ਪੁਲਸ ਨੇ ਵਰਕਰਾਂ ਨੂੰ ਲਿਆ ਹਿਰਾਸਤ ''ਚ

Tuesday, Jun 20, 2017 - 01:42 AM (IST)

ਫ਼ਰੀਦਕੋਟ,   (ਹਾਲੀ)-  ਐੱਫ. ਸੀ. ਆਈ. ਲੇਬਰ ਤੇ ਠੇਕੇਦਾਰਾਂ ਵਿਚ ਕਾਫ਼ੀ ਸਮੇਂ ਤੋਂ ਸਪੈਸ਼ਲ ਲੋਡਿੰਗ ਨੂੰ ਲੈ ਕੇ ਟਕਰਾਅ ਦੇ ਹਾਲਾਤ ਬਣੇ ਹੋਏ ਹਨ। ਦਰਅਸਲ ਐੱਫ. ਸੀ. ਆਈ. ਲੇਬਰ ਜੋ ਸਪੈਸ਼ਲ ਲੋਡਿੰਗ ਦਾ ਕੰਮ ਐੱਫ. ਸੀ. ਆਈ. ਅਨੁਸਾਰ ਕਰਦੀ ਸੀ ਤੇ ਹੁਣ ਇਹ ਕੰਮ ਠੇਕੇ 'ਤੇ ਦੇ ਕੇ ਲੋਡਿੰਗ ਕਰਵਾਈ ਜਾ ਰਹੀ ਹੈ, ਜਿਸ ਕਰ ਕੇ ਪੁਰਾਣੀ ਲੇਬਰ ਨਵੀਂ ਠੇਕੇਦਾਰ ਦੀ ਲੇਬਰ ਨੂੰ ਲੋਡਿੰਗ ਨਹੀਂ ਕਰਨ ਦੇਣਾ ਚਾਹੁੰਦੀ, ਜਿਸ ਕਾਰਨ ਉਨ੍ਹਾਂ 'ਚ ਟਕਰਾਅ ਦੀ ਸਥਿਤੀ ਬਣੀ ਹੋਈ ਹੈ। 
ਅੱਜ ਐੱਫ. ਸੀ. ਆਈ. ਲੇਬਰ ਇਕੱਠੀ ਹੋ ਕੇ ਇਸ ਲੋਡਿੰਗ ਨੂੰ ਰੋਕਣਾ ਚਾਹੁੰਦੀ ਸੀ, ਜਿਸ ਕਾਰਨ ਇਨ੍ਹਾਂ ਵਿਚ ਟਕਰਾਅ ਦੀ ਸਥਿਤੀ ਪੈਦਾ ਹੋ ਗਈ, ਇਸ ਨੂੰ ਰੋਕਣ ਲਈ ਪੁਲਸ ਵੱਲੋਂ ਕੁਝ ਵਿਅਕਤੀ ਹਿਰਾਸਤ ਵਿਚ ਲੈ ਲਏ ਗਏ, ਜਿਸ ਦੇ ਰੋਸ 'ਚ ਅੱਜ ਐੱਫ. ਸੀ. ਆਈ. ਲੇਬਰ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਸੰਦੀਪ ਬਰਾੜ ਦੇ ਘਰ ਦੇ ਬਾਹਰ ਇਕੱਠੀ ਹੋਈ ਤੇ ਸੰਦੀਪ ਬਰਾੜ ਨੂੰ ਮਿਲ ਕੇ ਆਪਣੀਆਂ ਮੁਸ਼ਕਲਾਂ ਦੱਸੀਆਂ। ਪੁਲਸ ਵੱਲੋਂ ਘਰ ਦੇ ਬਾਹਰ ਭਾਰੀ ਸੁਰੱਖਿਆ ਤਾਇਨਾਤ ਕੀਤੀ 
ਗਈ ਸੀ।ਐੱਫ. ਸੀ. ਆਈ. ਲੇਬਰ ਦੇ ਆਗੂ ਹਰਨੇਕ ਸਿੰਘ ਨੇ ਦੱਸਿਆ ਕਿ ਅਸੀਂ ਪਿਛਲੇ 30 ਸਾਲਾਂ ਤੋਂ ਲਗਾਤਾਰ ਐੱਫ. ਸੀ. ਆਈ. ਲਈ ਲੋਡਿੰਗ ਦਾ ਕੰਮ ਕਰ ਰਹੇ ਹਾਂ ਪਰ ਹੁਣ ਇਸ ਸਾਲ ਤੋਂ ਇਹ ਕੰਮ ਠੇਕੇ 'ਤੇ ਦੇ ਕੇ ਸਾਡੇ ਤੋਂ ਸਾਡਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ 36 ਸਾਥੀਆਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। 


Related News