ਚਿੱਟਾ ਪੀਣ ਦੀ ਵੀਡੀਓ ਫੇਸਬੁੱਕ ’ਤੇ ਅਪਲੋਡ ਕਰਨ ਵਾਲਾ ਪੁਲਸ ਨੇ ਕੀਤਾ ਕਾਬੂ

03/27/2022 10:25:36 AM

ਲੁਧਿਆਣਾ (ਰਾਜ) : ਚਿੱਟਾ ਪੀਣ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੀ ਖਬਰ ਨੂੰ ‘ਜਗ ਬਾਣੀ’ ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ, ਜਿਸ ਤੋਂ ਬਾਅਦ ਹਰਕਤ ਵਿਚ ਆਈ ਪੁਲਸ ਨੇ ਮੁਲਜ਼ਮ ਬਬਲੂ ਚੌਹਾਨ ਨੂੰ ਕਾਬੂ ਕਰ ਲਿਆ। ਥਾਣਾ ਡਾਬਾ ਦੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਨਸ਼ਾ ਕਰਨ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮ ਦੇ ਕਬਜ਼ੇ ਵਿਚੋਂ ਇਕ ਸਿਲਵਰ ਰੈਪਰ, 10 ਰੁਪਏ ਦਾ ਨੋਟ ਅਤੇ ਹੋਰ ਸਾਮਾਨ ਮਿਲਿਆ ਹੈ। ਐੱਸ. ਐੱਚ. ਓ. ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬਬਲੂ ਚੌਹਾਨ ਜੋ ਕਿ ਹੈਰੋਇਨ ਦਾ ਨਸ਼ਾ ਕਰਨ ਦਾ ਆਦੀ ਹੈ। ਮੁਲਜ਼ਮ ਕਿਸੇ ਵਿਅਕਤੀ ਤੋਂ ਲੈ ਕੇ ਆਇਆ ਹੈ ਅਤੇ ਇਕ ਖਾਲੀ ਪਲਾਟ ਵਿਚ ਬੈਠ ਕੇ ਨਸ਼ਾ ਕਰ ਰਿਹਾ ਹੈ। ਪੁਲਸ ਟੀਮ ਨੇ ਤੁਰੰਤ ਉਕਤ ਜਗ੍ਹਾ ’ਤੇ ਛਾਪੇਮਾਰੀ ਕੀਤੀ ਅਤੇ ਉਸ ਨੂੰ ਫੜ ਲਿਆ ਪਰ ਉਸ ਕੋਲ ਕੋਈ ਨਸ਼ਾ ਨਹੀਂ ਮਿਲਿਆ। ਪੁਲਸ ਦੇ ਪੁੱਜਣ ਤੋਂ ਪਹਿਲਾਂ ਹੀ ਉਸ ਨੇ ਨਸ਼ਾ ਕਰ ਲਿਆ ਸੀ। ਤਲਾਸ਼ੀ ਦੌਰਾਨ ਉਸ ਤੋਂ ਇਕ ਸਿਲਵਰ ਪੰਨੀ, 10 ਰੁਪਏ ਦਾ ਨੋਟ, ਲਾਈਟਰ ਬਰਾਮਦ ਹੋਇਆ। ਮੁਲਜ਼ਮ ਨੂੰ ਫੜ ਕੇ ਕੇਸ ਦਰਜ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : CM ਬਣਨ ਤੋਂ ਬਾਅਦ ਪਹਿਲੀ ਵਾਰ ਮਾਨਸਾ ਪਹੁੰਚੇ ਭਗਵੰਤ ਮਾਨ, ਕਿਹਾ ਕਿਸਾਨਾਂ ਦੇ ਦੁੱਖ ਵੰਡਾਉਣ ਆਇਆ ਹਾਂ

ਇਥੇ ਦੱਸ ਦੇਈਏ ਕਿ 24 ਮਾਰਚ ਨੂੰ ‘ਜਗ ਬਾਣੀ’ ਦੀ ਟੀਮ ਨੂੰ ਇਕ ਵੀਡੀਓ ਮਿਲੀ ਸੀ, ਜਿਸ ਵਿਚ ਇਕ ਨੌਜਵਾਨ ਹੈਰੋਇਨ ਦਾ ਨਸ਼ਾ ਕਰ ਰਿਹਾ ਸੀ ਅਤੇ ਉਸ ਦੀ ਵੀਡੀਓ ਬਣਾ ਰਿਹਾ ਸੀ। ਫਿਰ ਉਸ ਨੇ ਉਕਤ ਵੀਡੀਓ ਆਪਣੇ ਸੋਸ਼ਲ ਮੀਡੀਆ ਦੇ ਫੇਸਬੁੱਕ ਸਟੇਟਸ ’ਤੇ ਲਾ ਦਿੱਤੀ ਸੀ, ਜਿਸ ਤੋਂ ਬਾਅਦ ‘ਜਗ ਬਾਣੀ’ ਨੇ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਛਾਪ ਕੇ ਖੁਲਾਸਾ ਕੀਤਾ ਸੀ ਕਿ ਅੱਜ ਦੇ ਨੌਜਵਾਨ ਨਸ਼ਾ ਕਰ ਕੇ ਸੋਸ਼ਲ ਮੀਡੀਆ ਪੇਜ ’ਤੇ ਪਾ ਰਹੇ ਹਨ। ਖਬਰ ਛਪਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਅੱਜ ਉਸ ਨੂੰ ਫੜ ਲਿਆ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਪਹਿਲੇ ਦਿਨ ਰਿਪੋਰਟ ਹੋਏ ਪੁਰਾਣੇ ਮਾਮਲੇ, ਕਈ ਅਧਿਕਾਰੀ ਫਸੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Gurminder Singh

This news is Content Editor Gurminder Singh