ਸਮੱਗਲਰਾਂ ’ਤੇ ਵੱਡੀ ਕਾਰਵਾਈ ਕਰਨ ਲਈ ਜਲੰਧਰ ਸ਼ਹਿਰ ''ਚ ਜਲਦ ਚੱਲੇਗੀ ਸਰਪ੍ਰਾਈਜ਼ ਮੁਹਿੰਮ

12/10/2021 6:06:54 PM

ਜਲੰਧਰ (ਸੁਧੀਰ)– ਸ਼ਹਿਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਚੋਰ-ਲੁਟੇਰਿਆਂ ਅਤੇ ਅਪਰਾਧੀਆਂ ’ਤੇ ਨਕੇਲ ਕੱਸਣ ਦੇ ਨਾਲ-ਨਾਲ ਸ਼ਹਿਰ ਵਿਚ ਨਸ਼ਾ ਸਮੱਗਲਰਾਂ ਦਾ ਸਫ਼ਾਇਆ ਕਰਨ ਲਈ ਸ਼ਹਿਰ ਦੇ ਨਵ-ਨਿਯੁਕਤ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਥਾਣਾ ਵਾਈਜ਼ ਨਸ਼ਾ ਅਤੇ ਸ਼ਰਾਬ ਸਮੱਗਲਰਾਂ ਦਾ ਡਾਟਾ ਬਣਾ ਕੇ ਉਨ੍ਹਾਂ ’ਤੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਹੀ ਕਮਿਸ਼ਨਰੇਟ ਪੁਲਸ ਨੇ ਨਸ਼ਾ ਸਮੱਗਲਰਾਂ ’ਤੇ ਸਖ਼ਤ ਕਾਰਵਾਈ ਕਰਨ ਲਈ ਸ਼ਹਿਰ ਦੇ ਢੰਨ ਮੁਹੱਲਾ, ਕਾਜ਼ੀ ਮੰਡੀ, ਬਸਤੀਆਂ ਇਲਾਕਿਆਂ ਵਿਚ ਤੜਕਸਾਰ ਸਰਚ ਮੁਹਿੰਮ ਚਲਾਈ ਸੀ।

ਉਨ੍ਹਾਂ ਦੱਸਿਆ ਕਿ ਪੁਲਸ ਦੀ ਸਖ਼ਤੀ ਕਾਰਨ ਨਸ਼ਾ ਅਤੇ ਸ਼ਰਾਬ ਸਮੱਗਲਰਾਂ ਵਿਚ ਹਾਹਾਕਾਰ ਮਚੀ ਹੋਈ ਹੈ। ਉਨ੍ਹਾਂ ਸਾਫ਼ ਕਿਹਾ ਕਿ ਸ਼ਹਿਰ ਨੂੰ ਨਸ਼ਾ ਅਤੇ ਅਪਰਾਧ ਮੁਕਤ ਬਣਾਉਣ ਦਾ ਪੂਰਾ ਯਤਨ ਕੀਤਾ ਜਾਵੇਗਾ, ਜਿਸ ਦੇ ਨਾਲ ਹੀ ਸ਼ਹਿਰ ਵਿਚ ਨਾਜਾਇਜ਼ ਤੌਰ ’ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਸਿੱਧਾ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ। ਨੌਨਿਹਾਲ ਸਿੰਘ ਨੇ ਸਾਫ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਜਾਂ ਕਿਸੇ ਮੁਲਾਜ਼ਮ ਦੀ ਕਿਸੇ ਨਸ਼ਾ ਸਮੱਗਲਰ ਨਾਲ ਮਿਲੀਭੁਗਤ ਪਾਈ ਗਈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਦਾ ਚਾਰਜ ਸੰਭਾਲਣ ਤੋਂ ਬਾਅਦ ਕਮਿਸ਼ਨਰੇਟ ਪੁਲਸ ਵਿਚ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਕ ਨਵੇਂ ਅਧਿਕਾਰੀਆਂ ਦਾ ਵੀ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਲਾਅ ਅਤੇ ਆਰਡਰ ਨੂੰ ਮੇਨਟੇਨ ਰੱਖਣ ਅਤੇ ਸ਼ੱਕੀ ਲੋਕਾਂ ’ਤੇ ਨਕੇਲ ਕੱਸਣ ਲਈ ਸਾਰੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਉਨ੍ਹਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ: ਸੋਨੇ ਦੀਆਂ ਹਲਕੀਆਂ ਅੰਗੂਠੀਆਂ ਦੇਣ 'ਤੇ ਲਾੜੇ ਨੇ ਜ਼ਮੀਨ 'ਤੇ ਪੱਗ ਲਾਹ ਕੇ ਸੁੱਟਿਆ ਸਿਹਰਾ, ਜਾਣੋ ਅੱਗੇ ਕੀ ਹੋਇਆ

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਥਾਣਾ ਪੱਧਰ ’ਤੇ ਹੀ ਜਲਦ ਤੋਂ ਜਲਦ ਨਿਪਟਾਰਾ ਕਰਵਾਉਣਾ ਅਤੇ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਪਹਿਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਲਈ ਵਾਰ-ਵਾਰ ਕਮਿਸ਼ਨਰ ਦਫਤਰ ਅਤੇ ਥਾਣਿਆਂ ਦੇ ਚੱਕਰ ਨਾ ਕੱਟਣੇ ਪੈਣ। ਨੌਨਿਹਾਲ ਸਿੰਘ ਨੇ ਦੱਸਿਆ ਕਿ ਪੁਲਸ ਦੀ ਸਖ਼ਤੀ ਕਾਰਨ ਸ਼ਹਿਰ ਵਿਚ ਚੋਰੀ ਅਤੇ ਲੁੱਟ-ਖੋਹ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਵਿਚ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਜ਼ਮਾਨਤ ’ਤੇ ਬਾਹਰ ਆਏ ਅਪਰਾਧੀਆਂ ਦੀ ਥਾਣਾ ਵਾਈਜ਼ ਸੂਚੀ ਤਿਆਰ ਕਰ ਕੇ ਉਨ੍ਹਾਂ ’ਤੇ ਪੈਨੀ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਨਸ਼ਾ ਸਮੱਗਲਰਾਂ ਦੀ ਪ੍ਰਾਪਰਟੀ ਜ਼ਬਤ ਕਰਨ ਅਤੇ ਭਗੌੜੇ ਅਪਰਾਧੀਆਂ ਨੂੰ ਕਾਬੂ ਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ ਅਤੇ ਪੁਲਸ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਪੈਂਡਿੰਗ ਮਾਮਲਿਆਂ ਨੂੰ ਜਲਦ ਟਰੇਸ ਕਰ ਕੇ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਅਤੇ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ ਅਤੇ ਚੋਣ ਸੀਜ਼ਨ ਦੇ ਨਜ਼ਦੀਕ ਆਉਂਦੇ ਹੀ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨੂੰ ਅਸਲਾਧਾਰਕਾਂ ਦੀ ਲਿਸਟ ਤਿਆਰ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਆਪਣਾ ਅਸਲਾ ਜਮ੍ਹਾ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅਸਲਾਧਾਰਕਾਂ ਦੀ ਵੀ ਜਾਂਚ ਕੀਤੀ ਜਾਵੇਗੀ। ਆਮ ਤੌਰ ’ਤੇ ਪੁਲਸ ਨੂੰ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕਈ ਅਸਲਾਧਾਰਕ ਸੋਸ਼ਲ ਮੀਡੀਆ ’ਤੇ ਆਪਣੀਆਂ ਅਸਲੇ ਦੇ ਨਾਲ ਤਸਵੀਰਾਂ ਅਪਲੋਡ ਕਰ ਕੇ ਲਾਇਸੈਂਸ ਦਾ ਮਿਸ ਯੂਜ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਕਤ ਅਸਲਾਧਾਰਕਾਂ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਕਮਿਸ਼ਨਰੇਟ ਪੁਲਸ ਦੀ ਕਾਰਗੁਜ਼ਾਰੀ ’ਤੇ ਵੱਡਾ ਬਦਲਾਅ ਨਜ਼ਰ ਆਵੇਗਾ।

ਇਹ ਵੀ ਪੜ੍ਹੋ:  ਹੈਲੀਕਾਪਟਰ ਕ੍ਰੈਸ਼ ਹਾਦਸੇ ਦੇ ਸ਼ਹੀਦਾਂ 'ਚ ਨਵਾਂਸ਼ਹਿਰ ਦੇ ਲਖਵਿੰਦਰ ਸਿੰਘ ਵੀ ਸ਼ਾਮਲ, ਪਿੰਡ ਵਾਸੀਆਂ ਨੇ ਕੀਤੀ ਇਹ ਮੰਗ

ਪੁਲਸ ਕਮਿਸ਼ਨਰ ਦਫ਼ਤਰ ’ਚ ਵੱਡਾ ਬਦਲਾਅ, ਅਧਿਕਾਰੀਆਂ ਦੇ ਇਲਾਵਾ ਪ੍ਰਾਈਵੇਟ ਗੱਡੀਆਂ ਦੀ ਐਂਟਰੀ ’ਤੇ ਲੱਗਾ ਬੈਨ
ਪੁਲਸ ਕਮਿਸ਼ਨਰ ਦਾ ਚਾਰਜ ਸੰਭਾਲਣ ਦੇ ਬਾਅਦ ਹੀ ਕੁਝ ਸਮੇਂ ਵਿਚ ਕਮਿਸ਼ਨਰ ਦਫ਼ਤਰ ਵਿਚ ਕਈ ਵੱਡੇ ਬਦਲਾਅ ਕਰਨ ਅਤੇ ਸਾਰੇ ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਕਮਿਸ਼ਨਰ ਦਫਤਰ ਦੀ ਬਜਾਏ ਫੀਲਡ ਵਿਚ ਕੰਮ ਕਰਨ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਲਈ ਉਨ੍ਹਾਂ ਨੂੰ ਆਪਣੀਆਂ-ਆਪਣੀਆਂ ਸਬ-ਡਵੀਜ਼ਨਾਂ ਵਿਚ ਬੈਠਣ ਅਤੇ ਪੁਲਸ ਲਾਈਨਜ਼ ਵਿਚ ਕਾਨਫਰੰਸ ਰੂਮ ਵਿਚ ਡੌਂਟ ਵੇਸਟ ਟਾਈਮ ਨੂੰ ਲੈ ਕੇ ਕਮਿਸ਼ਨਰ ਦਫਤਰ ਵਿਚ ਵੀ ਨਵਾਂ ਕਾਨਫਰੰਸ ਰੂਮ ਬਣਾਉਣ ਦੇ ਨਾਲ-ਨਾਲ ਹੁਣ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਇਕ ਹੋਰ ਵੱਡਾ ਬਦਲਾਅ ਕੀਤਾ ਹੈ, ਜਿਸ ਦੇ ਮੱਦੇਨਜ਼ਰ ਵੀਰਵਾਰ ਤੋਂ ਕਮਿਸ਼ਨਰ ਦਫ਼ਤਰ ਵਿਚ ਆਉਣ ਵਾਲੇ ਸਾਰੇ ਪ੍ਰਾਈਵੇਟ ਵਾਹਨਾਂ ਦੀ ਐਂਟਰੀ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜਿਸ ਦੇ ਨਾਲ ਹੀ ਵੀਰਵਾਰ ਪੁਲਸ ਮੁਲਾਜ਼ਮਾਂ ਨੇ ਕਮਿਸ਼ਨਰ ਦਫ਼ਤਰ ਵਿਚ ਚਾਰੇ ਪਾਸੇ ਰੱਸੀਆਂ ਲਗਾ ਕੇ ਪਾਰਕਿੰਗ ਸਥਾਨ ਨੂੰ ਸੀਲ ਕਰ ਦਿੱਤਾ।

ਜੇਕਰ ਕੋਈ ਵੀ ਪੁਲਸ ਕਮਿਸ਼ਨਰ ਦਫ਼ਤਰ ਵਿਚ ਨਿੱਜੀ ਕੰਮ ਲਈ ਆਉਂਦਾ ਹੈ ਤਾਂ ਉਸ ਨੂੰ ਆਪਣਾ ਵਾਹਨ ਬਾਹਰ ਜਾਂ ਫਿਰ ਦੂਜੇ ਗੇਟ ਰਾਹੀਂ ਪਾਰਕਿੰਗ ਸਥਾਨ ਵਿਚ ਖੜ੍ਹਾ ਕਰਨਾ ਪਵੇਗਾ। ਸੀ. ਪੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਡੌਂਟ ਵੇਸਟ ਟਾਈਮ ਸਬੰਧੀ ਕਮਿਸ਼ਨਰ ਦਫਤਰ ਵਿਚ ਹੀ ਆਧੁਨਿਕ ਸਹੂਲਤਾਂ ਨਾਲ ਲੈਸ ਪ੍ਰੈੱਸ ਕਾਨਫਰੰਸ ਰੂਮ ਲਗਭਗ ਤਿਆਰ ਹੋ ਚੁੱਕਾ ਹੈ, ਜਿਸ ਕਾਰਨ ਪੁਲਸ ਅਧਿਕਾਰੀਆਂ ਨੂੰ ਆਪਣਾ ਕੰਮਕਾਜ ਛੱਡ ਕੇ ਹੁਣ ਪੁਲਸ ਲਾਈਨ ਵਿਚ ਨਹੀਂ ਜਾਣਾ ਪਵੇਗਾ। ਉਨ੍ਹਾਂ ਦੱਸਿਆ ਕਿ ਪੁਲਸ ਕਮਿਸ਼ਨਰ ਦਫਤਰ ਵਿਚ ਹੋਣ ਵਾਲੀ ਪ੍ਰੈੱਸ ਕਾਨਫਰੰਸ ਕਾਰਨ ਅਧਿਕਾਰੀਆਂ ਦੀਆਂ ਗੱਡੀਆਂ ਨੂੰ ਖੜ੍ਹਾ ਕਰਨ ਲਈ ਉਸ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। ਇਕ ਪਾਸੇ ਡੀ. ਸੀ. ਪੀ., ਏ. ਡੀ. ਸੀ. ਪੀ. ਅਤੇ ਦੂਜੇ ਪਾਸੇ ਏ. ਸੀ. ਪੀ. ਅਤੇ ਥਾਣਾ ਮੁਖੀਆਂ ਦੀਆਂ ਗੱਡੀਆਂ ਨੂੰ ਖੜ੍ਹਾ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਵਾਹਨ ਖੜ੍ਹੇ ਹੋਣ ਕਾਰਨ ਅਧਿਕਾਰੀਆਂ ਦੀਆਂ ਗੱਡੀਆਂ ਨੂੰ ਖੜ੍ਹਾ ਕਰਨ ਵਿਚ ਮੁਸ਼ਕਲ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਕਮਿਸ਼ਨਰ ਆਫਿਸ ਵਿਚ ਕਾਨਫਰੰਸ ਰੂਮ ਤਿਆਰ ਹੁੰਦੇ ਹੀ ਸਾਰੇ ਅਧਿਕਾਰੀ ਉਕਤ ਥਾਂ ’ਤੇ ਹੀ ਆਪਣੇ ਵਾਹਨ ਖੜ੍ਹੇ ਕਰਨਗੇ। ਇਸ ਕਾਰਨ ਕਮਿਸ਼ਨਰੇਟ ਪੁਲਸ ਨੇ ਪਹਿਲਾਂ ਹੀ ਪਾਰਕਿੰਗ ਦੇ ਪੂਰੇ ਪ੍ਰਬੰਧ ਕਰ ਲਏ ਹਨ। ਪੁਲਸ ਕਮਿਸ਼ਨਰ ਦੀ ਰੋਜ਼ਾਨਾ ਨਵੀਂ-ਨਵੀਂ ਕਾਰਗੁਜ਼ਾਰੀ ਨੂੰ ਦੇਖ ਕੇ ਹਰ ਕਿਸੇ ਦੀ ਜ਼ੁਬਾਨ ਤੋਂ ਆਮ ਤੌਰ ’ਤੇ ਅਜਿਹਾ ਹੀ ਸੁਣ ਰਿਹਾ ਹੈ ਕਿ ਕਮਿਸ਼ਨਰ ਹੋਵੇ ਤਾਂ ਅਜਿਹਾ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਪੰਜਾਬ ਸਰਕਾਰ 'ਤੇ ਵੱਡਾ ਹਮਲਾ, ਕਿਹਾ-ਸਭ ਤੋਂ ਵੱਡੇ ਮਾਈਨਿੰਗ ਮਾਫ਼ੀਆ ਨੇ ਮੁੱਖ ਮੰਤਰੀ ਚੰਨੀ

ਪੀ. ਸੀ. ਆਰ. ਦਸਤੇ ਨੂੰ ਕੀਤਾ ਐਕਟਿਵ, ਸ਼ਹਿਰ ਵਿਚ ਰੋਜ਼ਾਨਾ ਨਿਕਲੇਗਾ ਫਲੈਗ ਮਾਰਚ
ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਅਤੇ ਚੋਰ-ਲੁਟੇਰਿਆਂ ਅਤੇ ਅਪਰਾਧੀਆਂ ’ਤੇ ਨਕੇਲ ਕੱਸਣ ਲਈ ਉਨ੍ਹਾਂ ਨੇ ਸ਼ਹਿਰ ਦੇ ਪੀ. ਸੀ. ਆਰ. ਦਸਤੇ ਨੂੰ ਸਭ ਤੋਂ ਪਹਿਲਾਂ ਐਕਟਿਵ ਕੀਤਾ। ਉਨ੍ਹਾਂ ਦੱਸਿਆ ਕਿ ਚਾਰਜ ਸੰਭਾਲਣ ਦੇ ਬਾਅਦ ਹੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਪੀ. ਸੀ. ਆਰ. ਟੀਮਾਂ ਦੇ ਸਾਰੇ ਮੁਲਾਜ਼ਮਾਂ ਨੂੰ ਵਾਹਨਾਂ ਸਮੇਤ ਆਪਣੇ ਦਫਤਰ ਵਿਚ ਬੁਲਾਇਆ, ਜਿਸ ਦੇ ਨਾਲ ਹੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਪੀ. ਸੀ. ਆਰ. ਮੁਲਾਜ਼ਮਾਂ ਦੇ ਵਾਹਨਾਂ ਦੀ ਖੁਦ ਜਾਂਚ ਕੀਤੀ। ਉਨ੍ਹਾਂ ਨੇ ਪੀ. ਸੀ. ਆਰ. ਮੁਲਾਜ਼ਮਾਂ ਦੇ ਕਈ ਵਾਹਨਾਂ ਨੂੰ ਰਿਪੇਅਰ ਕਰਵਾਇਆ ਅਤੇ ਉਨ੍ਹਾਂ ਨੂੰ ਸ਼ਹਿਰ ਵਿਚ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਹੂਟਰ ਮਾਰ ਕੇ ਪੈਟਰੋਲਿੰਗ ਕਰਨ ਦੇ ਨਿਰਦੇਸ਼ ਜਾਰੀ ਕੀਤੇ।

ਉਨ੍ਹਾਂ ਦੱਸਿਆ ਕਿ ਪੀ. ਸੀ. ਆਰ. ਦਸਤੇ ਨੂੰ ਐਕਟਿਵ ਰੱਖਣ ਲਈ ਰੋਜ਼ਾਨਾ ਸਬ-ਡਿਵੀਜ਼ਨ ਵਾਈਜ਼ ਵੱਖ-ਵੱਖ ਇਲਾਕਿਆਂ ਵਿਚ ਫਲੈਗ ਮਾਰਚ ਕੱਢੇ ਜਾ ਰਹੇ ਹਨ ਅਤੇ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੀ. ਸੀ. ਆਰ. ਦਸਤੇ ਨੂੰ ਆਪਣੇ ਵਾਕੀ-ਟਾਕੀ ਸੈੱਟ ਬਿਲਕੁਲ ਠੀਕ ਰੱਖਣ ਅਤੇ ਕੰਟਰੋਲ ਰੂਮ ਤੋਂ ਮੈਸੇਜ ਆਉਣ ’ਤੇ ਉਨ੍ਹਾਂ ਨੂੰ ਤੁਰੰਤ ਘਟਨਾ ਸਥਾਨ ’ਤੇ ਪਹੁੰਚਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਸੀ. ਪੀ. ਨੇ ਦੱਸਿਆ ਕਿ ਬਾਜ਼ਾਰਾਂ ਵਿਚ ਖਰੀਦਦਾਰੀ ਕਰਨ ਵਾਲੀਆਂ ਔਰਤਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਵੂਮੈਨ ਹੈਲਪਲਾਈਨ ਦੀਆਂ ਮੁਲਾਜ਼ਮਾਂ ਨੂੰ ਵੀ ਸ਼ਹਿਰ ਦੇ ਬਾਜ਼ਾਰਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਵਿਚ ਪੈਟਰੋਲਿੰਗ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਅੰਦਰੂਨੀ ਬਾਜ਼ਾਰਾਂ ਵਿਚ ਵੀ ਪੁਲਸ ਦੁਆਰਾ ਫੁੱਟ ਪੈਟਰੋਲਿੰਗ ਅਤੇ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਵੱਖ-ਵੱਖ ਸਥਾਨਾਂ ’ਤੇ ਪੀ. ਸੀ. ਆਰ. ਦੀ ਕਾਰਗੁਜ਼ਾਰੀ ਵੇਖ ਕੇ ਅਪਰਾਧੀਆਂ ਵਿਚ ਖ਼ੌਫ਼ ਦਿਸੇਗਾ।

ਨਾਈਟ ਡੋਮੀਨੇਸ਼ਨ ਨੂੰ ਕੀਤਾ ਹੋਰ ਮਜ਼ਬੂਤ
ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਲਾਅ ਐਂਡ ਆਰਡਰ ਨੂੰ ਹੋਰ ਮਜ਼ਬੂਤ ਕਰਨ ਲਈ ਨਾਈਟ ਡੋਮੀਨੇਸ਼ਨ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨੂੰ ਰਾਤ ਨੂੰ ਫੀਲਡ ਵਿਚ ਨਿਕਲ ਕੇ ਏਰੀਆ ਵਾਈਜ਼ ਪੁਲਸ ਮੁਲਾਜ਼ਮਾਂ ਨਾਲ ਪੈਟਰੋਲਿੰਗ ਕਰਨ ਅਤੇ ਸ਼ਹਿਰ ਦੇ ਐਂਟਰੀ ਪੁਆਇੰਟਾਂ ਰਾਹੀਂ ਆਉਣ ਵਾਲੇ ਬਾਹਰੀ ਸੂਬਿਆਂ ਦੇ ਵਾਹਨਾਂ ਦੀ ਚੈਕਿੰਗ ਕਰਨ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਉਹ ਖੁਦ ਵੀ ਰਾਤ ਨੂੰ ਫੀਲਡ ਵਿਚ ਨਿਕਲ ਕੇ ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ। ਆਉਣ ਵਾਲੇ ਸਮੇਂ ਵਿਚ ਉਹ ਰਾਤ ਨੂੰ ਸਰਪ੍ਰਾਈਜ਼ ਚੈਕਿੰਗ ਲਈ ਫੀਲਡ ਵਿਚ ਨਿਕਲਣਗੇ। ਜੇਕਰ ਕੋਈ ਮੁਲਾਜ਼ਮ ਡਿਊਟੀ ਵਿਚ ਲਾਪ੍ਰਵਾਹੀ ਵਰਤਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਨੂਰਪੁਰਬੇਦੀ: ਸੜਕ ਹਾਦਸੇ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ

