ਕਪੂਰਥਲਾ : ​​​​​​​ਪੁਲਸ ਇੰਸਪੈਕਟਰ ਨੂੰ ਲੈ ਡੁਬਿਆ ਪਰਿਵਾਰ ਦਾ ਦਰਦ

01/20/2018 7:34:41 AM

ਕਪੂਰਥਲਾ (ਭੂਸ਼ਣ, ਮਲਹੋਤਰਾ, ਮੀਨੂੰ) : ਕਪੂਰਥਲਾ ਪੁਲਸ ਲਾਈਨ ਵਿਚ ਤਾਇਨਾਤ ਇੰਸਪੈਕਟਰ ਜਸਵਿੰਦਰਪਾਲ ਸਿੰਘ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਘਰ 'ਚ ਹੀ ਸ਼ੱਕੀ ਹਾਲਾਤ 'ਚ ਖੁਦਕੁਸ਼ੀ ਕਰ ਲਈ। ਇੰਸਪੈਕਟਰ ਜਸਵਿੰਦਰਪਾਲ ਫਿਲਹਾਲ ਲੰਮੀ ਛੁੱਟੀ 'ਤੇ ਚੱਲ ਰਹੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇੰਸਪੈਕਟਰ ਜਸਵਿੰਦਰਪਾਲ ਸਿੰਘ ਵਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਇਸ ਦੇ ਕਾਰਨਾਂ ਦਾ ਫਿਲਹਾਲ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ।
ਸੁਬੇ 'ਚ 80 ਦੇ ਦਹਾਕੇ 'ਚ ਆਪਣੀ ਚਰਮ ਸੀਮਾ 'ਤੇ ਪਹੁੰਚ ਚੁੱਕੇ ਅੱਤਵਾਦ ਦੇ ਦੌਰਾਨ ਖਤਰਨਾਕ ਅੱਤਵਾਦੀਆਂ ਨਾਲ ਵੱਡੀ ਲੜਾਈ ਲੜਨ ਵਾਲੇ ਪੰਜਾਬ ਪੁਲਸ ਦੇ ਜਾਬਾਜ਼ ਇੰਸਪੈਕਟਰ ਜਸਵਿੰਦਰਪਾਲ ਸਿੰਘ ਨੂੰ ਆਪਣੇ ਹੀ ਪਰਿਵਾਰ ਦਾ ਦਰਦ ਇਸ ਕਦਰ ਲੈ ਡੁਬਿਆ ਕਿ ਉਨ੍ਹਾਂ ਨੇ ਖੁੱਦਕੁਸ਼ੀ ਵਰਗੇ ਭਿਆਨਕ ਰਸਤੇ ਨੂੰ ਅਪਨਾਉਣ ਵਿਚ ਕੁਝ ਪਲ ਦੀ ਦੇਰੀ ਵੀ ਨਹੀਂ ਕੀਤੀ। 90 ਦੇ ਦਹਾਕੇ 'ਚ ਬਤੌਰ ਹੈੱਡ ਕਾਂਸਟੇਬਲ ਜ਼ਿਲੇ ਦੇ ਕਈ ਥਾਣਿਆਂ 'ਚ ਐੱਸ. ਐੱਚ. ਓ. ਦਾ ਅਹੁਦਾ ਸੰਭਾਲਣ ਵਾਲੇ ਇੰਸਪੈਕਟਰ ਜਸਵਿੰਦਰਪਾਲ ਸਿੰਘ  ਨੇ ਸ਼ਾਇਦ ਖੁਦ ਵੀ ਆਪਣੇ ਲਈ ਇੰਨੇ ਦਿਲ ਦਹਿਲਾÀਣ ਵਾਲੇ ਮੰਜਰ ਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ।   

