ਪਾਸਪੋਰਟ ਬਣਾਉਣ ਦੀ ਫਾਈਲ ਭਰਨ ਦੇ ਨਾਂ ''ਤੇ ਲੋਕਾਂ ਨੂੰ ਚੂਨਾ ਲਾਉਣ ਵਾਲੇ ਏਜੰਟਾਂ ''ਤੇ ਚੱਲਿਆ ਪੁਲਸ ਦਾ ਡੰਡਾ, 12 ਕਾਬੂ

11/23/2017 7:09:06 AM

ਜਲੰਧਰ, (ਸੁਧੀਰ)- ਪਾਸਪੋਰਟ ਬਣਵਾਉਣ ਦੇ ਨਾਂ 'ਤੇ ਲੋਕਾਂ ਦੀਆਂ ਫਾਈਲਾਂ ਭਰਨ ਦੇ ਨਾਂ 'ਤੇ ਮੋਟੀ ਰਕਮ ਵਸੂਲ ਕੇ ਲੋਕਾਂ ਨੂੰ ਚੂਨਾ ਲਾਉਣ ਵਾਲੇ ਕਰੀਬ 12 ਵਿਅਕਤੀਆਂ ਨੂੰ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਕਾਬੂ ਕਰਕੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਏ. ਸੀ. ਪੀ. ਸੈਂਟਰਲ ਸਤਿੰਦਰ ਚੱਢਾ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਸਪੋਰਟ ਦਫਤਰ ਦੇ ਕੋਲ ਸਥਿਤ ਕੁਝ ਦੂਰੀ 'ਤੇ ਅਰੋੜਾ ਪ੍ਰਾਈਮ ਟਾਵਰ ਦੇ ਬਾਹਰ ਕੁਝ ਲੋਕਾਂ ਵਲੋਂ ਇਕ ਗਰੁੱਪ ਬਣਾਇਆ ਗਿਆ ਹੈ, ਜੋ ਪਾਸਪੋਰਟ ਦਫਤਰ ਦੇ ਬਾਹਰ ਖੜ੍ਹੇ ਹੋ ਕੇ ਪਾਸਪੋਰਟ ਦਫਤਰ ਵਿਚ ਪਾਸਪੋਰਟ ਬਣਵਾਉਣ ਆਏ ਭੋਲੇ-ਭਾਲੇ ਲੋਕਾਂ ਕੋਲੋਂ ਫਾਈਲ ਭਰਨ ਦੇ ਨਾਂ 'ਤੇ ਦੁੱਗਣਾ ਖਰਚਾ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਕੇ ਫਾਈਲ ਭਰਦੇ ਹਨ ਤੇ ਠੱਗੀ ਮਾਰਦੇ ਹਨ, ਜਿਸ ਕਾਰਨ ਪੁਲਸ ਪਾਰਟੀ ਨੇ ਅਰੋੜਾ ਪ੍ਰਾਈਮ ਟਾਵਰ ਤੇ ਨਕੋਦਰ ਚੌਕ ਕੋਲ ਸਥਿਤ ਅਕਾਸ਼ ਅਕੈਡਮੀ ਦੇ ਬਾਹਰ 12 ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਜੋਗਿੰਦਰ ਕਪੂਰ ਵਾਸੀ ਮਕਸੂਦਾਂ, ਗੁਰਿੰਦਰ ਸਿੰਘ ਵਾਸੀ ਜੈਤੇਵਾਲੀ, ਸਤੀਸ਼ ਕੁਮਾਰ ਵਾਸੀ ਗੁੰਜਾ, ਸ਼ਮੀ ਹੀਰ ਵਾਸੀ ਪਿੰਡ ਨਾਨਕਪਿੰਡੀ, ਮੇਜਰ ਸਿੰਘ ਤੇ ਕੁਲਵੰਤ ਸਿੰਘ ਵਾਸੀ ਹਰਦੋ ਫਰਾਲਾ, ਅਸ਼ਵਨੀ ਕੁਮਾਰ ਵਾਸੀ ਬਸਤੀ ਨੌ, ਵਿਸ਼ਾਲ ਤੇ ਰਵੀ ਵਾਸੀ ਜਮਸ਼ੇਰ, ਦੀਪਕ ਵਾਸੀ ਅਬਾਦਪੁਰਾ, ਅਜੇ ਕੁਮਾਰ ਵਾਸੀ ਸੋਢਲ ਰੋਡ, ਵਿਰਲ ਵਾਸੀ ਵਡਾਲਾ ਚੌਕ ਦੇ ਤੌਰ 'ਤੇ ਹੋਈ ਹੈ।