ਪੰਜਾਬ 'ਚ 'ਆਪਰੇਸ਼ਨ ਲੋਟਸ' 'ਤੇ ਭਖੀ ਸਿਆਸਤ, ਜਾਣੋ ਹੁਣ ਤੱਕ ਸਿਆਸੀ ਆਗੂਆਂ ਦੀ ਕੀ ਰਹੀ ਪ੍ਰਤੀਕਿਰਿਆ

09/14/2022 8:08:58 PM

ਜਲੰਧਰ : ਪੰਜਾਬ 'ਚ ਆਪਰੇਸ਼ਨ ਲੋਟਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖ ਚੁੱਕੀ ਹੈ। ਬੀਤੇ ਦਿਨ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਭਾਜਪਾ 'ਤੇ ਵਿਧਾਇਕਾਂ ਦੀ ਖ਼ਰੀਦੋ ਫਰੋਖ਼ਤ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲਗਾਏ ਸਨ ਜਿਸ ਦੇ ਜਵਾਬ ਵਿੱਚ ਅੱਜ ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖ਼ਤਰਾ ਭਾਜਪਾ ਤੋਂ ਨਹੀਂ ਸਗੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਹੈ। ਅਸ਼ਵਨੀ ਸ਼ਰਮਾ ਦੀ ਪ੍ਰੈੱਸ ਕਾਨਫਰੰਸ ਤੋਂ ਮਗਰੋਂ ਹਰਪਾਲ ਚੀਮਾ ਨੇ ਮੁੜ ਵੱਡੇ ਖ਼ੁਲਾਸੇ ਕਰਦਿਆਂ ਦਾਅਵਾ ਕੀਤਾ ਕਿ 'ਆਪ' ਵਿਧਾਇਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਉਹ ਸਬੂਤਾਂ ਸਮੇਤ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇਸਦੀ ਸ਼ਿਕਾਇਤ ਕਰਨਗੇ। ਜਾਣੋ ਹੁਣ ਤੱਕ ਇਸ ਮਾਮਲੇ ਵਿੱਚ ਕਿਸ ਆਗੂ ਨੇ ਕੀ-ਕੀ ਕਿਹਾ

ਹਰਪਾਲ ਚੀਮਾ ਦਾ ਦਾਅਵਾ
ਬੀਤੇ ਦਿਨ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਪੰਜਾਬ ਦੀ ਸਰਕਾਰ ਨੂੰ ਡੇਗਣ ਲਈ ਭਾਜਪਾ ਆਪਰੇਸ਼ਨ ਲੋਟਸ ਚਲਾ ਰਹੀ ਹੈ। ਇਸ ਆਪਰੇਸ਼ਨ ਦੇ ਤਹਿਤ ਪੰਜਾਬ 'ਚ ਵਿਧਾਇਕਾਂ ਨੂੰ ਖ਼ਰੀਦਣ ਲਈ ਭਾਜਪਾ ਨੇ 1375 ਕਰੋੜ ਰੁਪਏ ਰੱਖੇ ਹਨ। ਭਾਜਪਾ ਨੂੰ ਸੀਰੀਅਲ ਕਿੱਲਰ ਦੱਸਦਿਆਂ ਚੀਮਾ ਨੇ ਕਿਹਾ ਸੀ ਕਿ ਭਾਜਪਾ ਹਰ ਸੂਬੇ ਵਿਚ ਡਰ, ਭੈਅ ਅਤੇ ਦਹਿਸ਼ਤ ਪੈਦਾ ਕਰਕੇ ਸਰਕਾਰਾਂ ਤੋੜਨ ਦੀ ਕੋਸ਼ਿਸ਼ ਕਰਦੀ ਹੈ, ਜਿਸ ਤਹਿਤ ਸ਼ਰੇਆਮ ਦੇਸ਼ ਅੰਦਰ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ। ਚੀਮਾ ਨੇ ਕਿਹਾ ਸੀ ਕਿ ਭਾਜਪਾ ਗੋਆ, ਮੱਧ ਪ੍ਰਦੇਸ਼ ਅਤੇ ਦਿੱਲੀ ਸਣੇ ਦੇਸ਼ ਦੇ ਬਹੁਤ ਸਾਰੇ ਸੂਬਿਆਂ ਵਿਚ ਇਸ ਆਪ੍ਰੇਸ਼ਨ ਤਹਿਤ ਸਰਕਾਰਾਂ ਸੁੱਟਣ ਦੀਆਂ ਕੋਸ਼ਿਸ਼ਾਂ ਕਰ ਚੁੱਕੀ ਹੈ।

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਪ੍ਰੈਸ ਕਾਨਫਰੰਸ
ਇਸ ਮਸਲੇ 'ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਿਆਨ ਵੀ ਸਾਹਮਏ ਆਇਆ ਹੈ। ਰਾਜਾ ਵੜਿੰਗ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਆਪਣੀ ਅਸਫ਼ਲਤਾ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੇ ਇਲਜ਼ਾਮ ਲਗਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਵਿਰੋਧੀ ਪਾਰਟੀਆਂ ਸਰਕਾਰਾਂ ਦੇ ਵਿਧਾਇਕ ਖ਼ਰੀਦ ਕੇ ਸਰਕਾਰ ਸਥਿਰ ਕਰਾਉਣ ਦੀ ਕੋਸ਼ਿਸ਼ 'ਚ ਰਹਿੰਦੀ ਹੈ ਪਰ ਮੌਜੂਦਾ ਸਥਿਤੀ ਵਿੱਚ ਆਮ ਆਦਮੀ ਪਾਰਟੀ ਵਿੱਚ ਬਗਾਵਤ ਹੁੰਦੀ ਨਜ਼ਰ ਆ ਰਹੀ ਹੈ ਜਿਸ ਨੂੰ ਦਬਾਉਣ ਲਈ ਆਮ ਆਦਮੀ ਪਾਰਟੀ ਅਜਿਹੇ ਦੋਸ਼ ਲਗਾ ਰਹੀ ਹੈ।

ਭਾਜਪਾ ਆਗੂ ਅਸ਼ਵਨੀ ਸ਼ਰਮਾ ਦੀ ਤਿੱਖੀ ਪ੍ਰਤੀਕਿਰਿਆ
ਭਾਜਪਾ ਦੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਨੇ ਲੁਧਿਆਣਾ ਵਿਖੇ ਇਕ ਪ੍ਰੈੱਸ ਕਾਨਫਰੰਸ ਕਰਦੇ ਹੋਏ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਵਲੋਂ ਭਾਜਪਾ 'ਤੇ ਲਗਾਏ ਗਏ ਦੋਸ਼ਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਭਾਜਪਾ ਤੋਂ ਕੋਈ ਖ਼ਤਰਾ ਨਹੀਂ ਹੈ, ਉਨ੍ਹਾਂ ਦੀ ਲੜਾਈ ਆਪਸ ਵਿੱਚ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੂੰ ਜਦ ਵੀ ਕੋਈ ਖ਼ਤਰਾ ਪੈਦਾ ਹੋਵੇਗਾ, ਉਹ ਉਨ੍ਹਾਂ ਨੂੰ ਦੂਸਰੀਆਂ ਪਾਰਟੀਆਂ ਤੋਂ ਨਹੀਂ, ਸਗੋਂ ਅਰਵਿੰਦ ਕੇਜਰੀਵਾਲ ਤੋਂ ਹੋਵੇਗਾ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਝੂਠ ਤੋਂ ਹੋਈ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ 'ਆਪ' ਦੇ ਕਈ ਆਗੂਆਂ 'ਤੇ ਗੰਭੀਰ ਮਾਮਲੇ ਦਰਜ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਵਾਲੀ ਸਰਕਾਰ ਹੈ। ਇਹ ਆਮ ਬੰਦਿਆਂ ਦੀ ਨਹੀਂ ਸਗੋਂ ਖ਼ਾਸ ਬੰਦਿਆ ਦੀ ਸਰਕਾਰ ਬਣ ਗਈ ਹੈ। ਇਹ ਸਰਕਾਰ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਗੈਰ-ਕਾਨੂੰਨੀ ਤਰੀਕੇ ਨਾਲ ਹੋ ਰਹੀ ਮਾਈਨਿੰਗ ਇਸ ਸਰਕਾਰ ਲਈ ਜੀਅ ਦਾ ਜੰਜਾਲ ਬਣ ਗਈ ਹੈ।  

