ਪੁਲਸ ਵੱਲੋਂ ਛਾਪੇਮਾਰੀ ; ਐਕਸਪਾਇਰ ਕੀੜੇਮਾਰ ਦਵਾਈਆਂ ਬਰਾਮਦ

08/15/2017 12:37:57 AM

ਬਰਨਾਲਾ,   (ਵਿਵੇਕ ਸਿੰਧਵਾਨੀ, ਰਵੀ)—  ਮਿਆਦ ਲੰਘ ਚੁੱਕੀ (ਐਕਸਪਾਇਰ) ਕੀੜੇਮਾਰ ਦਵਾਈ ਵੇਚਣ ਦੇ ਦੋਸ਼ 'ਚ 3 ਫਰਮਾਂ ਦੇ ਦੋ ਮਾਲਕ, ਜੋ ਆਪਸ 'ਚ ਪਿਓ-ਪੁੱਤ ਹਨ, ਵਿਰੁੱਧ ਪੁਲਸ ਵੱਲੋਂ ਕਈ ਧਾਰਾਵਾਂ ਹੇਠ ਪਰਚਾ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਬਰਨਾਲਾ ਹਰਜੀਤ ਸਿੰਘ ਨੇ ਦੱਸਿਆ ਕਿ ਸੀ.ਆਈ. ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੂੰ ਇਤਲਾਹ ਮਿਲੀ ਕਿ ਉਕਤ ਵਿਅਕਤੀਆਂ ਨੇ ਗੈਰ-ਕਾਨੂੰਨੀ ਜਗ੍ਹਾ 'ਚ ਮਿਆਦ ਲੰਘੀਆਂ ਕੀੜੇਮਾਰ ਦਵਾਈਆਂ ਅਤੇ ਕਈ ਤਰ੍ਹਾਂ ਦੇ ਨਕਲੀ ਕੈਮੀਕਲ ਭਾਰੀ ਮਾਤਰਾ 'ਚ ਸਟੋਰ ਕਰ ਕੇ ਰੱਖੇ ਹੋਏ ਹਨ ਅਤੇ ਇਹ ਮਿਆਦ ਲੰਘੀਆਂ ਕੀੜੇਮਾਰ ਦਵਾਈਆਂ ਸਹੀ ਦੱਸ ਕੇ ਭੋਲੇ-ਭਾਲੇ ਕਿਸਾਨਾਂ ਨੂੰ ਦੇ ਕੇ ਚਾਂਦੀ ਕੁੱਟ ਰਹੇ ਹਨ।
ਸੀ.ਆਈ. ਏ. ਇੰਚਾਰਜ ਵੱਲੋਂ ਮੁੱਖ ਅਫਸਰ ਥਾਣਾ ਜੋਗਾ ਅਤੇ ਸਣੇ ਪੁਲਸ ਪਾਰਟੀ ਅਤੇ ਬਰਨਾਲਾ ਦੇ ਖੇਤੀਬਾੜੀ ਅਧਿਕਾਰੀਆਂ ਨਾਲ ਉਕਤ ਗੈਰ-ਕਾਨੂੰਨੀ ਜਗ੍ਹਾ 'ਤੇ ਛਾਪਾ ਮਾਰ ਕੇ ਮਿਆਦ ਲੰਘ ਚੁੱਕੀ ਕੀੜੇਮਾਰ ਦਵਾਈ ਬਰਾਮਦ ਕੀਤੀ ਗਈ। ਬਿਨਾਂ ਲੇਬਲ ਅਤੇ ਬਿਨਾਂ ਬਿੱਲ ਤੋਂ ਇਹ ਦਵਾਈਆਂ ਸਟੋਰ 'ਚ ਮੌਜੂਦ ਸਨ। ਵਿਭਾਗ ਤੋਂ ਬਿਨਾਂ ਨਕਸ਼ਾ ਪਾਸ ਕਰਵਾਏ ਸਟੋਰ 'ਚ ਅਣ-ਅਧਿਕਾਰਿਤ ਤੌਰ 'ਤੇ ਦਵਾਈਆਂ ਰੱਖੀਆਂ ਹੋਈਆਂ ਸਨ। ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀ ਮੌਕੇ ਤੋਂ ਫਰਾਰ ਹਨ, ਜਿਨ੍ਹਾਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸਰਬਜੀਤ ਸਿੰਘ, ਐੈੱਸ.ਪੀ.ਡੀ. ਸਵਰਨ ਸਿੰਘ ਖੰਨਾ, ਡੀ. ਐੱਸ. ਪੀ. ਕੁਲਦੀਪ ਸਿੰਘ ਵਿਰਕ ਅਤੇ ਸੀ.ਆਈ. ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਆਦਿ ਹਾਜ਼ਰ ਸਨ।