ਪੁਲਸ ਵਿਭਾਗ ਨੇ 75 ਤੋਂ 80 ਫੀਸਦੀ ਨਸ਼ਾਖੋਰੀ ਨੂੰ ਕੀਤਾ ਖਤਮ : ਐੱਸ. ਐੱਸ. ਪੀ. ਮਾਨ

08/31/2017 3:46:21 PM


ਖਾਲੜਾ/ ਝਬਾਲ/ ਬੀੜ ਸਾਹਿਬ ( ਭਾਟੀਆ, ਹਰਬੰਸ ਲਾਲੂਘੁੰਮਣ, ਬਖਤਾਵਰ) - ਨਸ਼ਾਖੋਰੀ ਨੂੰ ਵੱਡੀ ਪੱਧਰ 'ਤੇ ਠੱਲ੍ਹ ਪੈ ਚੁੱਕੀ ਹੈ ਅਤੇ ਜੋ ਲੋਕ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਜਾਂ ਤਾਂ ਇਸ ਕੰਮ ਤੋਂ ਤੌਬਾ ਕਰ ਚੁੱਕੇ ਹਨ ਜਾਂ ਉਹ ਜ਼ੇਲਾਂ ਦੀਆਂ ਕਾਲ ਕੋਠੀਆਂ 'ਚ ਬੰਦ ਹਨ। ਇਹ ਜਾਣਕਾਰੀ ਐੱਸ. ਐੱਸ. ਪੀ. ਡੀ. ਐੱਸ. ਮਾਨ ਨੇ ਡੀ. ਐੱਸ. ਪੀ. ਭਿੱਖੀਵਿੰਡ ਦੀ ਅਗਵਾਈ 'ਚ ਸਰਹੱਦੀ ਪਿੰਡਾਂ ਤਾਰਾ ਸਿੰਘ, ਨਾਰਲੀ, ਪਲੋਪੱਤੀ, ਰਾਜੋਕੇ ਅਤੇ ਕੋਟ ਬੁੱਢਾ ਵਿਖੇ ਰੱਖੀਆਂ ਮੀਟਿੰਗਾਂ ਦੌਰਾਂਨ ਲੋਕਾਂ ਨਾਲ ਗੱਲਬਾਤ ਕਰਦਿਆਂ ਦਿੱਤੀ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਪੁਲਸ ਨੂੰ ਨਸ਼ਿਆਂ ਨੂੰ ਰੋਕਣ ਲਈ 'ਫ੍ਰੀ ਹੈਂਡ' ਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਜਾਂ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਐੱਸ. ਐੱਸ. ਪੀ. ਮਾਨ ਨੇ ਦੱਸਿਆ ਕਿ ਨਸ਼ਿਆਂ ਸਬੰਧੀ ਪੁਲਸ ਨੂੰ ਜਾਣਕਾਰੀ ਦੇਣ ਲਈ ਟੋਲ ਫ੍ਰੀ ਨੰਬਰ ਵੀ ਜ਼ਿਲੇ ਅੰਦਰ ਜਾਰੀ ਕੀਤਾ ਗਿਆ ਹੈ ਜਿਥੇ ਕੋਈ ਵੀ ਵਿਅਕਤੀ ਜਾਣਕਾਰੀ ਦੇ ਸਕਦਾ ਹੈ ਜਿਸ ਨੂੰ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਕੋਲ ਨਸ਼ਾ ਤਸਕਰੀ ਨਾਲ ਜੁੜੇ ਲੋਕਾਂ ਦੀ ਜਾਣਕਾਰੀ ਬਿਨ੍ਹਾਂ ਕਿਸੇ ਦੇ ਡਰ ਦੇ ਦਿੱਤੀ ਜਾ ਸਕਦੀ ਹੈ। ਨਸ਼ਾ ਤਸਕਰਾਂ ਨਾਲ ਸਾਂਝ ਰੱਖਣ ਵਾਲੇ ਮੁਲਾਜ਼ਮ ਜਾਂ ਅਧਿਕਾਰੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। 
ਐੱਸ. ਐੱਸ. ਪੀ. ਮਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 75 ਤੋਂ 80 ਫੀਸਦੀ ਨਸ਼ਾਖੋਰੀ ਨੂੰ ਪੁਲਸ ਨੇ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਇਸ ਧੰਦੇ 'ਚ ਸ਼ਾਮਿਲ ਹਨ ਉਹ ਆਪਣਾ ਰਾਸਤਾ ਬਦਲ ਲੈਣ। ਇਸ ਮੌਕੇ ਗੁਰਦੁਆਰਾ ਸ਼ਹੀਦ ਬਾਬਾ ਤਾਰਾ ਸਿੰਘ ਵਾਂ ਵਿਖੇ ਨਸ਼ਿਆਂ ਸਬੰਧੀ ਕੀਤੀ ਮੀਟਿੰਗ 'ਚ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ, ਡੀ. ਐੱਸ. ਪੀ. ਸੁੱਲਖਣ ਸਿੰਘ ਮਾਨ, ਥਾਣਾ ਮੁਖੀ ਗੁਰਚਰਨ ਸਿੰਘ ਖਾਲੜਾ ਨੇ ਨਸ਼ਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਮੀਟਿੰਗ ਵਿੱਚ ਸ਼ਾਮਿਲ ਮੈਨਜਰ ਪਰਮਜੀਤ ਸਿੰਘ, ਸਰਪੰਚ ਕਸ਼ਮੀਰ ਸਿੰਘ, ਸਰਪੰਚ ਦੇਸਾ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਸਰਪੰਚ ਨਿਸ਼ਾਨ ਸਿੰਘ ਰਾਜੋਕੇ, ਸਰਪੰਚ ਰਾਜਬੀਰ ਸਿੰਘ ਪਲੋਪੱਤੀ, ਗੁਰਪ੍ਰੀਤ ਸਿੰਘ ਗੋਪਾ, ਗੁਰਲਾਲ ਸਿੰਘ ਪਲੋਪੱਤੀ, ਕਰਨਬੀਰ ਸਿੰਘ ਪਲੋਪੱਤੀ, ਹਰਿੰਦਰ ਸਿੰਘ ਰਾਜੋਕੇ, ਗੁਰਬੀਰ ਸਿੰਘ ਰਾਜੋਕੇ ਆਦਿ ਹੋਰ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਨਾਰਲੀ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਅਤੇ ਪਿੰਡ ਕੋਟ ਬੁੱਢਾ ਵਿਖੇ ਵੀ ਨਸ਼ਾ ਵਿਰੁਧ ਮੀਟਿੰਗ ਕੀਤੀ, ਜਿਸ 'ਚ ਸਰਪੰਚ ਸੂਰਜਉਦੇ ਸਿੰਘ ਨਾਰਲੀ, ਸਾਬਕਾ ਸਰਪੰਚ ਸੁੱਖਾ ਸਿੰਘ, ਸੁਰਜਨ ਸਿੰਘ ਨਾਰਲੀ, ਕਾਮਰੇਡ ਰਛਪਾਲ ਸਿੰਘ ਆਦਿ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।