ਨਸ਼ਾ ਸਮੱਗਲਰਾਂ ਨਾਲ ਮੇਲ-ਜੋਲ ਰੱਖਣ ਵਾਲੇ ਪੁਲਸ ਕਰਮਚਾਰੀ ਬਖਸ਼ੇ ਨਹੀਂ ਜਾਣਗੇ

Friday, Jul 06, 2018 - 07:11 AM (IST)

ਗੁਰਦਾਸਪੁਰ (ਵਿਨੋਦ, ਹਰਮਨਪ੍ਰੀਤ, ਦੀਪਕ) - ਨਸ਼ਾ ਸਮੱਗਲਰਾਂ ਦੀ ਮਦਦ ਕਰਨ ਤੇ ਉਨ੍ਹਾਂ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਉਨ੍ਹਾਂ ਵਿਰੁੱਧ ਕਾਰਵਾਈ ਨਾ ਕਰਨ ਵਾਲੇ ਦੋ ਪੁਲਸ ਅਧਿਕਾਰੀਆਂ 'ਤੇ ਜ਼ਿਲਾ ਪੁਲਸ ਮੁਖੀ ਨੇ ਕਾਰਵਾਈ ਕਰਦੇ ਹੋਏ ਇਕ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੂੰ ਸਮੇਂ ਤੋਂ ਪਹਿਲਾਂ ਰਿਟਾਇਰ ਤੇ ਇਕ ਹੋਰ ਸਿਪਾਹੀ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ। ਇਹ ਮਾਮਲਾ ਕੁਝ ਦਿਨ ਪਹਿਲਾਂ 'ਜਗ ਬਾਣੀ' ਨੇ ਚੁੱਕਿਆ ਸੀ।
ਜ਼ਿਲਾ ਪੁਲਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਕ ਸੰਦੇਸ਼ ਵਾਇਰਲ ਹੋਇਆ ਸੀ ਅਤੇ ਕੁਝ ਅਖ਼ਬਾਰਾਂ 'ਚ ਵੀ ਇਹ ਮੁੱਦਾ ਚੁੱਕਿਆ ਗਿਆ ਸੀ ਕਿ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਰਜਿੰਦਰ ਕੁਮਾਰ ਅਤੇ ਉਸ ਦੇ ਗੰਨਮੈਨ ਜਤਿੰਦਰ ਸਿੰਘ ਧਾਰੀਵਾਲ ਵਾਸੀ ਇਕ ਨਸ਼ਾ ਸਮੱਗਲਰ ਆਦਿਤਿਆ ਮਹਾਜਨ ਉਰਫ਼ ਜੀਤਾ ਪੁੱਤਰ ਸੁਰੇਸ਼ ਕੁਮਾਰ ਨਾਲ ਗੰਢ-ਤੁੱਪ ਰੱਖਦੇ ਹਨ ਅਤੇ ਉਨ੍ਹਾਂ ਨਾਲ ਮਿਲ ਕੇ ਨਸ਼ੇ ਦੀ ਸਮੱਗਲਿੰਗ ਕਰਦੇ ਹਨ। ਇਸ ਸੂਚਨਾ ਦੇ ਆਧਾਰ 'ਤੇ ਉਦੋਂ ਹੀ ਦੋਵਾਂ ਪੁਲਸ ਕਰਮਚਾਰੀਆਂ ਨੂੰ ਪੁਲਸ ਲਾਈਨ ਸ਼ਿਫਟ ਕਰ ਦਿੱਤਾ ਗਿਆ ਸੀ ਤੇ ਜਿਸ ਨਸ਼ਾ ਸਮੱਗਲਰ ਆਦਿਤਿਆ ਨਾਲ ਇਨ੍ਹਾਂ ਦੋਵਾਂ ਅਧਿਕਾਰੀਆਂ ਦੀ ਗੰਢ-ਤੁੱਪ ਦੀ ਗੱਲ ਕੀਤੀ ਜਾ ਰਹੀ ਸੀ, ਉਸ ਬਾਰੇ ਪਤਾ ਲਾਇਆ ਤਾਂ ਉਹ ਗੁਰਦਾਸਪੁਰ ਜੇਲ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਬੰਦ ਪਾਇਆ ਗਿਆ। ਇਸ ਮਾਮਲੇ ਦੀ ਸਹੀ ਅਤੇ ਉੱਚ ਪੱਧਰ 'ਤੇ ਜਾਂਚ ਕਰਨ ਲਈ ਇਕ ਕਮੇਟੀ ਗਠਿਤ ਕੀਤੀ ਗਈ ਸੀ ਜੋ ਕਿ ਪੁਲਸ ਮੁਖੀ ਡਿਟੈਕਟਿਵ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਵਿਚ ਕੀਤੀ ਸੀ।
ਪੁਲਸ ਮੁਖੀ ਭੁੱਲਰ ਨੇ ਕਿਹਾ ਕਿ ਜੇਲ ਵਿਚ ਬੰਦ ਸਮੱਗਲਰ ਆਦਿਤਿਆ ਨੂੰ ਅਦਾਲਤ ਤੋਂ ਪ੍ਰੋਟੈਕਸ਼ਨ ਵਾਰੰਟ ਰਾਹੀਂ ਪੁੱਛਗਿੱਛ ਲਈ ਲਿਆਂਦਾ ਗਿਆ ਤਾਂ ਉਸ ਨੇ ਇਹ ਗੱਲ ਤਾਂ ਸਵੀਕਾਰ ਕਰ ਲਈ ਕਿ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਇੰਚਾਰਜ ਰਜਿੰਦਰ ਕੁਮਾਰ ਤੇ ਉਸ ਦੇ ਗੰਨਮੈਨ ਜਤਿੰਦਰ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਸੀ ਕਿ ਮੈਂ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਦਾ ਹਾਂ ਪਰ ਦੋਵੇਂ ਪੁਲਸ ਕਰਮਚਾਰੀ ਨਸ਼ੇ ਦੀ ਖਰੀਦੋ-ਫਰੋਖਤ ਵਿਚ ਸ਼ਾਮਲ ਨਹੀਂ ਹਨ। ਇਸ ਸਬੰਧੀ ਪੂਰੀ ਜਾਂਚ ਰਿਪੋਰਟ ਆਈ. ਜੀ. ਬਾਰਡਰ ਰੇਂਜ ਨੂੰ ਭੇਜੀ ਗਈ ਸੀ। ਆਈ. ਜੀ. ਦੇ ਆਦੇਸ਼ 'ਤੇ ਇੰਸਪੈਕਟਰ ਰਜਿੰਦਰ ਕੁਮਾਰ ਜਿਸ ਦੀ 7 ਮਹੀਨਿਆਂ ਦੀ ਨੌਕਰੀ ਬਕਾਇਆ ਹੈ, ਨੂੰ ਸਮੇਂ ਤੋਂ ਪਹਿਲਾਂ ਹੀ ਰਿਟਾਇਰ ਕਰ ਦਿੱਤਾ ਗਿਆ ਜਦਕਿ ਉਨ੍ਹਾਂ ਦੇ ਗੰਨਮੈਨ ਜਤਿੰਦਰ ਸਿੰਘ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ।
ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਕਿਸੇ ਵੀ ਪੁਲਸ ਅਧਿਕਾਰੀ ਜਾਂ ਕਰਮਚਾਰੀ ਦੀ ਨਸ਼ਾ ਸਮੱਗਲਿੰਗ 'ਚ ਸ਼ਮੂਲੀਅਤ ਕਰਨ ਵਾਲੇ ਕਰਮਚਾਰੀ ਬਖਸ਼ੇ ਨਹੀਂ ਜਾਣਗੇ।


Related News