ਫੇਜ਼-11 ਪੁਲਸ ਨੇ ਅਦਾਲਤੀ ਭਗੌਡ਼ਾ ਯਮੁਨਾਨਗਰ ਤੋਂ ਕੀਤਾ ਗ੍ਰਿਫਤਾਰ

07/17/2018 6:00:01 AM

ਮੋਹਾਲੀ, (ਕੁਲਦੀਪ)- ਪੁਲਸ ਸਟੇਸ਼ਨ ਫੇਜ਼-11 ਦੀ ਪੁਲਸ ਨੇ ਕਰੀਬ ਤਿੰਨ ਸਾਲ ਪਹਿਲਾਂ ਅਦਾਲਤ ਵਲੋਂ ਭਗੌਡ਼ਾ ਕਰਾਰ ਦਿੱਤੇ ਜਾ ਚੁੱਕੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ । ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦਾ ਨਾਮ ਇੰਦਰਜੀਤ ਸਿੰਘ ਉਰਫ ਦਿੱਲੀ ਦੱਸਿਆ ਜਾਂਦਾ ਹੈ। ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਅਦਾਲਤ ਨੇ ਉਸ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਹੈ।
 ਪੁਲਸ ਸਟੇਸ਼ਨ ਫੇਜ਼-11 ਦੇ ਅਡੀਸ਼ਨਲ ਐੱਸ. ਐੱਚ. ਓ. ਨਰਿੰਦਰ ਸੂਦ ਨੇ ਦੱਸਿਆ ਕਿ ਇੰਦਰਜੀਤ ਸਿੰਘ ਉਰਫ ਦਿੱਲੀ ਖਿਲਾਫ ਸਾਲ 2010 ਵਿਚ ਫੇਜ਼-11 ਨਿਵਾਸੀ ਰਾਜਿੰਦਰ ਕੁਮਾਰ ਉਰਫ ਰਾਜੂ ਦੀ ਸ਼ਿਕਾਇਤ ’ਤੇ ਆਈ. ਪੀ. ਸੀ. ਦੀਆਂ ਧਾਰਾਵਾਂ 324, 326,  506, 148, 149 ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਕੇਸ ਵਿਚ ਮੁਲਜ਼ਮ ਨੇ ਅਦਾਲਤ ਤੋਂ ਜ਼ਮਾਨਤ ਲੈ ਲਈ ਸੀ  ਪਰ ਜ਼ਮਾਨਤ ਦੇ ਬਾਅਦ ਅਦਾਲਤ ਵਿਚ ਪੇਸ਼ ਨਹੀਂ ਹੋ ਰਿਹਾ ਸੀ।  ਅਦਾਲਤ ਨੇ ਉਸ ਨੂੰ ਸਾਲ 2015 ਵਿਚ ਭਗੌਡ਼ਾ ਘੋਸ਼ਿਤ ਕਰ ਦਿੱਤਾ ਸੀ। 
ਸੂਦ ਨੇ ਦੱਸਿਆ ਕਿ ਭਗੌਡ਼ਾ ਵਿਅਕਤੀ ਇੰਦਰਜੀਤ ਸਿੰਘ ਹਰਿਆਣੇ ਦੇ ਯਮੁਨਾਨਗਰ ਸ਼ਹਿਰ ਵਿਚ ਭੇਸ ਬਦਲ ਕੇ ਆਪਣੀ ਰਿਸ਼ਤੇਦਾਰੀ ਵਿਚ ਰਹਿ ਰਿਹਾ ਸੀ। ਪੁਲਸ ਨੇ ਉਸ ਨੂੰ ਯਮੁਨਾਨਗਰ ਤੋਂ ਗ੍ਰਿਫਤਾਰ ਕਰ ਲਿਆ ਹੈ। ਉਸ ਦੇ ਖਿਲਾਫ ਲਡ਼ਾਈ-ਝਗਡ਼ੇ ਦੇ ਪੁਲਸ ਸਟੇਸ਼ਨ ਖਰਡ਼ ਅਤੇ ਫੇਜ਼-1 ਮੋਹਾਲੀ ਵਿਚ ਹੋਰ ਵੀ ਕੇਸ ਦਰਜ ਹਨ।