ਪ੍ਰਕਾਸ਼ ਸਿੰਘ ਬਾਦਲ ''ਤੇ ਹਮਲੇ ਦੀ ਸਾਜਿਸ਼, ਦੋ ਦਰਜਨ ਡੇਰਿਆਂ ''ਤੇ ਪੁਲਸ ਦੇ ਛਾਪੇ

10/17/2018 11:14:49 AM

ਚੰਡੀਗੜ੍ਹ/ਸ਼ਾਮਲੀ— ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਹਮਲਾ ਕਰਨ ਦੀ ਸਾਜ਼ਿਸ਼ ਬੇਨਕਾਬ ਹੋਣ ਬਾਅਦ ਬੀਤੇ ਦਿਨ ਪੰਜਾਬ ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਸ੍ਰੀ ਆਨੰਦਪੁਰ ਸਾਹਿਬ ਦੇ ਤਕਰੀਬਨ ਦੋ ਦਰਜਨ ਡੇਰਿਆਂ 'ਚ ਛਾਪੇ ਮਾਰੇ ਹਨ।ਪੁਲਸ ਵੱਲੋਂ ਇਸ ਮੁਹਿੰਮ ਨੂੰ ਬਿਲਕੁਲ ਗੁਪਤ ਰੱਖਿਆ ਗਿਆ ਹੈ।ਜਾਣਕਾਰੀ ਮੁਤਾਬਕ ਛਾਪਿਆਂ ਦੀ ਮੁਹਿੰਮ ਦਾ ਸੰਬੰਧ ਪਿਛਲੇ ਦਿਨੀਂ ਸ਼ਾਮਲੀ 'ਚ ਗ੍ਰਿਫਤਾਰ ਕੀਤੇ ਕਥਿਤ ਸਾਜ਼ਿਸ਼ਕਾਰਾਂ ਵੱਲੋਂ ਕੀਤੇ ਖੁਲਾਸਿਆਂ ਨਾਲ ਹੈ।ਨੈਣਾ ਦੇਵੀ ਰੋਡ 'ਤੇ ਸਥਿਤ ਡੇਰੇ, ਕਿਲਾ ਆਨੰਦਗੜ੍ਹ ਤੋਂ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ 'ਤੇ ਪੈਂਦੇ ਡੇਰਿਆਂ 'ਚ ਹੀ ਮੁੱਖ ਤੌਰ 'ਤੇ ਛਾਪੇ ਮਾਰੇ ਗਏ ਹਨ।ਹਾਲਾਂਕਿ ਪੁਲਸ ਅਧਿਕਾਰੀਆਂ ਨੇ ਇਸ ਮਾਮਲੇ ਬਾਰੇ ਅਜੇ ਖੁੱਲ੍ਹ ਕੇ ਕੁਝ ਵੀ ਨਹੀਂ ਕਿਹਾ ਹੈ।

ਰਿਪੋਰਟਾਂ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਾਲਾ ਮਾਸਟਰ ਮਾਈਂਡ ਜਰਮਨ ਸਿੰਘ ਪੰਜਾਬ ਦੇ ਆਨੰਦਪੁਰ ਸਾਹਿਬ 'ਚ ਛਿਪਿਆ ਹੈ। ਆਈ. ਬੀ. ਨੇ ਸ਼ੁਰੂਆਤੀ ਜਾਂਚ 'ਚ ਕਿਹਾ ਹੈ ਕਿ ਉਹ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਸੰਪਰਕ 'ਚ ਹੈ। ਜਰਮਨ ਸਿੰਘ ਦੇ ਮੋਬਾਇਲ ਦੀ 30 ਸਤੰਬਰ ਨੂੰ ਅੰਤਿਮ ਲੋਕੇਸ਼ਨ ਚੌਸਾਨਾ (ਸ਼ਾਮਲੀ, ਯੂ. ਪੀ.) 'ਚ ਸੀ। ਹੁਣ ਮੋਬਾਇਲ ਬੰਦ ਹੈ। ਆਈ. ਬੀ. ਨੇ ਸ਼ੱਕ ਜਤਾਇਆ ਹੈ ਕਿ ਜਰਮਨ ਨੇ ਪੱਛਮੀ ਯੂ. ਪੀ. 'ਚ ਖਾਲਿਸਤਾਨੀ ਸਮਰਥਕਾਂ ਦੀ ਟੀਮ ਬਣਾਈ ਹੈ। ਏਜੰਸੀਆਂ ਫੰਡਿੰਗ ਦੀਆਂ ਕੜੀਆਂ ਵੀ ਤਲਾਸ਼ ਰਹੀਆਂ ਹਨ। ਇੰਸਪੈਕਟਰ ਝਿੰਝਾਨਾ ਰਫੀ ਪਰਵੇਜ ਖਾਨ ਨੇ ਕਿਹਾ ਕਿ ਆਈ. ਬੀ. ਨੇ ਮਾਮਲੇ ਨਾਲ ਸੰਬੰਧਤ ਦਸਤਾਵੇਜ਼ ਲੈ ਲਏ ਹਨ। ਐੱਸ. ਪੀ. ਸ਼ਾਮਲੀ ਦਿਨੇਸ਼ ਨੇ ਕਿਹਾ ਕਿ ਪੁਲਸ ਟੀਮਾਂ ਪੰਜਾਬ ਅਤੇ ਹੋਰ ਸਥਾਨਾਂ 'ਤੇ ਭੇਜੀਆਂ ਗਈਆਂ ਹਨ, ਜਲਦ ਹੀ ਗ੍ਰਿਫਤਾਰੀ ਹੋਵੇਗੀ।