ਫਰਵਰੀ ਤੋਂ ਅਮਰਿੰਦਰ ਸਰਕਾਰ ਵਿਰੁੱਧ ਸ਼ੁਰੂ ਹੋਵੇਗੀ ''ਪੋਲ-ਖੋਲ੍ਹ ਲਹਿਰ''

01/12/2018 8:18:33 AM

ਚੰਡੀਗੜ੍ਹ  (ਪਰਾਸ਼ਰ) - ਸ਼੍ਰੋਮਣੀ ਅਕਾਲੀ ਦਲ ਅਮਰਿੰਦਰ ਸਰਕਾਰ ਵੱਲੋਂ ਕਿਸਾਨਾਂ, ਖੇਤ ਮਜ਼ਦੂਰਾਂ, ਦਲਿਤਾਂ ਅਤੇ ਪੱਛੜੀਆਂ ਸ਼ੇਣੀਆਂ ਨਾਲ ਕਰਜ਼ਾ ਮੁਆਫੀ ਦੇ ਮੁੱਦੇ 'ਤੇ ਕੀਤੇ ਗਏ ਧੋਖੇ ਵਿਰੁੱਧ ਅਗਲੇ ਮਹੀਨੇ ਤੋਂ ਸੂਬੇ 'ਚ 'ਪੋਲ-ਖੋਲ੍ਹ ਲਹਿਰ' ਸ਼ੁਰੂ ਕਰੇਗਾ। ਇਸ ਮੁਹਿੰਮ ਦੌਰਾਨ ਅਕਾਲੀ ਦਲ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਰੈਲੀਆਂ ਕਰੇਗਾ। ਇਸ ਦਾ ਐਲਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼ਾਮ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਕੀਤਾ। ਉਨ੍ਹਾਂ ਕਿਹਾ ਕਿ ਕੋਰ ਕਮੇਟੀ ਦਾ ਇਕ ਵਫ਼ਦ ਸ਼ੁੱਕਰਵਾਰ ਨੂੰ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਮਿਲੇਗਾ ਅਤੇ ਉਨ੍ਹਾਂ ਨੂੰ ਇਸ ਸੰਵੇਦਨਸ਼ੀਲ ਮੁੱਦੇ 'ਚ ਦਖ਼ਲ ਦੇਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਅਨੁਮਾਨ ਅਨੁਸਾਰ ਕਿਸਾਨਾਂ 'ਤੇ ਕੁਲ ਕਰਜ਼ੇ ਦਾ ਬੋਝ 90,000 ਕਰੋੜ ਤੋਂ ਵੀ ਜ਼ਿਆਦਾ ਹੈ ਪਰ ਅਮਰਿੰਦਰ ਸਰਕਾਰ ਨੇ ਜੋ 700 ਕਰੋੜ ਰੁਪਏ ਤੋਂ ਵੀ ਘੱਟ ਦੀ ਕਰਜ਼ਾ ਮੁਆਫੀ ਸਕੀਮ ਦਾ ਐਲਾਨ ਕੀਤਾ ਹੈ, ਉਸ ਨਾਲ ਸਿਰਫ਼ 1 ਫ਼ੀਸਦੀ ਕਿਸਾਨਾਂ ਨੂੰ ਹੀ ਮਾਮੂਲੀ ਲਾਭ ਪਹੁੰਚਿਆ ਹੈ। ਵਫ਼ਦ ਰਾਜਪਾਲ ਨੂੰ ਪੰਜਾਬ ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਏ ਜਾਣ ਦੀ ਵੀ ਮੰਗ ਕਰੇਗਾ ਕਿਉਂਕਿ ਅਕਾਲੀ ਦਲ ਨੂੰ ਮੌਜੂਦਾ ਜਸਟਿਸ ਰਣਜੀਤ ਸਿੰਘ 'ਤੇ ਆਧਾਰਿਤ ਕਮਿਸ਼ਨ 'ਤੇ ਕੋਈ ਭਰੋਸਾ ਨਹੀਂ ਹੈ। ਇਹ ਕਮਿਸ਼ਨ ਸਿਰਫ ਅਕਾਲੀਆਂ ਨੂੰ ਬਦਨਾਮ ਕਰਨ ਲਈ ਬਣਾਇਆ ਗਿਆ ਹੈ।