ਪੁਲਸ ਮੁਲਾਜ਼ਮ ਨੇ ਬੱਸ ''ਚ ਕੁੜੀਆਂ ਨਾਲ ਕੀਤੀ ਘਟੀਆ ਹਰਕਤ, ਮੁੰਡੇ ਨੇ ਸੜਕ ''ਤੇ ਧੂਹ-ਧੂਹ ਕੇ ਕੁੱਟਿਆ (ਵੀਡੀਓ)

07/22/2017 1:09:49 PM

ਪਟਿਆਲਾ— ਸੰਗਰੂਰ ਤੋਂ ਪਾਤੜਾ ਆ ਰਹੀ ਪੀ. ਆਰ. ਟੀ. ਸੀ. ਦੀ ਬੱਸ ਵਿਚ ਸਵਾਰ ਇਕ ਪੁਲਸ ਮੁਲਾਜ਼ਮ ਨੇ ਅੰਮ੍ਰਿਤਧਾਰੀ ਕੁੜੀਆਂ ਨਾਲ ਬੇਹੱਦ ਘਟੀਆ ਹਰਕਤ ਕੀਤੀ ਅਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਦੇ ਹੋਏ ਬੇਹੱਦ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਉੱਥੇ ਮੌਜੂਦ ਇਕ ਨੌਜਵਾਨ ਨੇ ਉਸ ਨੂੰ ਸੜਕ 'ਤੇ ਧੂਹ-ਧੂਹ ਕੇ ਕੁੱਟਿਆ। ਪੁਲਸ ਵਾਲੇ ਦੀ ਕੁੱਟਮਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਘਟਨਾ ਕੱਲ੍ਹ ਸ਼ਾਮ ਚਾਰ ਵਜੇ ਦੀ ਹੈ। ਵਾਇਰਲ ਵੀਡੀਓ ਵਿਚ ਇਕ ਨੌਜਵਾਨ ਨਸ਼ੇ ਵਿਚ ਟੱਲੀ ਇਸ ਪੁਲਸ ਮੁਲਾਜ਼ਮ ਨੂੰ ਕੁੱਟ ਰਿਹਾ ਹੈ ਅਤੇ ਉਸ ਦੀਆਂ ਹਰਕਤਾਂ ਬਾਰੇ ਦੱਸ ਰਿਹਾ ਹੈ। 

 

ਦੱਸਿਆ ਜਾ ਰਿਹਾ ਹੈ ਕੁੱਟ ਖਾਣ ਵਾਲਾ ਇਹ ਪੁਲਸ ਮੁਲਾਜ਼ਮ ਜੀ. ਆਰ. ਪੀ. ਦਾ ਏ. ਐੱਸ. ਆਈ. ਦੀਦਾਰ ਸਿੰਘ ਹੈ ਅਤੇ ਸੰਗਰੂਰ ਵਿਚ ਤਾਇਨਾਤ ਹੈ। ਇਸ ਬਾਰੇ ਜਦੋਂ ਪਾਤੜਾ ਦੇ ਐੱਸ. ਐੱਚ. ਓ. ਅਮਨਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਉਨ੍ਹਾਂ ਨੂੰ ਇਸ ਸੰਬੰਧੀ ਕੋਈ ਸੂਚਨਾ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੀੜਤ ਕੁੜੀਆਂ ਜਾਂ ਕਿਸੇ ਹੋਰ ਵੱਲੋਂ ਇਸ ਘਟਨਾ ਦੀ ਕੋਈ ਸ਼ਿਕਾਇਤ ਨਹੀਂ ਆਈ ਹੈ। 
ਇੱਥੇ ਦੱਸ ਦੇਈਏ ਕਿ ਇਸ ਵੀਡੀਓ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਦੋਸ਼ੀ ਪੁਲਸ ਮੁਲਾਜ਼ਮ ਖਿਲਾਫ ਛੇਤੀ ਤੋਂ ਛੇਤੀ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।