ਸੀਗਲ ਇੰਡੀਆ ਦੇ ਲੁੱਕ ਪਲਾਂਟ ’ਤੇ ਪ੍ਰਦੂਸ਼ਣ ਬੋਰਡ ਨੇ ਮਾਰਿਆ ਛਾਪਾ

12/11/2019 1:59:59 PM

ਮੱਖੂ (ਵਾਹੀ) - ਕੇਂਦਰ ਤੇ ਸੂਬਾ ਸਰਕਾਰ ਜਿਥੇ ਮਾਣਯੋਗ ਅਦਾਲਤਾਂ ਨਾਲ ਮਿਲ ਕੇ ਪ੍ਰਦੂਸ਼ਣ ਦੇ ਕੰਟਰੋਲ ਲਈ ਪਰਾਲੀ ਸਾੜਣ ’ਤੇ ਪਾਬੰਦੀ ਲੱਗਾ ਰਹੀ ਹੈ, ਉਥੇ ਹੀ ਨੈਸ਼ਨਲ ਹਾਈਵੇ 54 ਮੱਖੂ ਨੇੜੇ ਲੱਗੇ ਸੀਗਲ ਇੰਡੀਆ ਲਿਮਟਿਡ ਕੰਪਨੀ ਦੇ ਲੁੱਕ ਪਲਾਂਟ ਦਾ ਧੂੰਆਂ ਪ੍ਰਦੂਸ਼ਣ ਫੈਲਾ ਰਿਹਾ ਸੀ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਪਰਗਟ ਸਿੰਘ ਤਲਵੰਡੀ, ਯੂਥ ਵਿੰਗ ਦੇ ਪੰਜਾਬ ਪ੍ਰਧਾਨ ਲਖਵਿੰਦਰ ਸਿੰਘ ਪੀਰ ਮੁਹੰਮਦ ਅਤੇ ਭਗਵਾਨ ਸਿੰਘ ਗੱਟਾ ਜ਼ਿਲਾ ਮੀਤ ਪ੍ਰਧਾਨ ਨੇ ਪੰਜਾਬ ਪ੍ਰਦੂਸ਼ਣ ਬੋਰਡ ਨੂੰ ਇਸ ਦੀ ਲਿਖਤੀ ਸ਼ਿਕਾਇਤ ਕੀਤੀ ਸੀ, ਜਿਸ ’ਤੇ ਕਾਰਵਾਈ ਕਰਦਿਆਂ ਐੱਸ. ਡੀ. ਓ. ਪ੍ਰਦੂਸ਼ਣ ਬੋਰਡ ਨੇ ਛਾਪੇਮਾਰੀ ਕੀਤੀ। 

ਐੱਸ. ਡੀ. ਓ. ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੰਪਨੀ ਕੋਲ ਹਾਟ ਮਿਕਸ ਪਲਾਂਟ ਦੀ ਮਨਜ਼ੂਰੀ ਨਹੀਂ, ਜੋ ਜ਼ਰੂਰੀ ਹੁੰਦੀ ਹੈ। ਇਸ ਕੰਪਨੀ ਦੇ ਪਲਾਂਟ ’ਚ ਲੁੱਕ ਗਰਮ ਕਰਕੇ ਬੱਜਰੀ ’ਚ ਮਿਲਾਈ ਜਾਂਦੀ ਹੈ। ਚਿਮਨੀ ਦੇ ਧੂੰਏ ਕਾਰਨ ਵਿਚਲਾ ਫਿਲਟਰ ਜਾਮ ਹੋ ਗਿਆ ਹੈ। ਇਸ ਤੋਂ ਇਲਾਵਾ ਲੁੱਕ ਗਰਮ ਕਰਨ ਵਾਲੇ ਇਕ ਡਰਮ ਵਿਚੋਂ ਵੀ ਲੀਕੇਜ ਹੋ ਰਹੀ ਹੈ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਐੱਸ. ਡੀ. ਓ. ਨੇ ਦੱਸਿਆ ਕਿ ਇਹ ਪਲਾਂਟ ਕਾਨੂੰਨੀ ਤੌਰ ’ਤੇ ਪਿੰਡ ਦੀ ਫਿਰਨੀ ਤੋਂ 500 ਮੀਟਰ ਦੂਰ ਹੋਣਾ ਚਾਹੀਦਾ ਹੈ। ਗੁਰਦੁਆਰਾ, ਮੰਦਰ ਅਤੇ ਸ਼ਮਸ਼ਾਨਘਾਟ ਤੋਂ ਇਸ ਦੀ ਦੂਰੀ 300 ਮੀਟਰ ਹੋਣੀ ਚਾਹੀਦੀ ਹੈ। ਪੰਛੀ ਰੱਖ ਤੋਂ ਵੀ ਇਹ ਪਲਾਂਟ 300 ਮੀਟਰ ਦੂਰ ਹੋਣਾ ਚਾਹੀਦਾ ਹੈ ਪਰ ਇਸ ਦੇ ਨੇੜੇ ਕਈ ਢਾਣੀਆਂ ਹਨ, ਜਿਸ ਸਬੰਧੀ ਮਹਿਕਮਾ ਤਹਿਸੀਲਦਾਰ ਤੋਂ ਮਿਣਤੀ ਕਰਵਾਏਗਾ।

ਵਰਣਨਯੋਗ ਹੈ ਕਿ ਐੱਸ. ਡੀ. ਓ. ਦੀ ਪੂਰੀ ਕਾਰਵਾਈ ਗੋਂਗਲੂਆਂ ਤੋਂ ਮਿੱਟੀ ਝਾਡ਼ਣ ਵਾਲੀ ਪ੍ਰਤੀਤ ਹੋ ਰਹੀ ਸੀ, ਜਿਸ ਕਾਰਨ ਉਸ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਗੋਲ-ਮੋਲ ਜਵਾਬ ਦਿੱਤਾ। ਸੀਗਲ ਇੰਡੀਆ ਕੰਪਨੀ ਵਲੋਂ ਬਿਨਾਂ ਮਨਜ਼ੂਰੀ ਪਲਾਂਟ ਚਲਾਏ ਜਾਣ ਸਬੰਧੀ ਪਹਿਕਮੇ ਨੂੰ ਜਾਣਕਾਰੀ ਨਾ ਹੋਣ ਸਬੰਧੀ ਉਨ੍ਹਾਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਬਣਦੀ ਕਾਰਵਾਈ ਸਬੰਧੀ ਉਨ੍ਹਾਂ 5 ਦਿਨਾਂ ਦਾ ਟਾਈਮ ਦੇਣ ਦੀ ਗੱਲ ਕਹੀ।  

ਇਸ ਪਲਾਂਟ ਦੇ ਧੂੰਏਂ ਦੀ ਦਿੱਕਤ ਕਾਰਨ ਕੀਤੀ ਸੀ ਲੋਕਾਂ ਨੇ ਸ਼ਿਕਾਇਤ
ਨੇੜਲੇ ਪਿੰਡ ਦੀਆਂ ਸੁਆਣੀਆਂ ਨੇ ਕਿਹਾ ਕਿ ਇਸ ਪਲਾਂਟ ਦੇ ਧੂੰਏਂ ਅਤੇ ਡਿੱਗਦੀ ਕਾਲਖ ਨੇ ਸਾਡਾ ਜਿਊਣਾ ਦੁੱਭਰ ਕਰ ਦਿੱਤਾ ਹੈ। ਸੁਆਣੀਆਂ ਨੇ ਦੱਸਿਆ ਕਿ ਘਰ ਦੀ ਜਿੰਨੀ ਮਰਜ਼ੀ ਸਫਾਈ ਕਰ ਲਈਏ, ਕੁਝ ਸਮੇਂ ਬਾਅਦ ਵਿਹੜਾ ਅਤੇ ਤਾਰਾਂ ’ਤੇ ਪਾਏ ਧੋਤੇ ਕੱਪੜੇ ਕਾਲਖ ਨਾਲ ਭਰ ਜਾਂਦੇ ਹਨ। ਇਸ ਪਲਾਂਟ ਦੇ ਧੂੰਏਂ ਨਾਲ ਨੇੜਲੇ ਘਰਾਂ ਦੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਸਾਹ ਅਤੇ ਕਈ ਤਰ੍ਹਾਂ ਦੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਲੋਕਾਂ ਅਤੇ ਭਾਰਤੀ ਕਿਸਾਨ ਯੂਨੀਅਨ ਨੇ ਇਹ ਮਾਮਲਾ ਜ਼ਿਲੇ ਦੇ ਡੀ.ਸੀ ਦੇ ਧਿਆਨ ’ਚ ਲਿਆਂਦਾ ਸੀ, ਜਿਸ ਦੌਰਾਨ ਉਨ੍ਹਾਂ ਜਲਦੀ ਐਕਸ਼ਨ ਲੈਣ ਦੀ ਗੱਲ ਕਹੀ। ਉਧਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸਕੱਤਰ ਪੰਜਾਬ ਪਰਗਟ ਸਿੰਘ ਨੇ ਕਿਹਾ ਕਿ ਜੇਕਰ ਸਾਡੀ ਮੁਸ਼ਕਲ ਦਾ ਹੱਲ ਨਾ ਕੀਤਾ ਤਾਂ ਉਹ ਨੈਸ਼ਨਲ ਹਾਈਵੇ ਜਾਮ ਕਰ ਦੇਣਗੇ। ਕੰਪਨੀ ਦੇ ਮੈਨੇਜਰ ਨੇ ਇਕੱਠੇ ਹੋਏ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਕਿ 5 ਦਿਨਾਂ ਤੱਕ ਉਹ ਧੂੰਏਂ ਦਾ ਹੱਲ ਕਰ ਦੇਣਗੇ।


rajwinder kaur

Content Editor

Related News