ਜੇ ਕੋਈ ਪੁਰਸ਼ ਪੁਲਸ ਅਧਿਕਾਰੀ ਮਹਿਲਾ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਦੈ ਤਾਂ ਖੁੱਲ੍ਹ ਕੇ ਦਿਓ ਸ਼ਿਕਾਇਤ....ਹੋਵੇਗੀ ਸਖ਼ਤ ਕਾਰਵਾਈ

03/09/2018 4:54:15 AM

ਲੁਧਿਆਣਾ(ਮੀਨੂ)-ਮੈਨੂੰ ਇਸ ਗੱਲ ਦਾ ਬੇਹੱਦ ਦੁੱਖ ਹੈ ਕਿ ਜਿੱਥੇ ਇਕ ਪਾਸੇ ਔਰਤਾਂ ਹਰ ਸੈਕਟਰ 'ਚ ਮਰਦਾਂ ਦੇ ਬਰਾਬਰ ਨੌਕਰੀ ਕਰਨਾ ਪਸੰਦ ਕਰਦੀਆਂ ਹਨ, ਉੱਥੇ ਪੁਲਸ ਵਿਭਾਗ ਵਿਚ ਜ਼ਿਆਦਾਤਰ ਲੜਕੀਆਂ ਆਪਣਾ ਭਵਿੱਖ ਨਹੀਂ ਬਣਾਉਣਾ ਚਾਹੁੰਦੀਆਂ, ਜਿਸ ਦਾ ਇਕ ਕਾਰਨ ਸੈਕਸੂਅਲ ਹਰਾਸਮੈਂਟ ਅਤੇ ਛੇੜਛਾੜ ਦੇ ਵਧ ਰਹੇ ਕੇਸ ਹਨ। ਇਸ ਮਹਿਲਾ ਦਿਵਸ ਮੌਕੇ ਇਹੀ ਐਲਾਨ ਕਰਨਾ ਚਾਹੁੰਦੀ ਹਾਂ ਕਿ ਮਹਿਲਾ ਪੁਲਸ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਜੇਕਰ ਕੋਈ ਮਰਦ ਪੁਲਸ ਅਧਿਕਾਰੀ ਔਰਤ ਪੁਲਸ ਮੁਲਾਜ਼ਮ ਨੂੰ ਕਿਸੇ ਤਰ੍ਹਾਂ ਪ੍ਰੇਸ਼ਾਨ ਕਰਦਾ ਹੈ ਤਾਂ ਖੁੱਲ੍ਹ ਕੇ ਆਪਣੀ ਸ਼ਿਕਾਇਤ ਦੇਣ। ਉਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ। ਉਪਰੋਕਤ ਸ਼ਬਦ ਦੇਸ਼ ਦੀ ਪਹਿਲੀ ਡੀ. ਜੀ. ਪੀ. ਬਣੀ ਕੰਚਨ ਚੌਧਰੀ ਭੱਟਾਚਾਰਿਆ ਨੇ ਗੁਰੂ ਨਾਨਕ ਦੇਵ ਭਵਨ ਵਿਚ ਮਹਿਲਾ ਦਿਵਸ ਨੂੰ ਲੈ ਕੇ ਕਰਵਾਈ ਰਾਜ ਪੱਧਰੀ ਕਾਨਫਰੰਸ ਦੌਰਾਨ ਕਹੇ। ਕੰਚਨ ਚੌਧਰੀ ਭੱਟਾਚਾਰਿਆ ਇਸ ਪ੍ਰੋਗਰਾਮ 'ਚ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੀ ਹੋਈ ਸੀ। ਉਨ੍ਹਾਂ ਮਹਿਲਾ ਪੁਲਸ ਫੋਰਸ ਨੂੰ ਆਪਣੀ ਲਾਈਫ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਜਦੋਂ ਮੇਰੀ ਪਹਿਲੀ ਪੋਸਟਿੰਗ ਹੋਈ ਤਾਂ ਮੈਨੂੰ ਅਜਿਹੀ ਜਗ੍ਹਾ 'ਤੇ ਭੇਜਣ ਦਾ ਪੁਲਸ ਵਿਭਾਗ ਨੂੰ ਸੋਚਣਾ ਪਿਆ ਜਿੱਥੇ ਮਹਿਲਾ ਅਫਸਰ ਸੇਫ ਹੋਵੇ ਪਰ ਜਿੱਥੇ ਮੇਰੀ ਪੋਸਟਿੰਗ ਹੋਈ ਉਥੇ ਕੁੱਝ ਦੇਰ ਬਾਅਦ ਹੀ ਦੰਗੇ-ਫਸਾਦ ਹੋ ਗਏ। ਸਾਰੀ ਫੋਰਸ ਦੀਆਂ ਨਜ਼ਰਾਂ ਮੇਰੇ 'ਤੇ ਸਨ ਕਿ ਕਿਸ ਤਰ੍ਹਾਂ ਇਕ ਔਰਤ ਅਫਸਰ ਹਾਲਾਤ ਨੂੰ ਕਾਬੂ ਕਰੇਗੀ। ਮੈਂ ਨਿੱਡਰ ਹੋ ਕੇ ਸਾਰੇ ਹਾਲਾਤ ਕੰਟਰੋਲ ਕਰਦੇ ਹੋਏ ਡਿਪਾਰਟਮੈਂਟ ਨੂੰ ਅਹਿਸਾਸ ਕਰਵਾ ਦਿੱਤਾ ਕਿ ਔਰਤਾਂ ਮਰਦਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹਨ। ਗੱਲ ਅੱਗੇ ਤੋਰਦੇ ਹੋਏ ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਔਰਤਾਂ ਹਮੇਸ਼ਾ ਇਮਤਿਹਾਨ ਲਈ ਤਿਆਰ  ਰਹਿੰਦੀਆਂ ਹਾਂ ਅਤੇ ਆਪਣੀ ਹਿੰਮਤ ਅਤੇ ਕਾਬਲੀਅਤ ਨਾਲ ਸੋਨਾ ਬਣ ਕੇ ਨਿਕਲੀਆਂ ਹਾਂ। ਉਹ ਹੀ ਪਹਿਲੀ ਔਰਤ ਅਫਸਰ ਸੀ, ਜਿਸ ਨੇ ਟ੍ਰੈਫਿਕ ਵਿਭਾਗ ਵਿਚ ਲੇਡੀ ਅਫਸਰ ਦੀ ਤਾਇਨਾਤੀ ਕਰਦੇ ਹੋਏ ਟ੍ਰੈਫਿਕ ਕੰਟਰੋਲ ਕਰਨ ਦੀ ਸਿਖਲਾਈ ਦੁਆਈ। ਉਨ੍ਹਾਂ ਦੀ ਸੋਚ ਸੀ ਕਿ ਜਦੋਂ ਕੋਈ ਟ੍ਰੈਫਿਕ ਮਹਿਲਾ ਅਧਿਕਾਰੀ ਡਿਊਟੀ 'ਤੇ ਹੁੰਦੀ ਹੈ ਤਾਂ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਟ੍ਰੈਫਿਕ ਨਿਯਮ ਤੋੜੇ। ਅੱਜ ਦੇ ਸਮੇਂ 'ਚ ਟ੍ਰੈਫਿਕ ਪੁਲਸ ਵਿਚ ਲੜਕੀਆਂ ਦੀ ਗਿਣਤੀ ਵਧੀ ਹੋਈ ਦੇਖ ਕੇ ਕਾਫੀ ਖੁਸ਼ ਹੈ।
ਡੀ. ਜੀ. ਪੀ. ਇਨ ਐਕਸ਼ਨ ... ਮਹਿਲਾ ਕਰਮਚਾਰੀ ਨੂੰ ਤੰਗ ਕਰਨ ਵਾਲੇ ਡੀ. ਐੱਸ. ਪੀ. ਨੂੰ ਸਜ਼ਾ
ਕਾਨਫਰੰਸ 'ਚ ਮੌਜੂਦ ਏ. ਡੀ. ਸੀ. ਪੀ. ਗੁਰਪ੍ਰੀਤ ਦਿਓ ਨੇ ਫੋਰਸ ਨੂੰ ਦੱਸਿਆ ਕਿ ਉਨ੍ਹਾਂ ਕੋਲ ਅਜਿਹਾ ਕੇਸ ਆਇਆ ਹੈ, ਜਿਸ ਵਿਚ ਫਾਜ਼ਿਲਕਾ ਸ਼ਹਿਰ ਦੀ ਇਕ ਔਰਤ ਕਾਂਸਟੇਬਲ ਨੂੰ ਡੀ. ਐੱਸ. ਪੀ. ਵੱਲੋਂ ਛੇੜਛਾੜ ਕੀਤੇ ਜਾਣ ਦੀ ਸ਼ਿਕਾਇਤ ਹੈ। ਉਸ ਔਰਤ ਪੁਲਸ ਮੁਲਾਜ਼ਮ ਨੂੰ ਰਾਤ ਨੂੰ ਫੋਨ 'ਤੇ ਪ੍ਰੇਸ਼ਾਨ ਹੀ ਨਹੀਂ ਕੀਤਾ ਜਾਣ ਲੱਗਾ, ਸਗੋਂ ਸ਼ਿਕਾਇਤ ਨਾ ਕਰਨ ਦਾ ਵੀ ਦਬਾਅ ਬਣਾਇਆ ਗਿਆ। ਉਸੇ ਦਬਾਅ ਵਿਚ ਆ ਕੇ ਉਸ ਔਰਤ ਪੁਲਸ ਮੁਲਾਜ਼ਮ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਸੀ। ਇਸੇ ਗੱਲ ਦਾ ਨੋਟਿਸ ਲੈਂਦੇ ਹੋਏ ਡੀ. ਜੀ. ਪੀ. ਨੇ ਉਸ ਡੀ. ਐੱਸ. ਪੀ. ਨੂੰ ਫੀਲਡ 'ਚ ਕੰਮ ਨਾ ਕਰਨ ਦੀ ਸਜ਼ਾ ਦਿੱਤੀ ਅਤੇ ਉਸ 'ਤੇ ਸਖਤ ਕਾਰਵਾਈ ਦੇ ਹੁਕਮ ਵੀ ਦਿੱਤੇ।
ਮਹਿਲਾ ਪੁਲਸ ਨੇ ਦੱਸੀਆਂ ਇਹ ਦਿੱਕਤਾਂ 
* ਪੁਲਸ ਸਟੇਸ਼ਨ 'ਚ ਮਹਿਲਾ ਫੋਰਸ ਲਈ ਨਹੀਂ ਹਨ ਬਾਥਰੂਮ।
* ਰੈਸਟ ਰੂਮ ਨਹੀਂ।
* ਥਾਣੇ ਦੀ ਪੁਲਸ ਲੇਡੀਜ਼ ਫੋਰਸ ਦੇ ਸਾਹਮਣੇ ਹੀ ਅਪਰਾਧੀਆਂ ਨੂੰ ਕਰਦੀ ਹੈ ਗਾਲੀ ਗਲੋਚ।
* ਰੇਡ ਕਰਨ 'ਤੇ ਫੀਮੇਲ ਫੋਰਸ ਨੂੰ ਨਹੀਂ ਮਿਲਦਾ ਸਰਟੀਫਿਕੇਟ।
* ਲੇਡੀਜ਼ ਫੋਰਸ ਦੀ ਡਿਊਟੀ ਦਾ ਸਮਾਂ ਨਹੀਂ ਹੈ ਤੈਅ।
ਇਹ ਅਫਸਰ ਰਹੇ ਹਾਜ਼ਰ 
* ਸ਼੍ਰੀਮਤੀ ਅਨੀਤਾ ਪੁੰਜ, ਆਈ. ਜੀ. ਪੀ.
* ਸ਼੍ਰੀ ਈਸ਼ਵਰ ਸਿੰਘ, ਆਈ. ਜੀ. ਪੀ.।
* ਵਿ. ਨਿਰਜਾ, ਡੀ. ਆਈ. ਜੀ.।
* ਸੁਰਿੰਦਰ ਸਿੰਘ, ਏ. ਆਈ. ਜੀ.।
* ਗੁਰਪ੍ਰੀਤ ਸਿੰਘ ਤੂਰ, ਐੱਸ. ਐੱਸ. ਪੀ. ਫਤਿਹਗੜ੍ਹ ਸਾਹਿਬ।
* ਸ਼੍ਰੀਮਤੀ ਅਲਕਾ ਮੀਨਾ।
ਮਹਿਲਾ ਦਿਵਸ 'ਤੇ ਔਰਤਾਂ ਹੋਈਆਂ ਸਨਮਾਨਿਤ
'ਧੀਆਂ 'ਤੇ ਨਾਜ਼' ਔਰਤਾਂ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਗਿਆ, ਜਿਸ ਵਿਚ ਸ਼ਹਿਰ ਦੀ ਹਰ ਫੀਲਡ ਨਾਲ ਜੁੜੀਆਂ ਸ਼ਕਤੀਸ਼ਾਲੀ ਔਰਤਾਂ ਨੂੰ ਮੁੱਖ ਮਹਿਮਾਨ ਵਜੋਂ ਹਾਜ਼ਰ ਵਿਧਾਇਕ ਭਾਰਤ ਭੂਸ਼ਣ ਆਸ਼ੂ, ਮਮਤਾ ਆਸ਼ੂ ਅਤੇ ਬਿੰਦਿਆ ਮਦਾਨ ਵੱਲੋਂ ਸਨਮਾਨਿਤ ਕੀਤਾ ਗਿਆ।
ਔਰਤ ਦੇ ਸੰਘਰਸ਼ ਦੀ ਕਹਾਣੀ 'ਤੇ ਕੀਤੀ ਕੋਰੀਓਗ੍ਰਾਫੀ
ਅੰਮ੍ਰਿਤਾ ਕਪੂਰ ਵੱਲੋਂ ਤਿਆਰ ਕੀਤੀ ਗਈ ਕੋਰੀਓਗ੍ਰਾਫੀ 'ਚ ਸੋਨੀਆ, ਵਨੀਤਾ, ਦਗਗਨ, ਅਮਨ ਅਤੇ ਸ਼੍ਰੇਆ ਨੇ ਔਰਤ ਦੇ ਸੰਘਰਸ਼ ਦੀ ਕਹਾਣੀ ਨੂੰ ਕੋਰੀਓਗ੍ਰਾਫੀ ਰਾਹੀਂ ਪੇਸ਼ ਕੀਤਾ।
ਫਿੱਕੀ ਲੇਡੀਜ਼ ਆਰਗੇਨਾਈਜ਼ੇਸ਼ਨ ਨੇ ਮਨਾਇਆ ਮਹਿਲਾ ਦਿਵਸ
ਫਿੱਕੀ ਫਲੋ ਲੁਧਿਆਣਾ ਚੈਪਟਰ ਦੀਆਂ ਔਰਤਾਂ ਨੇ ਪੰਜਾਬ ਚੈਪਟਰ ਦੀ ਚੇਅਰਪਰਸਨ ਮੋਨਿਕਾ ਚੌਧਰੀ ਦੀ ਪ੍ਰਧਾਨਗੀ 'ਚ ਮਹਿਲਾ ਦਿਵਸ ਨੂੰ ਸੈਲੀਬ੍ਰੇਟ ਕੀਤਾ। ਉਨ੍ਹਾਂ ਇਸ ਮੌਕੇ ਮਰਦਾਂ ਦੀ ਸਪੋਟਸ ਗੇਮ ਕਹੀ ਜਾਣ ਵਾਲੀ ਗੋਲਫ ਦੀ ਸਿਖਲਾਈ ਲਈ। ਮੋਨਿਕਾ ਚੌਧਰੀ ਨੇ ਕਿਹਾ ਕਿ ਔਰਤਾਂ ਕਿਸੇ ਤੋਂ ਘੱਟ ਨਹੀਂ ਹਨ। ਹਰ ਖੇਤਰ ਵਿਚ ਆਪਣਾ ਝੰਡਾ ਲਹਿਰਾ ਸਕਦੀਆਂ ਹਨ। ਗੱਲ ਚਾਹੇ ਸਪੋਰਟਸ 'ਚ ਗੋਲਫ ਗੇਮ ਦੀ ਵੀ ਕਿਉਂ ਨਾ ਹੋਵੇ। ਇਸ ਮੌਕੇ ਫਿੱਕੀ ਫਲੋ ਲੁਧਿਆਣਾ ਚੈਪਟਰ ਦੀ ਸੀਨੀਅਰ ਵਾਈਸ ਚੇਅਰਪਰਸਨ ਰੀਨਾ ਅਗਰਵਾਲ, ਵਾਈਸ ਚੇਅਰਪਰਸਨ ਨੰਦਿਤਾ ਭਾਸਕਰ, ਸਕੱਤਰ ਮੋਨਿਕਾ ਓਸਵਾਲ, ਖਜ਼ਾਨਚੀ ਮੰਨਤ ਕੋਠਾਰੀ, ਜੁਆਇੰਟ ਖਜ਼ਾਨਚੀ ਰਾਧਿਕਾ ਗੁਪਤਾ, ਰਸ਼ਮੀ ਬੈਕਟਰ, ਸੰਗੀਤਾ ਜੈਨ, ਕੋਮਲ ਅਗਰਵਾਲ, ਅਵਿਤਾ ਅਗਰਵਾਲ, ਦਿਵਿਆ ਓਸਵਾਲ, ਮ੍ਰਿਦੁਲਾ ਜੈਨ, ਸ਼ੋਭਾ ਸਾਂਵਲਖਾ ਮੌਜੂਦ ਰਹੀਆਂ।