ਸੂਬਾ ਪੱਧਰੀ ਬਾਸਕਟਬਾਲ ਚੈਂਪੀਅਨਸ਼ਿਪ ''ਤੇ ਪੁਲਸ ਡੀ. ਏ. ਵੀ. ਸਕੂਲ ਦਾ ਕਬਜ਼ਾ

10/10/2017 2:52:33 AM

ਟਾਂਡਾ ਉੜਮੁੜ (ਕੁਲਦੀਸ਼, ਮੋਮੀ)- ਮਿਆਣੀ ਦੇ ਆਦੇਸ਼ ਇੰਟਰਨੈਸ਼ਨਲ ਸਕੂਲ ਵਿਖੇ ਸੀ. ਬੀ. ਐੱਸ. ਸੀ. ਬਾਸਕਟਬਾਲ ਕਲੱਸਟਰ 16 ਚੈਂਪੀਅਨਸ਼ਿਪ 2017 ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। 4 ਦਿਨਾ ਇਨ੍ਹਾਂ ਸੂਬਾ ਪੱਧਰੀ ਖੇਡਾਂ 'ਚ ਪੰਜਾਬ ਭਰ ਤੋਂ ਇਲਾਵਾ ਜੰਮੂ ਤੇ ਕਸ਼ਮੀਰ ਦੀ ਟੀਮ ਸਮੇਤ ਲਗਭਗ 100 ਤੋਂ ਵੱਧ ਟੀਮਾਂ ਦੇ ਖਿਡਾਰੀਆਂ ਨੇ ਆਪਣੀ ਵਧੀਆ ਖੇਡ ਰਾਹੀਂ ਦਰਸ਼ਕਾਂ ਨੂੰ ਨਿਹਾਲ ਕੀਤਾ। 
ਸੰਸਥਾ ਦੇ ਚੇਅਰਮੈਨ ਚੌਧਰੀ ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ, ਇਨ੍ਹਾਂ ਖੇਡਾਂ ਦੇ ਆਬਜ਼ਰਵਰ ਪਵਨ ਕੁਮਾਰ ਤੇ ਪ੍ਰਿੰ. ਰਾਜੇਸ਼ਵਰ ਪ੍ਰਸਾਦ ਦੀ ਦੇਖ-ਰੇਖ ਹੇਠ ਹੋਈਆਂ ਖੇਡਾਂ ਦੇ ਫਾਈਨਲ ਮੈਚ ਅੰਡਰ-19 (ਲੜਕੇ) 'ਚ ਪੁਲਸ ਡੀ. ਏ. ਵੀ. ਪਬਲਿਕ ਸਕੂਲ ਜਲੰਧਰ ਤੇ ਸਪ੍ਰਿੰਗ ਡੇਲ ਪਬਲਿਕ ਸਕੂਲ ਅੰਮ੍ਰਿਤਸਰ ਨੇ ਉੱਚ ਪੱਧਰੀ ਬਾਸਕਟਬਾਲ ਦਾ ਪ੍ਰਦਰਸ਼ਨ ਕੀਤਾ। ਰੋਮਾਂਚਕ ਮੈਚ 'ਚ ਪੁਲਸ ਡੀ. ਏ. ਵੀ. ਜਲੰਧਰ ਨੇ ਅੰਮ੍ਰਿਤਸਰ ਦੇ ਸਪ੍ਰਿੰਗ ਡੇਲ ਸਕੂਲ ਨੂੰ 66-51 ਨਾਲ ਹਰਾ ਕੇ ਚੈਂਪੀਅਨਸ਼ਿਪ 'ਤੇ ਕਬਜ਼ਾ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਸੀ. ਬੀ. ਐੱਸ. ਈ. ਕਲੱਸਟਰ ਦੇ ਫਾਈਨਲ 'ਚ ਪੁਲਸ ਡੀ. ਏ. ਵੀ. ਨੇ ਜਿੱਤ ਪ੍ਰਾਪਤ ਕੀਤੀ ਸੀ। ਕੋਚ ਭੁਪਿੰਦਰ ਸਿੰਘ ਤੇ ਕਪਤਾਨ ਹਰਮਨਜੀਤ ਸਿੰਘ ਦੀ ਅਗਵਾਈ 'ਚ ਟੀਮ ਹਰ ਖੇਤਰ 'ਚ ਵਿਰੋਧੀ ਟੀਮ 'ਤੇ ਭਾਰੂ ਰਹੀ। ਇਸੇ ਤਰ੍ਹਾਂ ਲੜਕੀਆਂ ਅੰਡਰ-19 ਦੇ ਫਾਈਨਲ 'ਚ ਦੋਰਾਹਾ ਐੱਸ. ਜੀ. ਐੱਨ. ਸਕੂਲ ਨੇ ਜਲੰਧਰ ਦੀ ਟੀਮ ਨੂੰ ਹਰਾ ਕੇ ਚੈਂਪੀਅਨਸ਼ਿਪ ਜਿੱਤੀ। ਇਸੇ ਤਰ੍ਹਾਂ ਬਾਸਕਟਬਾਲ ਅੰਡਰ-17 (ਲੜਕੇ) 'ਚ ਪੁਲਸ ਡੀ. ਏ. ਵੀ. ਪਬਲਿਕ ਸਕੂਲ ਜਲੰਧਰ ਨੇ ਕੈਂਬਰਿਜ ਸਕੂਲ ਜਲੰਧਰ ਦੀ ਟੀਮ ਨੂੰ ਹਰਾਇਆ। ਜਦਕਿ ਲੜਕੀਆਂ ਦੇ ਅੰਡਰ-17 ਦੇ ਫਾਈਨਲ ਮੈਚ 'ਚ ਏ. ਪੀ. ਜੇ. ਸਕੂਲ ਜਲੰਧਰ ਦੀ ਟੀਮ ਜਲੰਧਰ ਦੇ ਏ. ਵੀ. ਵਾਈ. ਵਰਲਡ ਸਕੂਲ ਨੂੰ ਹਰਾ ਕੇ ਚੈਂਪੀਅਨ ਬਣੀ। ਮੁੱਖ ਮਹਿਮਾਨ ਕੇ. ਕੇ. ਸ਼ਰਮਾ ਚੇਅਰਮੈਨ ਸਿਟੀਜ਼ਨ ਅਰਬਨ ਕੋਆਪ੍ਰੇਟਿਵ ਸੁਸਾਇਟੀ ਬੈਂਕ ਜਲੰਧਰ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। 
ਚੈਂਪੀਅਨਸ਼ਿਪ ਦੌਰਾਨ ਅੰਡਰ-17 (ਲੜਕੇ) 'ਚ ਕੈਂਬਰਿਜ ਸਕੂਲ ਦਾ ਤਾਰਸ਼ ਤੇ ਅੰਡਰ-19 'ਚ ਪੁਲਸ ਡੀ. ਏ. ਵੀ. ਪਬਲਿਕ ਸਕੂਲ ਜਲੰਧਰ ਦੇ ਮਨਜੋਤ ਸਿੰਘ ਨੂੰ ਬੈਸਟ ਖਿਡਾਰੀ ਐਲਾਨਿਆ ਗਿਆ। ਇਸੇ ਤਰ੍ਹਾਂ ਲੜਕੀਆਂ ਦੇ ਅੰਡਰ-17 ਵਰਗ 'ਚ ਏ. ਪੀ. ਜੇ. ਸਕੂਲ ਜਲੰਧਰ ਦੀ ਸਾਨੀਆ ਤੇ ਅੰਡਰ-19 'ਚ ਦੋਰਾਹਾ ਸਕੂਲ ਦੀ ਰਿਕਿਸ਼ਾ ਸੈਣੀ ਬੈਸਟ ਖਿਡਾਰਨ ਐਲਾਨੀਆਂ ਗਈਆਂ।