...ਤੇ ਹੁਣ ਚੰਡੀਗੜ੍ਹ ਦੇ ਪੁਲਸ ਥਾਣੇ ਬਣਨਗੇ ਡਿਜੀਟਲ

02/03/2020 10:32:20 AM

ਚੰਡੀਗੜ੍ਹ (ਸੰਦੀਪ) : ਚੰਡੀਗੜ੍ਹ ਪੁਲਸ ਥਾਣੇ ਜਲਦੀ ਹੀ ਡਿਜੀਟਲ ਹੋਣਗੇ। ਪ੍ਰਸ਼ਾਸਨ ਤੇ ਪੁਲਸ ਵਿਭਾਗ ਇਸ ਤਿਆਰੀ 'ਚ ਜੁੱਟ ਗਈ ਹੈ। ਸਾਰੇ ਥਾਣਿਆਂ ਨੂੰ ਡਿਜੀਟਲ ਕੀਤਾ ਜਾਣਾ ਹੈ। ਪਹਿਲੇ ਪੱਧਰ 'ਚ ਸਿਰਫ ਇਕ ਥਾਣੇ ਨੂੰ ਡਿਜੀਟਲ ਕੀਤਾ ਜਾਵੇਗਾ। ਇਸ ਤੋਂ ਬਾਅਦ ਡਿਜੀਟਲ ਕੀਤੇ ਜਾਣ ਦੇ ਫਾਇਦੇ ਅਤੇ ਇਸ ਕੰਮ 'ਚ ਆਉਣ ਵਾਲੀਆਂ ਦਿੱਕਤਾਂ ਦੇ ਨਤੀਜੇ ਦੇ ਆਧਾਰ 'ਤੇ ਅਗਲੇ ਪੱਧਰਾਂ 'ਚ ਹੋਰ ਥਾਣਿਆਂ ਨੂੰ ਡਿਜੀਟਲ ਕੀਤੇ ਜਾਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।

ਅਧਿਕਾਰੀਆਂ ਦੀ ਮੰਨੀਏ ਤਾਂ ਇਸ ਯੋਜਨਾ ਦੇ ਤਹਿਤ ਜਿੱਥੇ ਥਾਣਿਆਂ ਦੇ ਕੰਮ ਚ ਤੇਜ਼ੀ ਆਵੇਗੀ, ਉੱਥੇ ਹੀ ਕੰਮ 'ਚ ਪਾਰਦਰਸ਼ਤਾ ਵੀ ਆਵੇਗੀ। ਥਾਣਿਆਂ ਨੂੰ ਡਿਜੀਟਲ ਕੀਤੇ ਜਾਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਥਾਣਿਆਂ ਦੇ ਕੰਮ 'ਚ ਹਰ ਪੱਧਰ 'ਤੇ ਪੂਰੀ ਤਰ੍ਹਾਂ ਨਾਲ ਪਾਰਦਰਸ਼ਤਾ ਆਵੇਗੀ। ਡਿਜੀਟਲ ਥਾਣੇ 'ਚ ਜਾ ਕੇ ਆਪਣੇ ਬਿਆਨ ਦਰਜ ਕਰਵਾਉਣ ਲਈ ਜਾਣ ਵਾਲਾ ਵਿਅਕਤੀ ਬਿਨਾ ਕਿਸੇ ਪੁਲਸ ਮੁਲਾਜ਼ਮ ਦੀ ਮਦਦ ਅਤੇ ਦਬਾਅ ਨਾਲ ਆਪਣੇ ਬਿਆਨ ਨੂੰ ਕੰਪਿਊਟਰ 'ਤੇ ਬੋਲ ਕੇ ਦਰਜ ਕਰਵਾ ਸਕੇਗਾ। ਆਪਣੇ ਵਲੋਂ ਦਰਜ ਕਰਵਾਈ ਗਈ ਸਟੇਟਮੈਂਟ ਨੂੰ ਚੈੱਕ ਕਰਨ ਲਈ ਉਹ ਵਿਅਕਤੀ ਆਪਣੇ ਬਿਆਨ ਨੂੰ ਕੰਪਿਊਟਰ 'ਤੇ ਹੀ ਸੁਣ ਕੇ ਪੂਰੀ ਤਸੱਲੀ ਕਰ ਲਵੇਗਾ।

ਅਕਸਰ ਚੰਡੀਗੜ੍ਹ 'ਚ ਲੋਕਾਂ ਦੀ ਇਹ ਸ਼ਿਕਾਇਤ ਰਹਿੰਦੀ ਸੀ ਕਿ ਬਿਆਨ ਪੁਲਸ ਮੁਲਾਜ਼ਮ ਨੇ ਉਸ ਭਾਸ਼ਾ 'ਚ ਖੁਦ ਦਰਜ ਕੀਤਾ ਹੁੰਦਾ ਹੈ, ਜਿਸ ਦਾ ਸ਼ਿਕਾਇਤ ਕਰਤਾ ਨੂੰ ਪਤਾ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਉਸ ਨੂੰ ਬਿਆਨ 'ਤੇ ਹਸਤਾਖਰ ਕਰਨ ਤੋਂ ਪਹਿਲਾਂ ਅਤੇ ਬਾਅਦ 'ਚ ਇਹ ਵੀ ਪਤਾ ਨਹੀਂ ਹੁੰਦਾ ਸੀ ਕਿ ਅਖੀਰ ਜਾਂਚ ਅਧਿਕਾਰੀ ਨੇ ਉਸ ਦੇ ਬਿਆਨ 'ਚ ਲਿਖਿਆ ਕੀ ਹੈ।

Babita

This news is Content Editor Babita