇਆ। ਆਰ. ਓ.-4 ਦੇ ਐਕਸੀਅਨ ਜੀ. ਐੱਸ. ਗਿੱਲ ਨੇ ਦੱਸਿਆ ਕਿ ਉਨ੍ਹਾਂ ਦੀ ਰੇਂਜ ਦੀ ਟੀਮ ਨੇ 5 ਹਸਪਤਾਲਾਂ ਦਾ ਅਚਾਨਕ ਦੌਰਾ ਕਰ ਕੇ ਜਾਂਚ ਕੀਤੀ ਅਤੇ ਸਬੰਧਤ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ।ਵਿਭਾਗ ਵਿਚ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹਸਪਤਾਲਾਂ ਵਿਰੁੱਧ ਵਾਤਾਵਰਣ ਸੁਰੱਖਿਆ ਐਕਟ 1986 ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਪੰਜਾਬ ਵਿਚ ਬਾਇਓਮੈਡੀਕਲ ਵੇਸਟ ਟ੍ਰੀਟਮੈਂਟ ਹਿੱਤ ਲੁਧਿਆਣਾ, ਅੰਮ੍ਰਿਤਸਰ, ਪਠਾਨਕੋਟ ਅਤੇ ਐੱਸ. ਏ. ਐੱਸ. ਨਗਰ ਵਿਚ ਕੁੱਲ 4 ਕੇਂਦਰ ਬਣੇ ਹਨ।