ਮੋਹਾਲੀ 'ਚ ਪੁਲਸ ਨੇ ਚਲਾਈ ਵਿਸ਼ੇਸ਼ ਤਲਾਸ਼ੀ ਮੁਹਿੰਮ, ਨਸ਼ੇ-ਹਥਿਆਰਾਂ ਤੇ 21 ਲੱਖ ਦੀ ਨਕਦੀ ਸਣੇ 20 ਸ਼ੱਕੀ ਲੋਕ ਕਾਬੂ

06/09/2022 11:13:17 AM

ਮੋਹਾਲੀ (ਅਮਰਦੀਪ, ਰਣਬੀਰ, ਪਰਦੀਪ) : ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਰੋਪੜ ਰੇਂਜ ਪੁਲਸ ਨੇ ਅੱਜ ਮੋਹਾਲੀ 'ਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ। ਇਸ ਮੁਹਿੰਮ ਦੀ ਅਗਵਾਈ ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ (ਡੀ. ਆਈ. ਜੀ.) ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤੀ ਅਤੇ ਇਸ ਨੂੰ ਤਿੰਨ ਜ਼ਿਲ੍ਹਿਆਂ ਦੇ ਪੁਲਸ ਬਲਾਂ ਵੱਲੋਂ ਸਾਂਝੇ ਤੌਰ 'ਤੇ ਚਲਾਇਆ ਗਿਆ। ਇਸ 'ਚ ਮੋਹਾਲੀ ਪੁਲਸ ਦੀ ਅਗਵਾਈ ਐੱਸ. ਐੱਸ. ਪੀ. ਵਿਵੇਕ ਸ਼ੀਲ ਸੋਨੀ, ਫ਼ਤਹਿਗੜ੍ਹ ਸਾਹਿਬ ਪੁਲਸ ਦੀ ਅਗਵਾਈ ਐੱਸ. ਐੱਸ. ਪੀ. ਰਵਜੋਤ ਗਰੇਵਾਲ ਅਤੇ ਰੂਪਨਗਰ ਪੁਲਸ ਦੀ ਅਗਵਾਈ ਐੱਸ. ਐੱਸ. ਪੀ. ਸੰਦੀਪ ਗਰਗ ਵੱਲੋਂ ਕੀਤੀ ਗਈ ਪੁਲਸ ਟੀਮਾਂ ਨੇ ਮੋਹਾਲੀ ਦੀਆਂ ਤਿੰਨ ਸੁਸਾਇਟੀਆਂ ਮੋਹਾਲੀ ਈਡਨ ਕੋਰਟ, ਜਲਵਾਯੂ ਵਿਹਾਰ ਅਤੇ ਹੋਮਲੈਂਡ ਵਿੱਚ ਕਾਰਵਾਈ ਕਰਕੇ ਘੱਟੋ-ਘੱਟ 20 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਫੜ੍ਹਿਆ ਹੈ।

ਇਹ ਵੀ ਪੜ੍ਹੋ : CM ਮਾਨ ਕਰਨਗੇ ਇਕ ਹੋਰ ਧਮਾਕਾ, ਨਾਜਾਇਜ਼ ਕਬਜੇ ਕਰਨ ਵਾਲੇ ਵੱਡੇ ਆਗੂਆਂ ਬਾਰੇ ਖ਼ੁਲਾਸਾ ਹੋਣ ਦੇ ਆਸਾਰ

ਪੁਲਸ ਨੇ ਸ਼ੱਕ ਦੇ ਆਧਾਰ 'ਤੇ 10 ਵਾਹਨਾਂ ਨੂੰ ਵੀ ਜ਼ਬਤ ਕੀਤਾ ਹੈ ਅਤੇ 18 ਗ੍ਰਾਮ ਅਫ਼ੀਮ, 7 ਹਥਿਆਰ ਅਤੇ 21 ਲੱਖ ਰੁਪਏ ਦੀ ਨਕਦੀ (ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕੀਤਾ ਗਿਆ) ਬਰਾਮਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਆਈ. ਜੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਸ ਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਕੁੱਝ ਕਿਰਾਏਦਾਰ ਬਿਨਾਂ ਤਸਦੀਕ ਕੀਤੇ ਉੱਥੇ ਰਹਿ ਰਹੇ ਹਨ ਅਤੇ ਕਈਆਂ ਨੇ ਤਾਂ ਫਲੈਟਾਂ ਨੂੰ ਕਿਰਾਏ ‘ਤੇ ਲੈ ਕੇ ਅੱਗੇ ਕਿਰਾਏ ‘ਤੇ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰੇਕ ਸੁਸਾਇਟੀ ਦੀ ਐੱਸ. ਐੱਸ. ਪੀ. ਦੀ ਅਗਵਾਈ ਹੇਠ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੇ ਚੰਗੇ ਨਤੀਜੇ ਵੀ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : ਆਸਟ੍ਰੇਲੀਆ ਜਾਣ ਦੇ ਕੁੱਝ ਘੰਟੇ ਪਹਿਲਾਂ ਹੀ ਧਰਮਸੌਤ ਦੇ ਸਾਬਕਾ OSD ਨੂੰ ਕੀਤਾ ਗਿਆ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਇਹ ਕਾਰਵਾਈ ਤਿੰਨ ਸੁਸਾਇਟੀਆਂ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਨੂੰ ਜਾਰੀ ਰੱਖਿਆ ਜਾਵੇਗਾ। ਡੀ. ਆਈ. ਜੀ. ਨੇ ਕਿਹਾ ਕਿ ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀਜ਼ ਨੇ ਵੀ ਪੰਜਾਬ ਪੁਲਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਦੱਸਣਯੋਗ ਹੈ ਕਿ ਪੁਲਸ ਟੀਮਾਂ ਵੱਲੋਂ ਬਰਾਮਦ ਕੀਤੇ ਗਏ ਹਥਿਆਰਾਂ ਅਤੇ ਨਕਦੀ ਬਾਰੇ ਹੋਰ ਜਾਂਚ ਕਰਨ ਲਈ ਸ਼ੱਕ ਦੇ ਆਧਾਰ 'ਤੇ ਕਾਬੂ ਕੀਤੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita