ਅਕਾਲੀ ਦਲ ਦੀਆਂ ਪੋਲ ਖੋਲ੍ਹ ਰੈਲੀਆਂ ਨੇ ਕੀਤੀ ਕਾਂਗਰਸ ਦੀ ਨੀਂਦ ਹਰਾਮ : ਧੁੱਗਾ

02/18/2018 6:53:22 AM

ਬਟਾਲਾ (ਬੇਰੀ) - ਅੱਜ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐੱਸ. ਸੀ. ਵਿੰਗ ਪੰਜਾਬ ਦੇ ਜਨਰਲ ਸਕੱਤਰ ਦੇਸ ਰਾਜ ਧੁੱਗਾ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜੋ ਪੋਲ ਖੋਲ੍ਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਨੇ ਕਾਂਗਰਸ ਦੀ ਨੀਂਦ ਹਰਾਮ ਕਰ ਦਿੱਤੀ ਹੈ ਕਿਉਂਕਿ ਇਨ੍ਹਾਂ ਰੈਲੀਆਂ 'ਚ ਹੋ ਰਹੇ ਇਕੱਠ ਕਾਂਗਰਸ ਦੇ ਗਲੇ ਦੀ ਹੱਡੀ ਬਣੇ ਹੋਏ ਹਨ। ਧੁੱਗਾ ਨੇ ਕਾਂਗਰਸ ਸਰਕਾਰ ਵੱਲੋਂ ਖਜ਼ਾਨਾ ਖਾਲੀ ਹੋਣ ਦੇ ਪਾਏ ਜਾ ਰਹੇ ਰੌਲੇ 'ਤੇ ਆਪਣਾ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਦਾ ਰੌਲਾ ਪਾਇਆ ਜਾ ਰਿਹਾ ਹੈ, ਜਦਕਿ ਇਹ ਝੂਠ ਹੈ ਕਿਉਂਕਿ ਜਦੋਂ ਸਰਕਾਰਾਂ ਬਦਲਦੀਆਂ ਹਨ ਤਾਂ ਪਿਛਲੀ ਸਰਕਾਰ ਵੱਲੋਂ ਖਜ਼ਾਨੇ 'ਚ ਜੋ ਪੈਸਾ ਰੱਖਿਆ ਹੁੰਦਾ ਹੈ, ਉਹ ਨਵੀਂ ਬਣੀ ਸਰਕਾਰ ਕੋਲ ਚਲਾ ਜਾਂਦਾ ਹੈ ਤੇ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਧੁੱਗਾ ਨੇ ਮੌਜੂਦਾ ਸਰਕਾਰ 'ਤੇ ਵਿਅੰਗ ਕਰਦਿਆਂ ਕਿਹਾ ਕਿ ਸਰਕਾਰ ਦਾ ਖਜ਼ਾਨਾ ਖਾਲੀ ਨਹੀਂ ਹੈ, ਬਲਕਿ ਸਰਕਾਰ ਦੀ ਅਕਲ ਦਾ ਖਾਨਾ ਖਾਲੀ ਹੈ। ਧੁੱਗਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਮੌਜੂਦਾ ਕੈਪਟਨ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਸਕੀਮਾਂ ਨੂੰ ਬੰਦ ਕਰ ਦਿੱਤਾ, ਜਿਸ ਨਾਲ ਹਰ ਵਰਗ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਐਕਸਾਈਜ਼ ਡਿਊਟੀ ਪੰਜਾਬ ਸਰਕਾਰ ਨੂੰ ਜਾਂਦੀ ਹੈ, ਜਿਸ ਦਾ ਰੈਵੀਨਿਊ ਪੰਜਾਬ ਸਰਕਾਰ ਅਜੇ ਤੱਕ ਇਕੱਠਾ ਨਹੀਂ ਕਰ ਸਕੀ ਤੇ ਹਰ ਫਰੰਟ 'ਤੇ ਫੇਲ ਸਾਬਿਤ ਹੋ ਰਹੀ ਹੈ। ਕਿਸਾਨਾਂ ਦੇ ਟਿਊਬਵੈੱਲਾਂ 'ਤੇ ਮੀਟਰ ਲਾ ਦਿੱਤੇ ਹਨ ਤੇ ਹਰ ਘਰ ਵਿਚ ਨੌਕਰੀ ਦੇਣ ਦਾ ਵਾਅਦਾ ਵੀ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਅੰਤ ਵਿਚ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗੱਠਜੋੜ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗਾ।