ਜਲੰਧਰ: ਪੁਲਸ ਹਿਰਾਸਤ ''ਚ ਲਏ ਗਏ ਨੌਜਵਾਨ ਦੀ ਮੌਤ

03/18/2020 11:47:58 AM

ਜਲੰਧਰ (ਜ.ਬ.)— ਜਲੰਧਰ ਦਿਹਾਤੀ ਥਾਣਾ ਮਕਸੂਦਾਂ ਦੇ ਅਧੀਨ ਆਉਂਦੀ ਮੰਡ ਚੌਕੀ ਦੀ ਪੁਲਸ ਵੱਲੋਂ ਲੜਾਈ-ਝਗੜੇ ਦੇ ਮਾਮਲੇ 'ਚ ਕਾਬੂ ਕੀਤੇ ਗਏ ਵਿਅਕਤੀ ਦੀ ਪੁਲਸ ਹਿਰਾਸਤ 'ਚ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਦਲਜੀਤ ਸਿੰਘ (32) ਪੁੱਤਰ ਕੁਲਵੰਤ ਸਿੰਘ, ਫਲੈਟ ਨੰਬਰ 1245, ਜਲੰਧਰ ਪ੍ਰਾਈਮ ਇਨਕਲੇਵ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਵਿਅਕਤੀ ਦੇ ਭਰਾ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।

ਨਸ਼ੇ ਦਾ ਆਦੀ ਸੀ ਨੌਜਵਾਨ
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਨਸ਼ੇ ਦਾ ਆਦੀ ਦਲਜੀਤ ਆਪਣੇ ਇਲਾਕਾ ਨਿਵਾਸੀਆਂ 'ਚ ਅਕਸਰ ਲੜਾਈ ਕਰਦਾ ਹੁੰਦਾ ਸੀ, ਜਿਸ ਸਬੰਧੀ ਜਲੰਧਰ ਪ੍ਰਾਈਮ ਇਨਕਲੇਵ ਵੈੱਲਫੇਅਰ ਸੋਸਾਇਟੀ ਵੱਲੋਂ ਥਾਣਾ ਮਕਸੂਦਾਂ 'ਚ ਦਸੰਬਰ ਦੇ ਮਹੀਨੇ ਸ਼ਿਕਾਇਤ ਦਿੱਤੀ ਗਈ ਸੀ ਅਤੇ ਮ੍ਰਿਤਕ ਵਿਅਕਤੀ ਦੇ ਭਰਾ ਹਰਪ੍ਰੀਤ ਸਿੰਘ ਬੰਟੀ ਵੱਲੋਂ ਉਸ ਨਾਲ ਰਾਜ਼ੀਨਾਮਾ ਕਰਵਾਇਆ ਸੀ ਪਰ ਉਸ ਤੋਂ ਬਾਅਦ ਦਲਜੀਤ ਸਿੰਘ ਅਕਸਰ ਹੀ ਲੋਕਾਂ ਨਾਲ ਝਗੜਾ ਕਰਦਾ ਰਹਿੰਦਾ ਸੀ, ਜਿਸ ਸਬੰਧੀ ਉਨ੍ਹਾਂ ਵੱਲੋਂ ਵਾਰ-ਵਾਰ ਪੁਲਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਉਹ ਅਕਸਰ ਮੁਆਫੀ ਮੰਗ ਕੇ ਆਪਣੀ ਜਾਨ ਛੁਡਾ ਲੈਂਦਾ ਸੀ।
ਲੋਕਾਂ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਵੀ ਉਸ ਵੱਲੋਂ ਫਲੈਟ ਨੰਬਰ 1251 'ਚ ਰਹਿੰਦੀ ਔਰਤ ਕਾਜਲ ਪਤਨੀ ਬਲਜਿੰਦਰ ਸਿੰਘ 'ਤੇ ਬੇਸਬੈਟ ਨਾਲ ਹਮਲਾ ਕੀਤਾ ਅਤੇ ਜਦ ਉਸ ਦੇ ਪਤੀ ਨੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਦਲਜੀਤ ਸਿੰਘ ਨੇ ਉਸ ਨਾਲ ਵੀ ਕੁੱਟਮਾਰ ਕੀਤੀ ਅਤੇ ਘਰ ਦੇ ਸਾਮਾਨ ਦਾ ਵੀ ਨੁਕਸਾਨ ਕੀਤਾ। ਉਸ ਉਪਰੰਤ ਕਮਲੇਸ਼ ਰਾਣੀ ਪਤਨੀ ਰਕੇਸ਼ ਕੁਮਾਰ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਲੋਕਾਂ ਵੱਲੋਂ ਸ਼ਿਕਾਇਤ ਕਰਨ ਉਪਰੰਤ ਥਾਣਾ ਮਕਸੂਦਾਂ ਅਧੀਨ ਆਧੀ ਖੂਹੀ ਪੁਲਸ ਚੌਕੀ ਦੇ ਇਚਾਰਜ ਨਰਿੰਦਰ ਰੱਲ ਸਮੇਤ ਪੁਲਸ ਪਾਰਟੀ ਵੱਲੋਂ ਉਸ ਨੂੰ ਕਾਬੂ ਕੀਤਾ ਗਿਆ।

