ਪੰਜਾਬੀਆਂ ਦੀ ਸਿਹਤ ਨੂੰ ਨਿਗਲ ਰਿਹਾ ਹੈ ਪ੍ਰਦੂਸ਼ਣ

12/17/2017 3:16:29 PM

ਸੁਲਤਾਨਪੁਰ ਲੋਧੀ (ਧੀਰ) - ਪੰਜਾਬ ਦੀਆਂ ਸਨਅਤਾਂ ਵਲੋਂ ਨਿਕਾਸੀ ਨਾਲਿਆਂ 'ਚ ਸੁੱਟੀ ਜਾ ਰਹੀ ਰਹਿੰਦ-ਖੂੰਹਦ ਤੇ ਸੀਵਰੇਜ ਦੇ ਪਾਣੀ ਕਾਰਨ ਧਰਤੀ ਹੇਠਲੇ ਪਾਣੀ 'ਚ ਜਾ ਮਿਲੀਆਂ ਖਤਰਨਾਕ ਧਾਤਾਂ ਨੇ ਪੰਜਾਬੀਆਂ ਦੀ ਸਿਹਤ ਦਾਅ 'ਤੇ ਲਾਅ ਦਿੱਤੀ ਹੈ। ਇਸ ਵੇਲੇ ਜਦੋਂ ਪ੍ਰਦੂਸ਼ਣ ਅਹਿਮ ਮੁੱਦਾ ਬਣਿਆ ਹੋਇਆ ਹੈ ਤਾਂ ਸਮਾਜਿਕ ਧਿਰਾਂ ਵਲੋਂ ਇਸ ਗੰਭੀਰ ਮਸਲੇ 'ਤੇ ਵੀ ਧਿਆਨ ਦੇਣ ਦੀ ਮੰਗ ਕੀਤੀ ਜਾ ਰਹੀ ਹੈ। 
ਦੂਸ਼ਿਤ ਪਾਣੀ ਨਾਲ ਪੰਜਾਬ ਦਾ ਜ਼ਿਆਦਾਤਰ ਹਿੱਸਾ ਕੈਂਸਰ ਵਰਗੀ ਖਤਰਨਾਕ ਬੀਮਾਰੀ ਦੀ ਲਪੇਟ 'ਚ ਵੀ ਆ ਚੁੱਕਾ ਹੈ ਪਰ ਇਸ ਵੱਲ ਪੂਰੀ ਸੰਜੀਦਗੀ ਨਾਲ ਨਾ ਤਾਂ ਪ੍ਰਦੂਸ਼ਣ ਵਿਭਾਗ ਤੇ ਨਾ ਹੀ ਸਰਕਾਰਾਂ ਰਾਜਨੀਤਕ ਮਜਬੂਰੀ ਕਾਰਨ ਕੁਝ ਸਖਤ ਰਵੱਈਆ ਅਪਨਾਉਣ 'ਚ ਬੇਵੱਸ਼ ਹਨ ਜਿਸ ਦੀ ਸੂਬੇ ਨੂੰ ਕੀਮਤ ਆਪਣੇ ਨਿਰਮਲ ਸਮਝੇ ਜਾਂਦੇ ਨੀਰ ਦੇ ਜ਼ਹਿਰੀਲਾ ਹੋਣ ਦੇ ਰੂਪ 'ਚ ਚੁਕਾਉਣੀ ਪਈ ਹੈ। ਨਾ ਕੇਵਲ ਸਿਹਤ ਮਾਹਿਰ ਬਲਕਿ ਖੇਤੀ ਵਿਗਿਆਨੀ ਵੀ ਇਸ ਜ਼ਹਿਰੀਲੇ ਪਾਣੀ ਪ੍ਰਤੀ ਫਿਕਰਮੰਦ ਹਨ।

ਕਿਹੜੇ-ਕਿਹੜੇ ਖੇਤਰ 'ਚ ਹੈ ਹਾਲਤ ਗੰਭੀਰ 
ਲੁਧਿਆਣਾ ਜ਼ਿਲੇ ਦੀ ਸਨਅਤ ਇਕਾਈਆਂ ਦਾ ਗੰਦਾ ਪਾਣੀ ਬੁੱਢੇ ਨਾਲੇ 'ਚ, ਕਾਲਾ ਸੰਘਿਆਂ ਤੇ ਜਮਸ਼ੇਰ ਡਰੇਨ 'ਚ ਜਲੰਧਰ ਇਕਾਈਆਂ ਦਾ ਪਾਣੀ ਚਿੱਟੀ ਵੇਈਂ ਰਾਹੀਂ ਸਤਲੁਜ 'ਚ ਮਿਲ ਕੇ ਮਾਲਵਾ ਪੱਟੀ ਨੂੰ ਖਾ ਰਿਹਾ ਹੈ, ਜਿਸ ਕਾਰਨ ਉਥੋਂ ਦੇ ਵਸਨੀਕ ਲੋਕ ਬਗੈਰ ਸੋਧੇ ਹੋਏ ਪਾਣੀ ਪੀਣ ਲਈ ਮਜਬੂਰ ਹਨ। ਪੀਣ ਵਾਲੇ ਪਾਣੀ 'ਚ ਯੂਰੇਨੀਅਮ, ਸਿੱਕਾ, ਨਿਕਲ, ਫਲੋਰਾਈਡ ਵਰਗੇ ਖਤਰਨਾਕ ਤੱਤ ਹਨ ਜੋ ਮਨੁੱਖੀ ਸਰੀਰ 'ਚ ਜਾਣ ਨਾਲ ਹਾਈ ਬਲੱਡ ਪ੍ਰੈੱਸ਼ਰ, ਗੁਰਦਿਆਂ ਦਾ ਫੇਲ ਹੋਣਾ, ਪੇਟ ਤੇ ਅੰਤੜੀਆਂ ਦੀ ਸੋਜ, ਨਰਵਸ ਸਿਸਟਮ ਦਾ ਕਮਜ਼ੋਰ ਹੋਣਾ ਤੇ ਔਰਤਾਂ ਦੇ ਬਾਂਝਪਣ ਵਰਗੀ ਬੀਮਾਰੀ ਦਾ ਕਾਰਨ ਬਣ ਰਹੇ ਹਨ।