ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਫਰਨਿਸਜ਼ ਲਈ ਨਵਾਂ ਪ੍ਰਦੂਸ਼ਣ-ਰੋਕੂ ਯੰਤਰ ਈਜਾਦ

01/15/2018 4:25:54 AM

ਪਟਿਆਲਾ (ਬਲਜਿੰਦਰ, ਰਾਣਾ) - ਮੰਡੀ ਗੋਬਿੰਦਗੜ੍ਹ ਵਿਚਲੇ ਹਵਾ ਪ੍ਰਦੂਸ਼ਣ ਪ੍ਰਤੀ ਗੰਭੀਰ ਹੁੰਦਿਆਂ ਇੱਥੋਂ ਦੀਆਂ ਲੋਹਾ ਢਲਾਈ ਮਿੱਲਾਂ ਲਈ ਹਵਾ ਪ੍ਰਦੂਸ਼ਣ ਕੰਟਰੋਲ ਯੰਤਰ ਬਣਵਾਇਆ ਗਿਆ ਹੈ। ਗੋਬਿੰਦਗੜ੍ਹ ਦੀ ਹਵਾ-ਕੁਆਲਟੀ ਮਾੜੀ ਹੋਣ ਦਾ ਵੱਡਾ ਕਾਰਨ ਇਨ੍ਹਾਂ ਢਲਾਈ ਮਿੱਲਾਂ ਦਾ ਧੂੰਆਂ ਹੀ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਹ ਯੰਤਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਤੋਂ ਬਣਵਾਇਆ ਹੈ, ਜਿਸ ਦਾ ਮੁੱਖ ਉਦੇਸ਼ ਹਵਾ ਪ੍ਰਦੂਸ਼ਣ ਨੂੰ ਸਰੋਤ 'ਤੇ ਹੀ ਕਾਬੂ ਕਰ ਕੇ ਸ਼ਹਿਰ ਦੀ ਹਵਾ ਵਿਚ ਆ ਰਹੀ ਗਿਰਾਵਟ ਨੂੰ ਠੱਲ੍ਹਿਆ ਜਾ ਸਕੇ। ਇਹ ਯੰਤਰ ਬੋਰਡ ਨੇ ਇਕ ਮਾਡਲ ਵਜੋਂ ਆਰ. ਪੀ. ਮਲਟੀਮੈਟਲਜ਼ ਅਤੇ ਦਸਮੇਸ਼ ਕਾਸਟਿੰਗ ਵਿਖੇ ਲਵਾਇਆ ਹੈ।
ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਨੇ ਦੱਸਿਆ ਕਿ ਗੋਬਿੰਦਗੜ੍ਹ ਦੇ ਉਦਯੋਗਪਤੀਆਂ ਨੂੰ ਕੱਲ ਇਹ ਯੰਤਰ ਲੱਗਣ ਉਪਰੰਤ ਚਲਾ ਕੇ ਦਿਖਾਇਆ ਗਿਆ ਤਾਂ ਜੋ ਤਸੱਲੀ ਉਪਰੰਤ ਇਹ ਸਿਸਟਮ ਸਾਰੀਆਂ ਢਲਾਈ ਮਿੱਲਾਂ 'ਤੇ ਲਾਇਆ ਜਾ ਸਕੇ। ਇੰਡਕਸ਼ਨ ਫਰਨਿਸ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਗੁਪਤਾ ਨੇ ਚੇਅਰਮੈਨ ਪਨੂੰ ਨੂੰ ਵਿਸ਼ਵਾਸ ਦਿਵਾਇਆ ਕਿ ਗੋਬਿੰਦਗੜ੍ਹ ਦੀ ਹਵਾ ਦੀ ਕੁਆਲਟੀ ਵਿਚ ਗੁਣਾਤਮਕ ਸੁਧਾਰ ਲਿਆਉਣ ਲਈ ਇਹ ਯੰਤਰ ਸਾਰੀਆਂ ਢਲਾਈ ਮਿੱਲਾਂ ਵਿਚ ਲਾਏ ਜਾਣਗੇ।
ਮੁੱਖ ਵਾਤਾਵਰਣ ਇੰਜੀਨੀਅਰ ਕਰੁਣੇਸ਼ ਗਰਗ ਨੇ ਦੱਸਿਆ ਕਿ ਬੋਰਡ ਇਸ ਪ੍ਰਾਜੈਕਟ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰੇਗਾ। ਸ਼੍ਰੀ ਵਿਨੋਦ ਵਸ਼ਿਸ਼ਟ ਆਲ ਇੰਡੀਆ ਸਟੀਲ ਰੀਰੋਲਰਜ਼ ਦੇ ਪ੍ਰਧਾਨ ਨੇ ਬੋਰਡ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਪੰਜਾਬ ਦੇ ਸਾਰੇ ਯੂਨਿਟਾਂ ਵਿਚ ਲਾਉਣ ਲਈ ਪੂਰੀ ਵਾਹ ਲਾਈ ਜਾਵੇਗੀ।