ਮਾਮਲੇ 'ਚ ਰਾਘਵ ਚੱਢਾ ਦੀ ਐਂਟਰੀ 
ਆਪਰੇਸ਼ਨ ਲੋਟਸ ਨੂੰ ਲੈ ਕੇ ਪੰਜਾਬ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਟਵੀਟ ਕਰਦਿਆਂ ਜਿੱਥੇ ਇਕ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਸਿਫ਼ਤ ਕੀਤੀ ਹੈ ਉਥੇ ਹੀ ਕਾਂਗਰਸ 'ਤੇ ਤੰਜ ਕੀਤਾ ਹੈ। ਰਾਘਵ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਅਤੇ ਦਿੱਲੀ ਵਿੱਚ ਆਪਰੇਸ਼ਨ ਲੋਟਸ ਅਸਫ਼ਲ ਹੋ ਗਿਆ ਹੈ ਪਰ ਇਹ ਗੋਆ ਵਿੱਚ 'ਜਿੱਥੇ ਕਾਂਗਰਸ ਦੀ ਸਰਕਾਰ ਹੈ' ਸਫ਼ਲ ਹੋ ਗਿਆ ਹੈ। ਰਾਘਵ ਚੱਢਾ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਕਾਂਗਰਸ ਨੂੰ ਵੋਟਾਂ ਪਾਉਣ ਦਾ ਮਤਲਬ ਭਵਿੱਖ ਵਿੱਚ ਭਾਜਪਾ ਲਈ ਵਿਧਾਇਕ ਚੁਣਨਾ ਹੈ। ਰਾਘਵ ਚੱਢਾ ਨੇ ਕਿਹਾ ਕਿ ਭਾਰਤ ਵਿੱਚ ਹੌਲੀ-ਹੌਲੀ ਕਾਂਗਰਸ ਦਾ ਵਜੂਦ ਖ਼ਤਮ ਹੋ ਰਿਹਾ ਹੈ।

'ਆਪ' ਵਿਧਾਇਕਾਂ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ : ਹਰਪਾਲ ਚੀਮਾ
ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਭਾਜਪਾ ਦੁਆਰਾ ਚਲਾਏ ਜਾ ਰਹੇ ਆਪਰੇਸ਼ਨ ਲੋਟਸ ਨੂੰ ਪੰਜਾਬ ਵਿੱਚ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਹਰਪਾਲ ਚੀਮਾ ਨੇ ਤਿੱਖੇ ਸ਼ਬਦਾਂ 'ਚ ਕਿਹਾ ਕਿ ਜਿਨ੍ਹਾਂ ਸੂਬਿਆਂ ਦੇ ਲੋਕਾਂ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ, ਭਾਜਪਾ ਉਥੋਂ ਦੇ ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੈਸੇ ਰਾਹੀਂ, ਸੀ.ਬੀ.ਆਈ ਤੇ ਈ.ਡੀ. ਦੇ ਜ਼ੋਰ ਤੋਂ ਇਲਾਵਾ ਹੋਰ ਗੈਰ-ਕਾਨੂੰਨੀ ਢੰਗਾਂ ਨਾਲ ਵਿਧਾਇਕਾਂ ਨੂੰ ਖ਼ਰੀਦ ਕੇ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਹੈ। ਮੰਤਰੀ ਨੇ ਦਾਅਵਾ ਕੀਤਾ ਕਿ ਭਾਜਪਾ ਆਪ੍ਰੇਸ਼ਨ ਲੋਟਸ ਤਹਿਤ ਪੰਜਾਬ 'ਚ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਤੱਕ ਪਹੁੰਚ ਕਰ ਚੁੱਕੀ ਹੈ। ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਭਾਜਪਾ ਵੱਲੋਂ ਧਮਕਾਇਆ ਗਿਆ ਹੈ। ਹਾਲਾਂਕਿ ਉਨ੍ਹਾਂ ਬਾਕੀ ਵਿਧਾਇਕਾਂ ਦਾ ਨਾਂ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ। ਹਰਪਾਲ ਚੀਮਾ ਨੇ ਕਿਹਾ ਕਿ ਉਨ੍ਹਾਂ ਕੋਲ ਸਾਰੇ ਸਬੂਤ ਮੌਜੂਦ ਹਨ ਅਤੇ ਉਹ ਉਨ੍ਹਾਂ ਵਿਧਾਇਕਾਂ ਨੂੰ ਨਾਲ ਲੈ ਕੇ ਸਬੂਤਾਂ ਸਮੇਤ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨਾਲ ਮੁਲਾਕਾਤ ਕਰਨ ਜਾਣਗੇ। ਸਬੂਤਾਂ ਨੂੰ  ਡੀ.ਜੀ.ਪੀ ਨੂੰ ਸੌਂਪ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਨਗੇ।

