ਪੁਲਸ ਚੌਕੀ ਤੋਂ 100 ਮੀਟਰ ਦੀ ਦੂਰੀ ਤੋਂ ਹੋਈ ਸ਼ਰਾਬ ਬਰਾਮਦਗੀ ਨੇ ਖੜ੍ਹੇ ਕੀਤੇ ਕਈ ਸਵਾਲ

07/24/2018 12:37:15 PM

ਕਪੂਰਥਲਾ (ਭੂਸ਼ਣ)— ਸੂਬੇ ਦੇ ਸਭ ਤੋਂ ਵੱਧ ਡਰੱਗ ਪ੍ਰਭਾਵਿਤ ਪਿੰਡਾਂ 'ਚ ਸ਼ੁਮਾਰ ਹੋਣ ਵਾਲੇ ਪਿੰਡ ਬੂਟਾ 'ਚ ਸਥਾਪਤ ਪੁਲਸ ਚੌਕੀ ਤੋਂ ਸਿਰਫ 100 ਮੀਟਰ ਦੀ ਦੂਰੀ 'ਤੇ ਇਕ ਸ਼ਰਾਬ ਸਮੱਗਲਰ ਦੇ ਘਰ ਤੋਂ ਲੱਖਾਂ ਰੁਪਏ ਦੀ ਨਾਜਾਇਜ਼ ਸ਼ਰਾਬ ਬਰਾਮਦ ਹੋਣ ਦੇ ਮਾਮਲੇ ਨੇ ਜਿੱਥੇ ਪੁਲਸ ਚੌਕੀ ਦੀ ਕਾਰਜਪ੍ਰਣਾਲੀ 'ਤੇ ਕਈ ਅਹਿਮ ਸਵਾਲ ਖੜ੍ਹੇ ਕਰ ਦਿੱਤੇ ਹਨ। ਉਥੇ ਹੀ ਜ਼ਿਲਾ ਪੁਲਸ ਵੱਲੋਂ ਪਿੰਡ ਬੂਟਾ ਵਿਚ ਡਰੱਗ ਅਤੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਲਗਾਤਾਰ ਲਾਏ ਜਾਣ ਵਾਲੇ ਨਸ਼ਾ ਵਿਰੋਧੀ ਸੈਮੀਨਾਰ ਦੀ ਉਪਯੋਗਿਤਾ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਜਲੰਧਰ ਪੁਲਸ ਨੇ ਸੋਮਵਾਰ ਦੀ ਤੜਕਸਾਰ ਸੂਬੇ ਦੇ ਸਭ ਤੋਂ ਵੱਡੇ ਡਰੱਗ ਪ੍ਰਭਾਵਿਤ ਪਿੰਡਾਂ 'ਚ ਸ਼ੁਮਾਰ ਹੋਣ ਵਾਲੇ ਪਿੰਡ ਬੂਟਾ ਵਿਚ ਛਾਪਾਮਾਰੀ ਕਰਦੇ ਹੋਏ ਇਕ ਸ਼ਰਾਬ ਸਮੱਗਲਰ ਦੇ ਟਿਕਾਣਿਆਂ ਤੋਂ ਲੱਖਾਂ ਰੁਪਏ ਦੀ ਸ਼ਰਾਬ ਬਰਾਮਦ ਕੀਤੀ ਹੈ।
ਗੌਰ ਹੋਵੇ ਕਿ ਪਿੰਡ ਬੂਟਾ ਜੋਕਿ ਦੇਸ਼ ਦੀ ਆਜ਼ਾਦੀ ਦੇ ਬਾਅਦ ਤੋਂ ਹੀ ਡਰੱਗ ਸਮੱਗਲਿੰਗ ਅਤੇ ਨਾਜਾਇਜ਼ ਸ਼ਰਾਬ ਨੂੰ ਲੈ ਕੇ ਬਦਨਾਮ ਰਿਹਾ ਹੈ ਅਤੇ ਇਸ ਪਿੰਡ ਨਾਲ ਸਬੰਧਤ ਹਰ ਛੇਵਾਂ ਵਿਅਕਤੀ ਕਿਸੇ ਨਾ ਕਿਸੀ ਗੰਭੀਰ ਮਾਮਲੇ 'ਚ ਸੂਬੇ ਦੀਆਂ ਜੇਲਾਂ ਵਿਚ ਬੰਦ ਹਨ, ਨੂੰ ਨਸ਼ੇ ਤੋਂ ਮੁਕਤ ਕਰਵਾਉਣ ਦੇ ਮਕਸਦ ਨਾਲ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਨੇ ਸਾਂਝੇ ਤੌਰ 'ਤੇ ਬੀਤੇ ਇਕ ਸਾਲ ਦੌਰਾਨ 3 ਵਾਰ ਪਿੰਡ ਬੂਟਾ ਵਿਚ ਡਰਗ ਵਿਰੋਧੀ ਸੈਮੀਨਾਰ ਦਾ ਆਯੋਜਨ ਕਰ ਚੁੱਕੇ ਹਨ। ਜਿਸ ਦੌਰਾਨ ਜ਼ਿਲਾ ਪ੍ਰਸ਼ਾਸਨ ਅਤੇ ਜ਼ਿਲਾ ਪੁਲਸ ਨਾਲ ਸਬੰਧਤ ਕਈ ਸੀਨੀਅਰ ਅਫਸਰਾਂ ਪਿੰਡ ਵਿਚ ਪਹੁੰਚ ਕੇ ਪਿੰਡ ਨਿਵਾਸੀਆਂ ਨੂੰ ਡੱਰਗ ਅਤੇ ਨਜਾਇਜ਼ ਸ਼ਰਾਬ ਦਾ ਧੰਦਾ ਛੱਡਣ ਦੀ ਅਪੀਲ ਵੀ ਕੀਤੀ ਹੈ। ਜਿਸ ਦੌਰਾਨ ਵੱਡੀ ਗਿਣਤੀ 'ਚ ਪਿੰਡ ਨਿਵਾਸੀਆਂ ਨੇ ਪੁਲਸ ਨੂੰ ਹਲਫੀਆ ਬਿਆਨ ਦੇ ਕੇ ਡਰੱਗ ਅਤੇ ਨਾਜਾਇਜ਼ ਸ਼ਰਾਬ ਨਾ ਵੇਚਣ ਦਾ ਪ੍ਰਣ ਵੀ ਲਿਆ ਸੀ। ਇਸ ਦੇ ਬਾਵਜੂਦ ਵੀ ਇਸ ਡਰੱਗ ਪ੍ਰਭਾਵਿਤ ਪਿੰਡ 'ਚ ਡਰੱਗ ਅਤੇ ਨਾਜਾਇਜ਼ ਸ਼ਰਾਬ ਦਾ ਧੰਦਾ ਇਸ ਕਦਰ ਫੈਲ ਚੁੱਕਿਆ ਹੈ ਕਿ ਪਿੰਡ ਨਿਵਾਸੀਆਂ ਦੇ ਪ੍ਰਣ ਦੇ ਬਾਵਜੂਦ ਵੀ ਇਸ ਪਿੰਡ ਨਾਲ ਸਬੰਧਤ ਸਮੱਗਲਰ ਬੀਤੇ ਕੁਝ ਮਹੀਨਿਆਂ ਤੋਂ ਵੱਖ-ਵੱਖ ਥਾਣਾ ਖੇਤਰਾਂ ਦੀ ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਅਤੇ ਡਰੱਗ ਦੇ ਨਾਲ ਫੜੇ ਜਾਂਦੇ ਰਹੇ ਹਨ।
ਹੁਣ ਜਲੰਧਰ ਪੁਲਸ ਵੱਲੋਂ ਪਿੰਡ ਵਿਚ ਕੀਤੀ ਗਈ ਜ਼ਬਰਦਸਤ ਚੈਕਿੰਗ ਅਤੇ ਸਰਚ ਮੁਹਿੰਮ ਦੇ ਦੌਰਾਨ ਲੱਖਾਂ ਰੁਪਏ ਦੀ ਸ਼ਰਾਬ ਬਰਾਮਦਗੀ ਦੇ ਮਾਮਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪਿੰਡ ਬੂਟਾ ਵਿਚ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਨਸ਼ਾ ਵਿਰੋਧੀ ਸੈਮੀਨਾਰ ਲਗਾਉਣ ਦਾ ਕੋਈ ਫਾਇਦਾ ਨਹੀਂ ਹੈ ਅਤੇ ਪਿੰਡ ਵਿਚ ਸਰਗਰਮ ਡਰੱਗ ਅਤੇ ਨਾਜਾਇਜ਼ ਸ਼ਰਾਬ ਦੇ ਧੰਦੇ 'ਚ ਲੱਗੇ ਲੋਕਾਂ 'ਤੇ ਇਨ੍ਹਾਂ ਡਰੱਗ ਵਿਰੋਧੀ ਸੈਮੀਨਾਰਾਂ ਦਾ ਕੋਈ ਅਸਰ ਨਹੀਂ ਹੈ। ਹੁਣ ਦੇਖਣਾ ਇਹ ਹੈ ਕਿ ਜ਼ਿਲਾ ਪੁਲਸ ਪਿੰਡ ਬੂਟਾ 'ਚ ਡਰੱਗ ਅਤੇ ਨਾਜਾਇਜ਼ ਸ਼ਰਾਬ ਦੇ ਧੰਦੇ ਨੂੰ ਰੋਕਣ ਲਈ ਕੀ ਰਣਨੀਤੀ ਅਪਣਾਉਂਦੀ ਹੈ।
ਗੌਰ ਹੋਵੇ ਕਿ ਪਿੰਡ ਬੂਟਾ ਵਿਚ ਲੰਬੇ ਸਮੇਂ ਤੋਂ ਚੱਲ ਰਹੇ ਡਰੱਗ ਅਤੇ ਨਾਜਾਇਜ਼ ਸ਼ਰਾਬ ਦੇ ਧੰਦੇ ਨੂੰ ਰੋਕਣ ਲਈ ਜ਼ਿਲਾ ਪੁਲਸ ਨੇ ਕੁਝ ਸਾਲ ਪਹਿਲਾਂ ਪਿੰਡ ਵਿਚ ਇਕ ਪੁਲਸ ਚੌਕੀ ਦੀ ਸਥਾਪਨਾ ਕੀਤੀ ਸੀ ਪਰ ਪੁਲਸ ਚੌਕੀ ਤੋਂ ਕੁਝ ਸੌ ਮੀਟਰ ਦੀ ਦੂਰੀ 'ਤੇ ਇੰਨੇ ਵੱਡੇ ਪੱਧਰ ਤੇ ਨਾਜਾਇਜ਼ ਸ਼ਰਾਬ ਦੀ ਬਰਾਮਦਗੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।