ਪੁਲਸ ਦੀ ਸਰਗਰਮੀ ਕਾਰਨ ਕਾਂਗਰਸ ਅਤੇ ''ਆਪ'' ਦੇ ਸਮਰਥਕਾਂ ''ਚ ਹਿੰਸਕ ਝੜਪ ਟਲੀ

02/24/2018 5:43:18 AM

ਲੁਧਿਆਣਾ(ਮਹੇਸ਼)-ਪੁਲਸ ਦੀ ਸਰਗਰਮੀ ਕਾਰਨ ਨੂਰਾਂਵਾਲ ਰੋਡ ਦੇ ਵਾਰਡ ਨੰ. 4 'ਚ ਸ਼ੁੱਕਰਵਾਰ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿਚਕਾਰ ਹਿੰਸਕ ਝੜਪ ਹੋਣ ਤੋਂ ਟਲ ਗਈ। ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਇਕ ਦਰਜਨ ਦੇ ਲਗਭਗ ਗੱਡੀਆਂ 'ਚ ਸਵਾਰ ਹੋ ਕੇ ਆਏ ਕਾਂਗਰਸੀ ਸਮਰਥਕ ਉਥੋਂ ਖਿਸਕ ਗਏ, ਜਿਸ ਦੇ ਬਾਅਦ 'ਆਪ' ਦੇ ਸਮਰਥਕਾਂ ਨੇ ਕਾਂਗਰਸ 'ਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦੇ ਹੋਏ ਪ੍ਰਦਰਸ਼ਨ ਕੀਤਾ ਅਤੇ ਪੁਲਸ ਤੋਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।ਘਟਨਾ ਅੱਜ ਸ਼ਾਮ ਲਗਭਗ 5.30 ਵਜੇ ਦੀ ਹੈ। ਸਤਿਸੰਗ ਰੋਡ 'ਤੇ 'ਆਪ' ਦੇ 'ਲਿਪ' ਦਾ ਸਾਂਝੇ ਉਮੀਦਵਾਰ ਗੁਲਾਬ ਗੌਤਮ ਦਾ ਮੁੱਖ ਚੋਣ ਦਫਤਰ ਹੈ, ਜਿਸ 'ਤੇ ਕਾਂਗਰਸ ਦੇ ਕੁੱਝ ਸਮਰਥਕਾਂ ਨੇ ਆਪਣੀ ਪਾਰਟੀ ਦੇ ਝੰਡੇ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਦਾ ਪਤਾ ਜਦ 'ਆਪ' ਦੇ ਸਮਰਥਕ ਸੁੱਚਾ ਸਿੰਘ ਨੂੰ ਲੱਗਿਆ ਤਾਂ ਉਸ ਨੇ ਇਸ ਦਾ ਵਿਰੋਧ ਕੀਤਾ। ਵਿਰੋਧ ਹੁੰਦਾ ਦੇਖ ਕੇ ਉਦੋਂ ਤਾਂ ਕਾਂਗਰਸੀ ਸਮਰਥਕ ਉਥੋਂ ਚੁੱਪਚਾਪ ਚਲੇ ਗਏ ਪਰ ਕੁੱਝ ਦੇਰ ਬਾਅਦ ਉਹ ਹੋਰ ਸਾਥੀਆਂ ਦੇ ਨਾਲ ਇਕ ਦਰਜਨ ਦੇ ਲਗਭਗ ਗੱਡੀਆਂ 'ਚ ਸਵਾਰ ਹੋ ਕੇ ਉਥੇ ਪਹੁੰਚ ਗਏ, ਜਿਨ੍ਹਾਂ ਨਾਲ ਬਾਊਂਸਰ ਟਾਈਪ ਦੇ ਕੁੱਝ ਲੋਕ ਵੀ ਸਨ। ਇਸ 'ਤੇ 'ਆਪ' ਦੇ ਸਮਰਥਕ ਵੀ ਉਥੇ ਇਕੱਠੇ ਹੋ ਗਏ। ਦੋਵਾਂ ਧਿਰਾਂ 'ਚ ਬਹਿਸ ਹੋਈ ਪਰ ਇਸ ਤੋਂ ਪਹਿਲਾਂ ਹੀ ਵਿਵਾਦ ਹਿੰਸਕ ਰੂਪ ਧਾਰਦਾ ਸੂਚਨਾ ਮਿਲਦੇ ਹੀ ਭਾਰੀ ਪੁਲਸ-ਫੋਰਸ ਮੌਕੇ 'ਤੇ ਪਹੁੰਚ ਗਈ। ਪੁਲਸ ਨੂੰ ਦੇਖ ਕੇ ਕਾਂਗਰਸੀ ਸਮਰਥਕ ਉਥੋਂ ਗੱਡੀਆਂ 'ਚ ਸਵਾਰ ਹੋ ਕੇ ਖਿਸਕ ਗਏ। ਗੌਤਮ ਨੇ ਕਿਹਾ ਕਿ ਜਦ ਤੋਂ ਚੋਣਾਂ ਦਾ ਐਲਾਨ ਹੋਇਆ ਹੈ ਤਦ ਤੋਂ ਕਾਂਗਰਸੀ ਸਮਰਥਕ ਉਨ੍ਹਾਂ 'ਤੇ ਆਪਣਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੇ ਸਮਰਥਕਾਂ ਨੂੰ ਧਮਕਾਇਆ ਜਾ ਰਿਹਾ ਹੈ। 
ਜ਼ਿਲਾ ਪ੍ਰਸ਼ਾਸਨ ਕਾਨੂੰਨ ਵਿਵਸਥਾ ਬਰਕਰਾਰ ਰੱਖਣ 'ਚ ਨਾਕਾਮ 
'ਆਪ' ਦੇ ਬੁਲਾਰੇ ਦਰਸ਼ਨ ਸਿੰਘ ਸ਼ੰਕਰ ਦਾ ਕਹਿਣਾ ਹੈ ਕਿ ਜ਼ਿਲਾ ਪ੍ਰਸ਼ਾਸਨ ਕਾਨੂੰਨ ਵਿਵਸਥਾ ਬਰਕਾਰ ਰੱਖਣ 'ਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋ ਰਿਹਾ ਹੈ। ਕਾਂਗਰਸ ਖੁੱਲ੍ਹੇਆਮ ਧੱਕੇਸ਼ਾਹੀ 'ਤੇ ਉਤਰੀ ਹੋਈ ਹੈ ਅਤੇ ਚੋਣ ਕਮਿਸ਼ਨ ਦੇ ਆਦੇਸ਼ਾਂ ਦੀਆਂ ਖੁੱਲ੍ਹੇਆਮ ਧੱਜੀਆਂ ਉਡਾ ਰਹੀ ਹੈ। ਜਦੋਂਕਿ ਜ਼ਿਲਾ ਪ੍ਰਸ਼ਾਸਨ ਅਤੇ ਚੋਣ ਅਧਿਕਾਰੀ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਨ। ਜਦੋਂਕਿ ਇਸ ਮਾਮਲੇ 'ਚ ਹੁਣ ਤੱਕ ਪੁਲਸ ਨੇ ਨਾ ਤਾਂ ਕੋਈ ਕੇਸ ਦਰਜ ਕੀਤਾ ਹੈ ਅਤੇ ਨਾ ਹੀ ਦੋਸ਼ੀਆਂ ਨੂੰ ਫੜਿਆ ਹੈ।