ਸ਼ਹੀਦੀ ਜੋੜ ਮੇਲ ਸਬੰਧੀ ਪੁਲਸ ਸ਼ਰਧਾਲੂਆਂ ਦੀ ਸੁਰੱਖਿਆ ''ਚ ਮੁਸਤੈਦ

12/20/2019 1:43:00 PM

ਬੱਸੀ ਪਠਾਣਾ (ਰਾਜਕਮਲ): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁੱਜਰੀ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਲਈ ਫ਼ਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲੇ ਸ਼ਹੀਦੀ ਜੋੜ ਮੇਲ ਦੇ ਮੱਦੇਨਜ਼ਰ ਜਿੱਥੇ ਪੂਰੇ ਜ਼ਿਲੇ ਦੀ ਪੁਲਸ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਨੂੰ ਲੈ ਕੇ ਮੁਸਤੈਦ ਦਿਖਾਈ ਦੇ ਰਹੀ ਹੈ, ਉੱਥੇ ਚੋਰੀ ਅਤੇ ਹੋਰ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰ ਵੀ ਹਿਲਜੁੱਲ ਕਰਨ ਵਿਚ ਲੱਗੇ ਹੋਏ ਹਨ ਅਤੇ ਚੋਰ ਧੁੰਦ ਦੇ ਮੌਸਮ ਅਤੇ ਪੁਲਸ ਦੀ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਆਲੇ-ਦੁਆਲੇ ਲੱਗੀਆਂ ਡਿਊਟੀਆਂ ਨੂੰ ਦੇਖਦੇ ਹੋਏ ਇਸ ਦਾ ਲਾਭ ਲੈਣ ਦੀ ਫਿਰਾਕ 'ਚ ਹੁੰਦੇ ਹਨ।

ਸ਼ਰਧਾਲੂਆਂ ਦੇ ਸੁਰੱਖਿਆ ਪ੍ਰਬੰਧਾਂ 'ਚ ਲੱਗ ਜਾਂਦੀ ਹੈ ਪੁਲਸ-ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਦਾਦ ਵਿਚ ਪਹੁੰਚਣ ਵਾਲੀ ਸੰਗਤ ਦੀ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਜਾਂਦਾ ਹੈ। ਇਸ ਦੌਰਾਨ ਪੂਰੇ ਜ਼ਿਲੇ 'ਚ ਵੱਖ-ਵੱਖ ਥਾਵਾਂ 'ਤੇ ਪੁਲਸ ਵੱਲੋਂ ਨਾਕੇਬੰਦੀ ਕਰ ਦਿੱਤੀ ਜਾਂਦੀ ਹੈ ਅਤੇ ਵਾਹਨਾਂ ਦੇ ਰੂਟ ਵੀ ਬਦਲ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਜ਼ਿਲੇ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਅਤੇ ਪੁਲਸ ਚੌਕੀਆਂ ਦੇ ਇੰਚਾਰਜ ਅਤੇ ਹੋਰ ਪੁਲਸ ਮੁਲਾਜ਼ਮ ਵੀ ਆਪੋ-ਆਪਣੇ ਇਲਾਕਿਆਂ 'ਚ ਸੜਕਾਂ 'ਤੇ ਅਹਿਤੀਆਤ ਵਰਤਦੇ ਹਨ। ਅਜਿਹੇ ਸਮੇਂ 'ਚ ਪੁਲਸ ਦੀ ਪ੍ਰਮੁੱਖ ਥਾਵਾਂ 'ਤੇ ਲਾਈਆਂ ਡਿਊਟੀਆਂ ਦਾ ਲਾਭ ਲੈਣ ਲਈ ਸਮਾਜ ਵਿਰੋਧੀ ਅਨਸਰ ਕੋਈ ਵੀ ਮੌਕਾ ਨਹੀਂ ਛੱਡਣਾ ਚਾਹੁੰਦੇ ਅਤੇ ਪਿਛਲੇ ਸਾਲ ਵੀ ਚੋਰੀ ਦੀਆਂ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ।

ਕੁਝ ਪੁਲਸ ਮੁਲਾਜ਼ਮਾਂ ਦੇ ਹੱਥਾਂ 'ਚ ਹੈ ਹਜ਼ਾਰਾਂ ਲੋਕਾਂ ਦੀ ਸੁਰੱਖਿਆ
ਪੁਲਸ ਥਾਣਾ ਬੱਸੀ ਪਠਾਣਾ ਅਧੀਨ ਜਿੱਥੇ ਕਰੀਬ 60 ਪਿੰਡ ਆਉਂਦੇ ਹਨ ਉੱਥੇ ਸਿਟੀ ਪੁਲਸ ਚੌਕੀ ਦੇ ਪੁਲਸ ਮੁਲਾਜ਼ਮਾਂ ਅਧੀਨ ਬੱਸੀ ਸ਼ਹਿਰ ਆਉਂਦਾ ਹੈ। ਹਜ਼ਾਰਾਂ ਦੀ ਅਬਾਦੀ ਵਾਲੇ ਇਸ ਸ਼ਹਿਰ ਦੀ ਸੁਰੱਖਿਆ ਕਰੀਬ 40 ਪੁਲਸ ਮੁਲਾਜ਼ਮਾਂ ਦੇ ਹੱਥਾਂ 'ਚ ਹੀ ਹੈ ਅਤੇ ਬੀਤੇ ਦਿਨੀਂ ਥਾਣਾ ਇੰਚਾਰਜ ਮਨਪ੍ਰੀਤ ਸਿੰਘ ਦਿਓਲ ਅਤੇ ਚੌਕੀ ਇੰਚਾਰਜ ਬਲਜਿੰਦਰ ਸਿੰਘ ਕੰਗ ਵੱਲੋਂ ਵੀ ਸ਼ਹੀਦੀ ਸਭਾ ਨੂੰ ਲੈ ਕੇ ਅਹਿਮ ਮੀਟਿੰਗਾਂ ਕੀਤੀਆਂ ਗਈਆਂ ਸਨ, ਜਿਸ ਦੌਰਾਨ ਜਿੱਥੇ ਪਿੰਡਾਂ 'ਚ ਪਹਿਰੇ ਲਾਉਣ ਅਤੇ ਰਾਤ ਦੇ ਸਮੇਂ ਪੁਲਸ ਤੇ ਸੀ. ਪੀ. ਓਜ਼. ਦੀ ਗਸ਼ਤ ਹੋਰ ਵਧਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਸਨ ਪਰ ਪੁਲਸ ਮੁਲਾਜ਼ਮਾਂ ਦੀ ਕਮੀ ਕਾਰਣ ਏਨੇ ਵੱਡੇ ਸ਼ਹਿਰ ਅਤੇ 60 ਦੇ ਕਰੀਬ ਪਿੰਡਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਸ਼ਹੀਦੀ ਸਭਾ ਦੌਰਾਨ ਥਾਣਾ ਇੰਚਾਰਜਾਂ ਤੋਂ ਇਲਾਵਾ ਹੋਰ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਵੱਖ-ਵੱਖ ਥਾਵਾਂ 'ਤੇ ਹੋ ਜਾਂਦੀ ਹੈ ਅਤੇ ਥਾਣੇ 'ਚ ਸਿਰਫ਼ ਮੁਨਸ਼ੀ ਹੀ ਕਾਗਜ਼ੀ ਕਾਰਵਾਈ ਦੀ ਦੇਖ-ਰੇਖ 'ਚ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਅਜਿਹੇ ਹਾਲਾਤਾਂ ਤੋਂ ਨਜਿੱਠਣ ਲਈ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਵੱਲੋਂ ਵੀ ਕੁਝ ਦਿਨ ਪਹਿਲਾਂ ਹੀ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਵੀ. ਆਈ. ਪੀ. ਸੁਰੱਖਿਆ 'ਚ ਲੱਗੇ ਸਬ-ਇੰਸਪੈਕਟਰਾਂ ਅਤੇ ਸਹਾਇਕ ਸਬ-ਇੰਸਪੈਕਟਰਾਂ ਨੂੰ ਵਾਪਿਸ ਬੁਲਾ ਲਿਆ ਗਿਆ ਸੀ ਤਾਂ ਜੋ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।

ਮੰਦਰ ਦੀ ਘੰਟੀ ਚੁਰਾ ਕੇ ਚੋਰਾਂ ਨੇ ਦਿੱਤੀ ਦਸਤਕ
ਸ਼ਹੀਦੀ ਸਭਾ ਦੌਰਾਨ ਪੁਲਸ ਦੀਆਂ ਲੱਗੀਆਂ ਡਿਊਟੀਆਂ ਨੂੰ ਦੇਖਦੇ ਹੋਏ ਚੋਰਾਂ ਨੇ ਆਪਣੀਆਂ ਗਤੀਵਿਧੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ। ਬੀਤੇ ਦਿਨੀਂ ਦਿਨ-ਦਿਹਾੜੇ ਹੀ ਪ੍ਰਾਚੀਨ ਸ਼ਿਵ ਮੰਦਰ ਪੁਰਾਣੀ ਸਬਜ਼ੀ ਮੰਡੀ ਦੀ ਘੰਟੀ ਚੋਰੀ ਕਰ ਕੇ ਚੋਰਾਂ ਨੇ ਆਪਣੀ ਦਸਤਕ ਦੇ ਦਿੱਤੀ ਹੈ। ਵਰਣਨਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਦਿਨਾਂ 'ਚ ਚੋਰੀ ਦੀਆਂ ਕਈ ਘਟਨਾਵਾਂ ਵਾਪਰੀਆਂ ਸਨ, ਕਿਉਂਕਿ ਇਸ ਦੌਰਾਨ ਪੁਲਸ ਮੁਲਾਜ਼ਮ ਸ਼ਰਧਾਲੂਆਂ ਦੀ ਸੁਰੱਖਿਆ 'ਚ ਲੱਗ ਜਾਂਦੇ ਹਨ ਅਤੇ ਚੋਰ ਅਜਿਹੇ ਮੌਕਿਆਂ ਦਾ ਲਾਭ ਲੈਣ 'ਚ ਲੱਗੇ ਰਹਿੰਦੇ ਹਨ। ਅਜਿਹੀਆਂ ਘਟਨਾਵਾਂ ਨੂੰ ਰੋਕਣ ਤੇਅ ਬੱਸੀ ਪਠਾਣਾ ਅਧੀਨ ਆਉਂਦੇ ਪਿੰਡਾਂ ਅਤੇ ਸ਼ਹਿਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੋਰ ਪੁਲਸ ਮੁਲਾਜ਼ਮਾਂ ਦੀ ਨਿਯੁਕਤੀ ਕਰਨ ਦੀ ਲੋੜ ਹੈ।

ਜਨਤਾ ਵੀ ਆਪਣੀ ਜ਼ਿੰਮੇਵਾਰੀ ਪ੍ਰਤੀ ਰਹੇ ਸੁਚੇਤ-ਅਜਿਹੇ ਹਾਲਾਤਾਂ 'ਚ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਵੀ ਆਪਣੀ ਸਮਾਜਕ ਜ਼ਿੰਮੇਵਾਰੀ ਨੂੰ ਸਮਝਣ ਅਤੇ ਆਪਣੇ ਗਲੀ ਮੁਹੱਲਿਆਂ ਦੀ ਸੁਰੱਖਿਆ ਪ੍ਰਤੀ ਸੁਚੇਤ ਰਹਿਣ, ਜਿਸ ਤਰ੍ਹਾਂ ਪਿੰਡਾਂ 'ਚ ਨੌਜਵਾਨਾਂ ਵੱਲੋਂ ਰਾਤ ਦੇ ਸਮੇਂ ਠੀਕਰੀ ਪਹਿਰੇ ਦਿੱਤੇ ਜਾਂਦੇ ਹਨ ਉਸੇ ਤਰ੍ਹਾਂ ਸ਼ਹਿਰ ਵਿਚ ਵੀ ਜੇਕਰ ਕੁਝ ਨੌਜਵਾਨ ਰਾਤ ਦੇ ਸਮੇਂ ਗਸ਼ਤ ਦੇਣ ਤਾਂ ਅਜਿਹੀਆਂ ਘਟਨਾਵਾਂ 'ਤੇ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਅੜਿੱਕੇ ਲਿਆ ਜਾ ਸਕਦਾ ਹੈ। ਆਮ ਜਨਤਾ ਜੇਕਰ ਆਪਣੀ ਅਤੇ ਹੋਰਨਾਂ ਦੀ ਸੁਰੱਖਿਆ ਪ੍ਰਤੀ ਗੰਭੀਰ ਹੋ ਜਾਵੇ ਤਾਂ ਇਲਾਕੇ 'ਚ ਚੋਰੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਦਾ।

Shyna

This news is Content Editor Shyna