ਮਨਜਿੰਦਰ ਸਿਰਸਾ ਦਾ ਬਿਆਨ
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਘਪਲਿਆਂ ਅਤੇ ਅਸਫ਼ਲਤਾਵਾਂ ਨੂੰ ਛੁਪਾਉਣ ਲਈ ਆਪਰੇਸ਼ਨ ਲੋਟਸ ਦਾ ਜ਼ਿਕਰ ਕਰ ਰਹੀ ਹੈ। ਪੰਜਾਬ 'ਚ ਆਮ ਆਦਮੀ ਪਾਰਟੀ ਦੇ 92 ਵਿਧਾਇਕ ਹਨ ਅਤੇ ਸਾਰੀ ਪੁਲਸ ਵੀ 'ਆਪ' ਕੋਲ ਹੈ ਫਿਰ ਵੀ ਪੈਸੇ ਦੇਣ ਦੀ ਪੇਸ਼ਕਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਗ੍ਰਿਫ਼ਤਾਰੀ ਕਿਉਂ ਨਹੀਂ ਕੀਤੀ ਗਈ। ਸਿਰਸਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਘਪਲਿਆਂ ਅਤੇ ਅਸਫ਼ਲਤਾਵਾਂ ਨੂੰ ਛੁਪਾਉਣ ਦਾ ਤਰੀਕਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਰਪਾਲ ਚੀਮਾ ਅਤੇ ਕੇਜਰੀਵਾਲ ਨੇ ਕਿਸੇ ਵੀ ਭਾਜਪਾ ਆਗੂ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਹੈ ਜਿਸ ਨੇ ਪੈਸੇ ਦੇ ਕੇ 'ਆਪ' ਦੇ ਵਿਧਾਇਕ ਖ਼ਰੀਦਣ ਦੀ ਕੋਸ਼ਿਸ਼ ਕੀਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਰੇਸ਼ਨ ਲੋਟਸ 'ਤੇ ਭਾਜਪਾ ਨੂੰ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਪੰਜਾਬੀ ਆਪਣੇ ਮਿੱਟੀ ਦੇ ਵਫ਼ਾਦਾਰ ਹਾਂ ਅਤੇ ਵਫ਼ਾਦਾਰ ਹੀ ਰਹਾਂਗਾ। ਮੁੱਖ ਮੰਤਰੀ ਮਾਨ ਨੇ ਭਾਜਪਾ ਵੱਲੋਂ ਪੰਜਾਬ ਦੇ 'ਆਪ' ਵਿਧਾਇਕਾਂ ਨੂੰ ਤੋੜਣ ਦੀ ਕੀਤੀ ਜਾ ਰਹੀ ਕੋਸ਼ਿਸ਼ ਦਾ ਵਿਰੋਧ ਕਰਦਿਆਂ ਕਿਹਾ ਕਿ ਭਾਰਤ ਨੂੰ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਕਿਹਾ ਜਾਂਦਾ ਹੈ ਪਰ ਲੋਕਤੰਤਰ ਦਾ ਸਭ ਤੋਂ ਵਧ ਕਤਲ ਵੀ ਭਾਰਤ 'ਚ ਹੀ ਹੋਇਆ ਹੈ। ਭਾਜਪਾ ਵੱਲੋਂ ਸੱਤਾ 'ਚ ਆਉਣ ਲਈ ਸਰਕਾਰ ਨੂੰ ਤੋੜਿਆ ਜਾਂਦਾ ਰਿਹਾ ਹੈ ਅਤੇ ਵਿਧਾਇਕ ਨੂੰ ਲਾਲਚ ਦੇ ਕੇ ਪਾਰਟੀ ਛੱਡਣ ਲਈ ਧਮਕਾਇਆ ਜਾਂਦਾ ਹੈ। ਮਾਨ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਭਾਜਪਾ ਨੇ ਦਿੱਲੀ 'ਚ ਆਪ੍ਰੇਸ਼ਨ ਲੋਟਸ ਤਹਿਤ ਸਰਕਾਰ ਤੋੜਣ ਦੀ ਕੋਸ਼ਿਸ਼ ਕੀਤੀ ਸੀ ਪਰ ਦਿੱਲੀ ਦਾ ਕੋਈ ਵੀ 'ਆਪ' ਵਿਧਾਇਕ ਇਨ੍ਹਾਂ ਦੀਆਂ ਗੱਲਾਂ 'ਚ ਨਹੀਂ ਆਇਆ ਅਤੇ ਭਾਜਪਾ ਦੀ ਕੋਸ਼ਿਸ਼ ਨਾਕਾਮ ਰਹੀ। ਮਾਨ ਨੇ ਤਿੱਖੇ ਸ਼ਬਦਾਂ 'ਚ ਕਿਹਾ ਕਿ ਭਾਜਪਾ ਦੇ ਮੂੰਹ ਨੂੰ ਖ਼ੂਨ ਲੱਗਿਆ ਹੋਇਆ ਹੈ, ਇਸ ਕਾਰਨ ਉਹ ਹੁਣ ਪੰਜਾਬ 'ਚ ਸਰਕਾਰ ਤੋੜਣ ਦੀ ਕੋਸ਼ਿਸ਼ ਕਰ ਰਹੀ ਹੈ।

'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਟਵੀਟ
'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਟਵੀਟ ਕਰਕੇ ਭਾਜਪਾ 'ਤੇ ਤੰਜ ਕਸਦਿਆਂ ਕਿਹਾ ਕਿ ਦਿੱਲੀ ਤੋਂ ਬਾਅਦ ਹੁਣ ਇਹ ਲੋਕ ਸਾਡੇ ਵਿਧਾਇਕਾਂ ਨੂੰ ਖਰੀਦਣ ਲਈ ਪੰਜਾਬ ਪਹੁੰਚ ਗਏ ਹਨ। ਇਨ੍ਹਾਂ ਕੋਲ ਹਜ਼ਾਰਾਂ ਕਰੋੜਾਂ ਰੁਪਏ ਕਿੱਥੋਂ ਆ ਰਹੇ ਹਨ? ਇਨ੍ਹਾਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ- ਅਸੀਂ ਕਾਂਗਰਸੀ ਨਹੀਂ, ਸਾਨੂੰ ਖਰੀਦਣਾ ਕਿਸੇ ਦੇ ਵੱਸ ਦੀ ਗੱਲ ਨਹੀਂ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਬਿਆਨ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਰੇਸ਼ਨ ਲੋਟਸ 'ਤੇ ਬੋਲਦਿਆਂ ਕਿਹਾ ਕਿ ਜੇਕਰ ਮੰਡੀਆਂ 'ਚ ਜਾਵੋਗੇ ਤਾਂ ਲੋਕ ਖ਼ਰੀਦਣਗੇ ਹੀ। ਬਾਦਲ ਨੇ ਕਿਹਾ ਕਿ ਇਹ ਆਪਣੇ ਆਪ ਹੀ ਰੌਲਾ ਪਾਈ ਜਾ ਰਹੇ ਹਨ ਕਿ ਸਾਨੂੰ ਖ਼ਰੀਦੋ। ਉਨ੍ਹਾਂ ਕਿਹਾ ਕਿ ਕੋਈ ਵੀ ਕਿਸੇ ਵਿਅਕਤੀ ਨੂੰ ਨਹੀਂ ਖ਼ਰੀਦ ਸਕਦਾ ਜਦੋਂ ਤਕ ਬੰਦਾ ਆਪ ਨਾ ਵਿਕਣ ਲਈ ਤਿਆਰ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਡਰਾਮੇਬਾਜ਼ੀ ਕਰ ਰਹੀ ਹੈ। ਇਨ੍ਹਾਂ ਦੇ ਸਾਰੇ ਵਿਧਾਇਕ ਹੀ ਭ੍ਰਿਸ਼ਟ ਹਨ।

Anuradha

This news is Content Editor Anuradha