ਪੁਲਸ ਦਾ ਕਹਿਣਾ ਹੈ ਕਿ ਜਦ ਉਹ ਮੌਕੇ 'ਤੇ ਪੁੱਜੇ ਤਾਂ ਲੋਕਾਂ ਨੇ ਦਲਜੀਤ ਸਿੰਘ ਨੂੰ ਘੇਰਿਆ ਹੋਇਆ ਸੀ। ਉਹ ਉਸ ਨੂੰ ਕਾਬੂ ਕਰਕੇ ਥਾਣਾ ਮਕਸੂਦਾਂ ਲਿਆ ਰਹੇ ਸੀ ਤਾਂ ਰਸਤੇ 'ਚ ਹੀ ਉਸ ਦੀ ਸਿਹਤ ਵਿਗੜ ਗਈ, ਜਿਸ ਦੌਰਾਨ ਉਨ੍ਹਾਂ ਵੱਲੋਂ ਉਸ ਨੂੰ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ, ਜਿਸ ਦੌਰਾਨ ਪੁਲਸ ਵੱਲੋਂ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ। ਇਸ ਸਬੰਧੀ ਜਾਇਜ਼ਾ ਲੈਣ ਲਈ ਥਾਣਾ ਮਕਸੂਦਾਂ 'ਚ ਐੱਸ. ਪੀ. ਹੈੱਡਕੁਆਰਟਰ ਰਵਿੰਦਰਪਾਲ ਸਿੰਘ ਸੰਧੂ, ਐੱਸ. ਪੀ. ਡੀ. ਸਰਬਜੀਤ ਸਿੰਘ ਬਾਹੀਆ, ਡੀ. ਐੱਸ. ਪੀ. ਕਰਤਾਰਪੁਰ ਸੁਰਿੰਦਰ ਪਾਲ ਧੋਗੜੀ ਪੁੱਜੇ।

ਐੱਸ. ਪੀ. ਹੈੱਡਕੁਆਰਟਰ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਦਲਜੀਤ ਸਿੰਘ ਨੂੰ ਲੋਕਾਂ ਨੇ ਘੇਰਿਆ ਹੋਇਆ ਸੀ ਅਤੇ ਉਸ ਨੂੰ ਘੇਰੇ 'ਚੋਂ ਛੁਡਵਾ ਕੇ ਪੁਲਸ ਨੇ ਆਪਣੀ ਹਿਰਾਸਤ 'ਚ ਲਿਆ। ਉਸ ਵੱਲੋਂ ਨਸ਼ਾ ਕੀਤਾ ਹੋਇਆ ਸੀ ਅਤੇ ਪੁਲਸ ਉਸ ਨੂੰ ਕਾਬੂ ਕਰਕੇ ਥਾਣਾ ਮਕਸੂਦਾਂ ਲਿਆ ਰਹੀ ਸੀ। ਪੁਲਸ ਵੱਲੋਂ ਲੜਾਈ-ਝਗੜੇ ਦਾ ਕੇਸ ਦਰਜ ਕੀਤਾ ਗਿਆ। ਪੁਲਸ ਪਾਰਟੀ ਉਸ ਨੂੰ ਕਾਬੂ ਕਰਕੇ ਲਿਆ ਰਹੀ ਸੀ ਤਾਂ ਰਸਤੇ 'ਚ ਹੀ ਉਸ ਦੀ ਤਬੀਅਤ ਵਿਗੜਨ ਦੌਰਾਨ ਪੁਲਸ ਮੁਲਾਜ਼ਮਾਂ ਵੱਲੋਂ ਉਸ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਵਿਅਕਤੀ ਦੇ ਭਰਾ ਹਰਪ੍ਰੀਤ ਸਿੰਘ ਦੀ ਹਾਜ਼ਰੀ ਕ੍ਰ'ਚ ਮੈਜਿਸਟ੍ਰੇਟ ਦੇ ਸਾਹਮਣੇ ਪੋਸਟਮਾਰਟਮ ਕਰਵਾਇਆ ਗਿਆ ਅਤੇ ਉਸ ਦੇ ਭਰਾ ਵੱਲੋਂ ਮੈਜਿਸਟ੍ਰੇਟ ਨੂੰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਾ ਕਰਨ ਦੇ ਬਿਆਨ ਦਿੱਤੇ ਗਏ, ਜਿਸ ਦੌਰਾਨ ਪੁਲਸ ਵਲੋਂ ਪੋਸਟਮਾਰਟਮ ਉਪਰੰਤ ਲਾਸ਼ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।

shivani attri

This news is Content Editor shivani attri