ਪੁਲਸ ਸਟੇਸ਼ਨਾਂ ਦੀ ਹੱਦਬੰਦੀ ''ਚ ਤਬਦੀਲੀ ਜਲਦ : ਡੀ. ਜੀ. ਪੀ.

02/12/2018 1:21:24 AM

ਹੁਸ਼ਿਆਰਪੁਰ, (ਅਸ਼ਵਨੀ)- ਪੰਜਾਬ 'ਚ ਪੁਲਸ ਸਟੇਸ਼ਨਾਂ ਦੀ ਹੱਦਬੰਦੀ 'ਚ ਜਲਦ ਤਬਦੀਲੀ ਕੀਤੀ ਜਾਵੇਗੀ। ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਸ ਸੁਰੇਸ਼ ਅਰੋੜਾ ਨੇ ਦਿੱਤੀ। ਅੱਜ ਪਿੰਡ ਚਾਂਦਪੁਰ ਰੁੜਕੀ ਦੀ ਗਊਸ਼ਾਲਾ 'ਚ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਡਰਾਫਟ ਤਿਆਰ ਕਰ ਕੇ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ। ਪੁਲਸ ਥਾਣਿਆਂ ਦੇ ਅਧਿਕਾਰ ਖੇਤਰ 'ਚ ਤਬਦੀਲੀ ਰਾਜ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਲਾਗੂ ਹੋ ਜਾਵੇਗੀ। 
ਸ਼੍ਰੀ ਅਰੋੜਾ ਨੇ ਦੱਸਿਆ ਕਿ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਸਾਰੇ ਪਿੰਡ ਅਤੇ ਕਸਬੇ ਨਜ਼ਦੀਕੀ ਥਾਣੇ ਨਾਲ ਜੁੜ ਜਾਣਗੇ, ਜਿਸ ਨਾਲ ਲੋਕਾਂ ਨੂੰ ਕਾਫ਼ੀ ਸੁਵਿਧਾ ਹੋਵੇਗੀ। ਇਸ ਤੋਂ ਪਹਿਲਾਂ ਪੁਲਸ ਥਾਣਿਆਂ ਦੇ ਨਾਲ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਪਿੰਡ ਅਤੇ ਕਸਬੇ ਜੋੜੇ ਜਾਂਦੇ ਸਨ। ਵਿਧਾਨ ਸਭਾ ਹਲਕੇ ਅਨੁਸਾਰ ਪੁਲਸ ਦਾ ਉਪ ਮੰਡਲ ਬਣਾਉਣ ਅਤੇ ਡੀ.ਐੱਸ. ਪੀ. ਨੂੰ ਮੁਖੀ ਲਾਉਣ ਦੀ ਪ੍ਰੰਪਰਾ ਵੀ ਇਸ ਨਾਲ ਸਮਾਪਤ ਹੋ ਜਾਵੇਗੀ। ਨਵਾਂ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਸੂਬਾ ਪੱਧਰੀ ਉਪ ਮੰਡਲ ਹੈੱਡਕੁਆਰਟਰਾਂ 'ਚ ਹੀ ਡੀ.ਐੱਸ.ਪੀ. ਦੇ ਅਹੁਦੇ ਸਥਾਪਤ ਹੋਣਗੇ।
ਡੀ. ਜੀ. ਪੀ. ਨੇ ਦੱਸਿਆ ਕਿ ਪੰਜਾਬ ਪੁਲਸ ਸੂਬੇ ਵਿਚ ਗੈਂਗਸਟਰਾਂ ਦੀ ਗ੍ਰਿਫ਼ਤਾਰੀ  ਲਈ ਕਾਫ਼ੀ ਗੰਭੀਰਤਾ ਨਾਲ ਯਤਨਸ਼ੀਲ ਹੈ, ਇਸ ਦੇ ਨਤੀਜੇ ਵਜੋਂ ਬਹੁਤ ਸਾਰੇ ਗੈਂਗਸਟਰ ਫੜੇ ਗਏ ਹਨ ਜਾਂ ਮੁਕਾਬਲਿਆਂ 'ਚ ਮਾਰੇ ਜਾ ਚੁੱਕੇ ਹਨ।
'ਏ' ਕੈਟਾਗਰੀ ਦੇ 9 ਤੇ 'ਬੀ' ਕੈਟਾਗਰੀ ਦੇ 8 ਗੈਂਗਸਟਰ : ਉਨ੍ਹਾਂ ਦੱਸਿਆ ਕਿ ਪੰਜਾਬ 'ਚ ਹੁਣ 'ਏ' ਕੈਟਾਗਰੀ ਦੇ 9 ਅਤੇ 'ਬੀ' ਕੈਟਾਗਰੀ ਦੇ 8 ਗੈਂਗਸਟਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਫ਼ੀ ਦਬਾਅ ਬਣਾਇਆ ਜਾ ਰਿਹਾ ਹੈ। ਜ਼ਿਲਾ ਪੁਲਸ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਅਧੀਨ ਇਲਾਕਿਆਂ 'ਚ ਸਬੰਧਤ ਗੈਂਗਸਟਰਾਂ ਨੂੰ ਆਤਮ-ਸਮਰਪਣ ਲਈ ਪ੍ਰੇਰਿਤ ਕਰਨ। ਇਸ ਸਮੇਂ ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕਾਇਮ ਹੈ।