ਇਕ ਅਧਿਕਾਰੀ ਹੀ ਕਰੇਗਾ ਜ਼ਿਆਦਾ ਸ਼ਿਕਾਇਤਾਂ ਦੀ ਜਾਂਚ
ਸੀ. ਪੀ. ਨੌਨਿਹਾਲ ਸਿੰਘ ਨੇ ਦੱਸਿਆ ਕਿ ਆਮ ਤੌਰ ’ਤੇ ਪਹਿਲਾਂ ਕਈ ਲੋਕ ਇਕ ਧਿਰ ਦੇ ਖ਼ਿਲਾਫ਼ ਕਈ ਸਥਾਨਾਂ ’ਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਂਦੇ ਸਨ, ਜਿਸ ਕਾਰਨ ਸ਼ਿਕਾਇਤਕਰਤਾ ਧਿਰ ਅਤੇ ਦੂਜੀ ਧਿਰ ਦੇ ਲੋਕਾਂ ਨੂੰ ਮਾਮਲੇ ਦੀ ਜਾਂਚ ਲਈ ਵੱਖ-ਵੱਖ ਸਥਾਨਾਂ ’ਤੇ ਚੱਕਰ ਕੱਟਣੇ ਪੈਂਦੇ ਸਨ। ਦੋਵਾਂ ਧਿਰਾਂ ਦੇ ਨਾਲ-ਨਾਲ ਪੁਲਸ ਅਧਿਕਾਰੀਆਂ ਦਾ ਵੀ ਸਮਾਂ ਬਰਬਾਦ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਤੋਂ ਜੇਕਰ ਕੋਈ ਵੀ ਇਕ ਧਿਰ ਦੇ ਖ਼ਿਲਾਫ਼ ਇਕ ਤੋਂ ਜ਼ਿਆਦਾ ਸ਼ਿਕਾਇਤਾਂ ਕਰਦਾ ਹੈ ਤਾਂ ਉਕਤ ਸ਼ਿਕਾਇਤਾਂ ਦੀ ਜਾਂਚ ਸਿਰਫ ਇਕ ਹੀ ਅਧਿਕਾਰੀ ਕਰੇਗਾ। ਉਨ੍ਹਾਂ ਦੱਸਿਆ ਕਿ ਲਗਭਗ 4000 ਸ਼ਿਕਾਇਤਾਂ ਨੂੰ ਦੋਬਾਰਾ ਜਾਂਚ ਦੇ ਬਾਅਦ ਵੱਖ-ਵੱਖ ਅਧਿਕਾਰੀਆਂ ਨੂੰ ਸੌਂਪਿਆ ਗਿਆ ਹੈ।

ਨੌਨਿਹਾਲ ਸਿੰਘ ਦੀ ਨਵੀਂ ਟੀਮ ਦੇ ਹੱਥ ਹੋਵੇਗੀ ਸ਼ਹਿਰ ਦੀ ਸੁਰੱਖਿਆ ਦੀ ਕਮਾਨ
ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਚਾਰਜ ਸੰਭਾਲਣ ਤੋਂ ਬਾਅਦ ਹੀ ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਨੂੰ ਲੈ ਕੇ ਜਲੰਧਰ ਕਮਿਸ਼ਨਰੇਟ ਸਿਸਟਮ ਵਿਚ ਵੀ ਵੱਡਾ ਫੇਰਬਦਲ ਕੀਤਾ ਗਿਆ, ਜਿਸ ਵਿਚ ਜ਼ਿਆਦਾਤਰ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਦਾ ਤਬਾਦਲਾ ਕਰ ਕੇ ਉਨ੍ਹਾਂ ਦੀ ਥਾਂ ਨਵੇਂ ਅਧਿਕਾਰੀਆਂ ਨੂੰ ਜਲੰਧਰ ਕਮਿਸ਼ਨਰੇਟ ਸਿਸਟਮ ਵਿਚ ਤਾਇਨਾਤ ਕੀਤਾ ਗਿਆ ਹੈ। ਪੁਲਸ ਕਮਿਸ਼ਨਰ ਦੇ ਨਾਲ 2 ਜੁਆਇੰਟ ਸੀ. ਪੀ. ਦੀ ਵੀ ਨਿਯੁਕਤੀ ਕੀਤੀ ਗਈ ਹੈ। ਉਥੇ ਹੀ ਸਭ ਤੋਂ ਪਹਿਲਾਂ ਸਾਰੇ ਅਧਿਕਾਰੀ ਪੁਲਸ ਕਮਿਸ਼ਨਰ ਦਫਤਰ ਵਿਚ ਹੀ ਬੈਠਦੇ ਸਨ ਪਰ ਹੁਣ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਕਮਿਸ਼ਨਰ ਦਫ਼ਤਰ ਛੱਡ ਕੇ ਆਪਣੀਆਂ-ਆਪਣੀਆਂ ਸਬ-ਡਵੀਜ਼ਨਾਂ ਵਿਚ ਬੈਠਣ ਦੇ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਨੂੰ ਲੈ ਕੇ ਲੋਕ ਅਧਿਕਾਰੀਆਂ ਦੇ ਨਵੇਂ ਦਫ਼ਤਰ ਲੱਭਣ ਲਈ ਕਾਫ਼ੀ ਕਨਫਿਊਜ਼ ਹਨ। ਜੁਆਇੰਟ ਸੀ. ਪੀ. (ਲਾਅ ਐਂਡ ਆਰਡਰ) ਸੰਦੀਪਕ ਕੁਮਾਰ ਮਲਿਕ, ਜੁਆਇੰਟ ਸੀ. ਪੀ. (ਹੈੱਡਕੁਆਰਟਰ) ਦੀਪਕ ਪਾਰਿਕ, ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਰਨਜੀਤ ਸਿੰਘ ਤੇਜਾ, ਡੀ. ਸੀ. ਪੀ. ਹੈੱਡਕੁਆਰਟਰ ਗੁਰਮੀਤ ਸਿੰਘ, ਏ. ਡੀ. ਸੀ. ਪੀ. 1 ਸੁਹੇਲ ਮੀਰ, ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ, ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਬਾਜ ਸਿੰਘ ਦੇ ਦਫਤਰ ਕਮਿਸ਼ਨਰ ਦਫ਼ਤਰ ਵਿਚ ਹੀ ਹੋਣਗੇ, ਜਦਕਿ ਏ. ਡੀ. ਸੀ. ਪੀ. ਸਿਟੀ-2 ਹਰਪਾਲ ਸਿੰਘ ਦਾ ਦਫਤਰ (ਥਾਣਾ ਨੰਬਰ 5 ਵਿਚ), ਏ. ਡੀ. ਸੀ. ਪੀ. ਸੈਂਟਰਲ ਸੁਖਦੀਪ ਸਿੰਘ ਦਾ ਦਫਤਰ (ਥਾਣਾ ਨੰਬਰ 4 ਵਿਚ), ਏ. ਸੀ. ਪੀ. ਵੈਸਟ ਵਰਿਆਮ ਸਿੰਘ ਦਾ ਦਫਤਰ (ਥਾਣਾ ਬਸਤੀ ਬਾਵਾ ਖੇਲ), ਏ. ਸੀ. ਪੀ. ਮਾਡਲ ਟਾਊਨ ਦਾ ਦਫਤਰ (ਥਾਣਾ ਨੰਬਰ 7), ਏ. ਸੀ. ਪੀ. ਕ੍ਰਾਈਮ ਨਿਰਮਲ ਸਿੰਘ ਦਾ ਦਫ਼ਤਰ ਸੀ. ਆਈ. ਏ. ਸਟਾਫ਼ ਵਿਚ ਹੋਵੇਗਾ। ਉਥੇ ਹੀ ਨਵੀਂ ਟੀਮ ਨੂੰ ਆਪਣੀਆਂ-ਆਪਣੀਆਂ ਸਬ-ਡਿਵੀਜ਼ਨਾਂ ਵਿਚ ਸ਼ਿਫਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਸ਼ਹਿਰ ਵਿਚ ਅਮਨ-ਸ਼ਾਂਤੀ ਬਣਾਈ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ’ਤੇ ਮਜੀਠੀਆ ਦਾ ਵੱਡਾ ਹਮਲਾ, ‘ਚੰਨੀ ਸਿਰਫ਼ ਐਲਾਨਜੀਤ ਸਿੰਘ ਬਣ ਕੇ ਰਹਿ ਗਏ’

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri