ਲੁਟੇਰਿਆਂ ਦੀ ਭਾਲ 'ਚ ਪੁਲਸ ਦੀ ਤਲਾਸ਼ੀ ਮੁਹਿੰਮ ਜਾਰੀ

09/09/2017 12:43:22 PM

ਸੁਲਤਾਨਪੁਰ ਲੋਧੀ(ਧੀਰ, ਸੋਢੀ)— ਬੀਤੇ ਦਿਨੀਂ ਪਿਸਤੌਲ ਦੀ ਨੋਕ 'ਤੇ ਡੱਲਾ ਰੋਡ 'ਤੇ ਖੋਹੀ ਇਨੋਵਾ ਗੱਡੀ ਤੋਂ ਬਾਅਦ ਐੱਸ. ਐੱਸ. ਪੀ. ਕਪੂਰਥਲਾ ਵੱਲੋਂ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਲੁਟੇਰਿਆਂ ਨੂੰ ਫੜਨ ਦੇ ਦਿੱਤੇ ਸਖਤ ਨਿਰਦੇਸ਼ਾਂ ਤਹਿਤ ਸ਼ੁੱਕਰਵਾਰ ਨੂੰ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ 'ਤੇ ਅਤੇ ਲੁਟੇਰਿਆਂ ਦੇ ਠਿਕਾਣਿਆਂ 'ਤੇ ਰੇਡ ਕੀਤੀ। ਸ਼ਹਿਰ ਨੂੰ ਚਾਰੇ ਪਾਸੇ ਤੋਂ ਸੀਲਬੰਦ ਕਰਵਾ ਕੇ ਵੱਡੇ ਪੈਮਾਨੇ ਦੇ ਤੌਰ 'ਤੇ ਤਲਾਸ਼ੀ ਮੁਹਿੰਮ ਜਾਰੀ ਰੱਖੀ।
ਵਾਹਨਾਂ ਦੀ ਸ਼ੁੱਕਰਵਾਰ ਵੀ ਪ੍ਰਮੁੱਖ ਚੌਕਾਂ 'ਤੇ ਐੱਸ. ਐੱਚ. ਓ. ਸਰਬਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਨੇ ਜਾਂਚ ਕੀਤੀ ਅਤੇ ਕਈ ਅਧੂਰੇ ਕਾਗਜ਼ਾਤ ਵਾਲਿਆਂ ਦੇ ਚਲਾਨ ਵੀ ਕੱਟੇ। ਐੱਸ. ਐੱਚ. ਓ . ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਲੁਟੇਰਿਆਂ ਨੂੰ ਫੜਨ ਦਾ ਲਗਾਤਾਰ ਅਭਿਆਨ ਜਾਰੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਲੁਟੇਰਾ ਪਵਨ ਕੁਮਾਰ ਪੁੱਤਰ ਕਾਲਾ ਵਾਸੀ ਉੱਪਲ ਖਾਲਸਾ ਨੂਰਮਹਿਲ ਦਾ ਰਹਿਣ ਵਾਲਾ ਹੈ ਅਤੇ ਬਾਕੀ ਤਿੰਨ ਹੋਰਾਂ ਦੀ ਵੀ ਪਛਾਣ ਕਰ ਲਈ ਗਈ ਹੈ। ਜਿਨ੍ਹਾਂ 'ਚ ਯੋਗਰਾਜ ਉਰਫ ਜੋਗਾ ਪੁੱਤਰ ਅਮਰਜੀਤ ਸਿੰਘ ਵਾਸੀ ਫੋਲੜੀ ਵਾਲਾ, ਮਨਦੀਪ ਸਿੰਘ ਮੰਨਾ ਵਾਸੀ ਉਪਲ ਖਾਲਸਾ ਨੂਰਮਹਿਲ ਤੇ ਇਕ ਹੋਰ ਅਰਜੁਨ ਸਹਿਗਲ ਸੈਂਟਰਲ ਟਾਊਨ ਜਲੰਧਰ ਦੇ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਲੁਟੇਰਿਆਂ ਨੇ ਇਨੋਵਾ ਗੱਡੀ ਨੂੰ ਖੋਹਣ ਤੋਂ ਪਹਿਲਾਂ ਲੁਧਿਆਣਾ 'ਚ ਵੀ ਇਕ ਆਲਟੋ ਗੱਡੀ ਨੂੰ ਖੋਹਿਆ ਸੀ। 
ਉਕਤ ਲੁਟੇਰੇ ਗੱਡੀ ਖੋਹ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰੀ ਕਰ ਰਹੇ ਸਨ, ਜਿਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਖੁਲਾਸਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਈਟ ਡੋਮੀਨੇਸ਼ਨ ਤਹਿਤ ਵੀ ਪੂਰੇ ਹਲਕੇ 'ਚ ਵੱਖ-ਵੱਖ ਥਾਵਾਂ 'ਤੇ ਸਰਚ ਕੀਤਾ ਜਾਂਦਾ ਹੈ ਅਤੇ ਸੁਰੱਖਿਆ ਦੇ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਹੋਵੇਗੀ। 
ਇਸ ਮੌਕੇ ਏ. ਐੱਸ. ਆਈ. ਬਲਕਾਰ ਸਿੰਘ, ਐੱਚ. ਸੀ. ਅਮਰਜੀਤ ਸਿੰਘ ਰੀਡਰ, ਐੱਚ. ਸੀ. ਸੁਰਜੀਤ ਲਾਲ, ਐੱਚ. ਸੀ. ਸੁਰਜੀਤ ਸਿੰਘ ਪੀ. ਐੱਚ. ਜੀ. ਮੁਖਤਿਆਰ ਸਿੰਘ ਅਤੇ ਲੇਡੀ ਕਾਂਸਟੇਬਲ ਸੁਖਵਿੰਦਰ ਕੌਰ, ਦਿਲਬਾਗ ਸਿੰਘ, ਏ. ਐੱਸ. ਆਈ. ਹਰਜੀਤ ਸਿੰਘ ਹਾਜ਼ਰ ਸਨ। 
ਇਸੇ ਤਰ੍ਹਾਂ  ਪੰਜਾਬ 'ਚ ਹੋ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਮੱਦੇਨਜ਼ਰ ਭੈੜੇ ਪੁਰਸ਼ਾਂ ਦੀ ਭਾਲ ਲਈ ਸੁਲਤਾਨਪੁਰ ਲੋਧੀ ਦੀ ਪੁਲਸ ਵੱਲੋਂ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਤਲਵੰਡੀ ਪੁਲ ਚੌਕ 'ਤੇ ਸ਼ੁੱਕਰਵਾਰ  ਪੂਰਾ ਦਿਨ ਸਖਤ ਨਾਕੇਬੰਦੀ ਕਰਕੇ ਗੱਡੀਆਂ ਦੀ ਤਲਾਸ਼ੀ ਲਈ ਗਈ। ਇਸ ਸਮੇਂ ਗੱਡੀਆਂ ਦੇ ਕਾਗਜ਼ਾਤ ਵੀ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਆਪ ਚੈੱਕ ਕੀਤੇ ਅਤੇ ਅਧੂਰੇ ਕਾਗਜ਼ਾਤ ਵਾਲੀਆਂ ਗੱਡੀਆਂ ਦੇ ਚਲਾਨ ਕੱਟੇ ਗਏ।