ਬੇਟੇ ਦੇ ਸਹੁਰਿਆਂ ਦੀਆਂ ਜ਼ਿਆਦਤੀਆਂ ਤੋਂ ਟੁੱਟ ਚੁੱਕੇ ਸਨ ਇੰਸਪੈਕਟਰ
ਅਪਰਾਧੀਆਂ ਲਈ ਵੱਡਾ ਖੌਫ ਬਣ ਚੁੱਕੇ ਇੰਸਪੈਕਟਰ ਜਸਵਿੰਦਰਪਾਲ ਸਿੰਘ ਆਪਣੇ ਬੇਟੇ ਸਿਮਰਨਜੀਤ ਸਿੰਘ ਦੇ ਆਸਟ੍ਰੇਲੀਆ 'ਚ ਰਹਿੰਦੇ ਸਹੁਰਾ ਪਰਿਵਾਰ ਵੱਲੋਂ ਕੀਤੇ ਗਏ ਜ਼ੁਲਮਾਂ ਅਤੇ ਜ਼ਿਆਦਤੀਆਂ ਤੋਂ ਇਸ ਕਦਰ ਟੁੱਟ ਚੁੱਕੇ ਸਨ ਕਿ ਬੇਟੇ ਦੇ ਭਵਿੱਖ ਨੂੰ ਤਬਾਹ ਹੁੰਦੇ ਵੇਖ ਉਹ ਲਗਾਤਾਰ ਪਰੇਸ਼ਾਨੀਆਂ ਨਾਲ ਘਿਰ ਗਏ ਸਨ, ਜਿਸ  ਕਾਰਨ ਉਨ੍ਹਾਂ ਨੂੰ ਦਿਲ ਦਾ ਰੋਗ ਵੀ ਹੋ ਗਿਆ ਸੀ ਅਤੇ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੀ ਬਾਈਪਾਸ ਸਰਜਰੀ ਕਰਵਾਈ ਸੀ। ਅੰਤ 'ਚ ਦੁਖੀ ਹੋ ਕੇ ਉਨ੍ਹਾਂ ਨੇ ਜੀਵਨ ਲੀਲਾ ਸਮਾਪਤ ਕਰ ਲਈ। 
ਅੱਤਵਾਦ ਦੌਰਾਨ ਲਿਆ ਸੀ ਕਈ ਵੱਡੇ ਆਪ੍ਰੇਸ਼ਨਾਂ 'ਚ ਹਿੱਸਾ 
ਆਪਣੇ ਬੇਟੇ ਦੇ ਭਵਿੱਖ ਨੂੰ ਤਬਾਹ ਹੁੰਦੇ ਦੇਖ ਕੇ ਆਪਣੀ ਜ਼ਿਦੰਗੀ ਦੀ ਲੜਾਈ ਹਾਰੇ ਇੰਸਪੈਕਟਰ ਜਸਵਿੰਦਰਪਾਲ ਸਿੰਘ ਦੀ ਗਿਣਤੀ ਕਪੂਰਥਲਾ ਪੁਲਸ ਦੇ ਉਨ੍ਹਾਂ ਬਹਾਦੁਰ ਅਤੇ ਦਲੇਰ ਪੁਲਸ ਅਫਸਰਾਂ 'ਚ ਹੁੰਦੀ ਸੀ, ਜਿਨ੍ਹਾਂ ਨੇ ਅੱਤਵਾਦ ਦੌਰਾਨ ਕਈ ਵੱਡੇ ਅੱਤਵਾਦ ਵਿਰੋਧੀ ਆਪ੍ਰੇਸ਼ਨਾਂ ਵਿਚ ਹਿੱਸਾ ਲੈ ਕੇ ਸੂਬੇ ਨੂੰ ਅੱਤਵਾਦ ਤੋਂ ਆਜ਼ਾਦ ਕਰਵਾਉਣ 'ਚ ਅਹਿਮ ਭੂਮਿਕਾ ਅਦਾ ਕੀਤੀ ਸੀ।
ਅੱਤਵਾਦ ਦੌਰਾਨ ਉਨ੍ਹਾਂ ਦੀ ਇਸ ਬਹਾਦਰੀ ਤੋਂ ਖੁਸ਼ ਹੋ ਕੇ ਪੰਜਾਬ ਪੁਲਸ ਦੇ ਤਤਕਾਲੀਨ ਡੀ. ਜੀ. ਪੀ. ਜੇ. ਐੱਫ. ਰਿਬੈਰੋ ਨੇ ਉਨ੍ਹਾਂ ਨੂੰ ਲੋਕਲ ਸਬ ਇੰਸਪੈਕਟਰ ਦਾ ਓ. ਆਰ. ਪੀ. ਰੈਂਕ ਦਿੰਦੇ ਹੋਏ ਐੱਸ. ਐੱਚ. ਓ. ਭੁਲੱਥ  ਦੇ ਅਹੁਦੇ 'ਤੇ ਸਾਲ 1990 ਦੌਰਾਨ ਤਾਇਨਾਤ ਕੀਤਾ ਸੀ । ਜਿਸ ਦੌਰਾਨ ਇੰਸਪੈਕਟਰ ਜਸਵਿੰਦਰਪਾਲ ਸਿੰਘ ਨੇ ਅੱਤਵਾਦ ਦੇ ਇਸ ਕਾਲੇ ਦੌਰ 'ਚ ਐੱਸ. ਐੱਚ. ਓ. ਬੇਗੋਵਾਲ, ਐੱਸ. ਐੱਚ. ਓ. ਢਿਲਵਾਂ ਅਤੇ ਐੱਸ. ਐੱਚ. ਓ. ਸਤਨਾਮਪੁਰਾ 'ਚ ਆਪਣੀ ਨਿਯੁਕਤੀ ਦੌਰਾਨ ਅੱਤਵਾਦੀਆਂ ਨਾਲ ਜਮ ਕੇ ਟੱਕਰ ਲਈ ਸੀ। ਉਥੇ ਹੀ ਉਨ੍ਹਾਂ ਨੇ ਸਾਲ 2014 ਤੋਂ ਲੈ ਕੇ 2016 ਤਕ ਸੀ. ਆਈ. ਏ. ਸਟਾਫ ਕਪੂਰਥਲਾ 'ਚ ਬਤੌਰ ਇੰਚਾਰਜ ਆਪਣੀ ਨਿਯੁਕਤੀ ਦੌਰਾਨ ਕਈ ਖਤਰਨਾਕ ਡਰੱਗ ਸਮੱਗਲਰਾਂ, ਲੁਟੇਰਿਆਂ ਅਤੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਸੀ।