ਅਮਨ-ਸ਼ਾਂਤੀ ਬਹਾਲ ਰੱਖਣ ਲਈ ਸਮਾਜ ਵਿਰੋਧੀਆਂ ''ਤੇ ਪੁਲਸ ਵਿਭਾਗ ਦੀ ਰਹੇਗੀ ਬਾਜ ਅੱਖ : ਡੀ. ਆਈ. ਜੀ

Sunday, Aug 27, 2017 - 03:41 PM (IST)


ਮੁੱਲਾਂਪੁਰ ਦਾਖਾ(ਕਾਲੀਆ) -ਪੰਚਕੂਲਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦੇਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਵੱਖ-ਵੱਖ ਰਾਜਾਂ ਵਿਚ ਹਿੰਸਾ 'ਤੇ ਉਤਰ ਆਏ ਸਨ, ਜਦਕਿ ਪੁਲਸ ਨੇ ਜਗਰਾਓਂ ਵਿਚ ਪੈਂਦੇ ਸੰਵੇਦਨਸ਼ੀਲ ਇਲਾਕੇ ਨਾਮ ਚਰਚਾ ਘਰ ਤੇ ਸ਼ਹਿਰ 'ਚ ਪੂਰੀ ਚੌਕਸੀ ਵਰਤੀ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਤੇ ਅਮਨ-ਸ਼ਾਂਤੀ ਬਹਾਲ ਰੱਖੀ।  ਇਸੇ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਸਮਾਜ ਵਿਰੋਧੀ ਅਨਸਰਾਂ 'ਤੇ ਬਾਜ ਅੱਖ ਰੱਖੀ ਹੋਈ ਹੈ ਅਤੇ ਰਹੇਗੀ। ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਨਹੀਂ ਲੈਣ ਦੇਵਾਂਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੀ. ਆਈ. ਜੀ. ਜਸਕਰਨ ਸਿੰਘ ਨੇ ਅੱਜ ਵੱਖ-ਵੱਖ ਨਾਕਿਆਂ ਅਤੇ ਕੀਤੀ ਜਾ ਰਹੀ ਪੈਟਰੋਲਿੰਗ ਗਸ਼ਤ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨਾਮ ਚਰਚਾ ਘਰ ਗਹੌਰ ਉੱਪਰ ਸਖ਼ਤ ਪਹਿਰਾ ਲਾਇਆ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਭਾਈਚਾਰਾ ਕਾਇਮ ਰੱਖਣ ਲਈ ਪੁਲਸ ਵਿਭਾਗ ਦਾ ਸਹਿਯੋਗ ਦੇਣ ਅਤੇ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਖੁਸ਼ਹਾਲ ਜੀਵਨ ਜਿਊੁਣ।

ਐੱਸ. ਐੱਸ. ਪੀ. ਸੁਰਜੀਤ ਸਿੰਘ ਨੇ ਕਿਹਾ ਕਿ ਅਮਨ-ਕਾਨੂੰਨ ਵਿਵਸਥਾ ਬਹਾਲ ਰੱਖਣ ਲਈ ਬੀ. ਐੱਸ. ਐੱਫ., ਸੀ. ਆਰ. ਪੀ. (ਪੈਰਾਮਿਲਟਰੀ ਫੋਰਸ) ਪੰਜਾਬ ਪੁਲਸ ਨਾਲ ਗਸ਼ਤ ਕਰ ਰਹੀ ਹੈ ਅਤੇ ਟੀ-ਪੁਆਇੰਟਾਂ 'ਤੇ ਨਾਕੇ ਲਾ ਕੇ ਗੱਡੀਆਂ, ਮੋਟਰਸਾਈਕਲਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪਿੰਡਾਂ ਅਤੇ ਕਬਸਿਆਂ ਵਿਚ ਪੈਟਰੋਲਿੰਗ ਜਾਰੀ ਹੈ ਅਤੇ ਇਹ ਅਗਲੇ ਹੁਕਮਾਂ ਤਕ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਸ਼ੱਕੀ ਵਿਅਕਤੀ ਜੇਕਰ ਉਨ੍ਹਾਂ ਨੂੰ ਨਜ਼ਰ ਆਉਂਦਾ ਹੈ ਤਾਂ ਪੁਲਸ ਨੂੰ ਸੂਚਿਤ ਕੀਤਾ ਜਾਵੇ।


Related News